ਕਦੋਂ ਰੁਕੇਗੀ ਅਸ਼ਲੀਲਤਾ ਦੀ ਹਨੇਰੀ

ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਹੀ ਇਸ ਸਮੇਂ ਅਸ਼ਲੀਲਤਾ ਫੈਲੀ ਹੋਈ ਹੈ| ਸਭ ਤੋਂ ਜਿਆਦਾ ਅਸ਼ਲੀਲਤਾ ਤਾਂ ਪੰਜਾਬੀ ਗਾਣਿਆਂ ਵਿੱਚ ਵੇਖਣ ਨੂੰ ਮਿਲਦੀ ਹੈ| ਇਹਨਾਂ ਪੰਜਾਬੀ ਗਾਣਿਆਂ ਦਾ ਫਿਲਮਾਂਕਨ ਇੰਨਾ ਜਿਆਦਾ ਅਸ਼ਲੀਲ ਕੀਤਾ ਹੁੰਦਾ ਹੈ ਕਿ ਇਹ ਪੰਜਾਬੀ ਗਾਣੇ ਪਰਿਵਾਰ ਵਿੱਚ ਬੈਠ ਕੇ ਦੇਖੇ ਸੁਣੇ ਵੀ ਨਹੀਂ ਜਾ ਸਕਦੇ| ਇਸ ਤੋਂ ਇਲਾਵਾ ਇੰਟਰਨੈਟ ਅਤੇ ਸੋਸ਼ਲ ਸਾਈਟਾਂ ਨਾਲ ਵੀ ਬਹੁਤ ਅਸ਼ਲੀਲਤਾ ਫੈਲਾਈ ਜਾ ਰਹੀ ਹੈ|
ਕਿਤਾਬਾਂ ਦੀ ਦੁਕਾਨ ਉਪਰ ਵੀ ਅਸ਼ਲੀਲ ਕਿਤਾਬਾਂ ਵੇਚੀਆਂ ਜਾ ਰਹੀਆਂ ਹਨ, ਬੱਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ਉਪਰ ਸਥਿਤ ਕਿਤਾਬਾਂ ਦੀਆਂ ਦੁਕਾਨਾਂ ਉਪਰ ਵੀ ਅਜਿਹੀਆਂ ਕਿਤਾਬਾਂ ਵਿਕਦੀਆਂ ਦੱਸੀਆਂ ਜਾਂਦੀਆਂ ਹਨ| ਕਹਿਣ ਦਾ ਭਾਵ ਇਹ ਹੈ ਕਿ ਸਾਡੇ ਸਮਾਜ ਵਿੱਚ ਹਰ ਪਾਸੇ ਹੀ ਅਸ਼ਲੀਲਤਾ ਫੈਲ ਰਹੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ|
ਇਸ ਤਰਾਂ ਅਸ਼ਲੀਲਤਾ ਬਹੁਤ ਵੱਡੀ ਬੁਰਾਈ ਬਣ ਗਈ ਹੈ | ਇਸ ਬੁਰਾਈ ਦਾ ਸ਼ਿਕਾਰ ਨੌਜਵਾਨਾਂ ਦੇ ਨਾਲ- ਨਾਲ ਬੱਚੇ ਵੀ ਹੋ ਰਹੇ ਹਨ| ਅਕਸਰ ਹੀ ਬੱਚਿਆਂ ਨੂੰ ਕੰਪਿਊਟਰ ਅਤੇ ਮੋਬਾਇਲਾਂ ਉਪਰ ਅਸ਼ਲੀਲ ਫਿਲਮਾਂ ਵੇਖਦਿਆਂ ਦੇਖਿਆ ਜਾਂਦਾ ਹੈ| ਇਸ ਤੋਂ ਇਲਾਵਾ ਹਰ ਗਲੀ ਵਿੱਚ ਹੀ ਖੋਲੇ ਹੋਏ ਸਾਈਬਰ ਕੈਫਿਆਂ ਵਿੱਚ ਵੀ ਨੌਜਵਾਨ ਅਸ਼ਲੀਲ ਫਿਲਮਾਂ ਅਤੇ ਫੋਟੋਆਂ ਵੇਖਣ ਲਈ ਹੀ ਜਿਆਦਾ ਜਾਂਦੇ ਹਨ|
ਜਦੋਂ ਤੋਂ ਟੈਲੀਵਿਜਨ ਉਪਰ ਕੇਬਲ ਸਿਸਟਮ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਅਨੇਕਾਂ ਹੀ ਚੈਨਲ ਚੱਲ ਪਏ ਹਨ, ਜਿਹਨਾਂ ਵਿਚੋਂ ਕਈ ਚੈਨਲ ਤਾਂ ਸਿਰਫ ਬਾਲਗਾਂ ਲਈ ਹੀ ਹਨ| ਇਸ ਤੋਂ ਇਲਾਵਾ ਆਮ ਚੈਨਲਾਂ ਉਪਰ ਵੀ ਦੇਰ ਰਾਤ ਇੰਗਲਿਸ਼ ਫਿਲਮਾਂ ਦਿਖਾਈਆਂ ਜਾਂਦੀਆਂ ਹਨ, ਜਿਹਨਾਂ ਵਿੱਚ ਅਸ਼ਲੀਲ ਸੀਨ ਹੁੰਦੇ ਹਨ| ਇਸ ਤੋਂ ਇਲਾਵਾ ਕਈ ਹਿੰਦੀ ਫਿਲਮਾਂ ਅਤੇ ਨਾਟਕਾਂ ਵਿੱਚ ਵੀ ਅਸ਼ਲੀਲ ਦ੍ਰਿਸ਼ ਹੁੰਦੇ ਹਨ| ਇਸ ਤਰਾਂ ਅਜਿਹੇ ਕੰਮਾਂ ਨਾਲ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾਇਆ ਜਾ ਰਿਹਾ ਹੈ|
ਇਕ ਕਹਾਵਤ ਹੈ ਕਿ ਜੇ ਕਿਸ ਦੇਸ਼ ਅਤੇ ਸਮਾਜ ਨੂੰ ਕਮਜੋਰ ਕਰਨਾ ਹੋਵੇ ਤਾਂ ਉਸ ਦੀ ਨੌਜਵਾਨ ਪੀੜ੍ਹੀ ਨੂੰ ਅਸ਼ਲੀਲਤਾ ਵੱਲ ਲਾ ਦਿਓ| ਵਾਸਨਾ ਵਿੱਚ ਡੁੱਬੇ ਇਹ ਨੌਜਵਾਨ ਹੋਰ ਕਿਸੇ ਵੀ ਚੀਜ ਵੱਲ ਸੋਚਣਗੇ ਵੀ ਨਹੀਂ| ਸਰਕਾਰਾਂ ਵੀ ਆਪਣੀ ਨਲਾਇਕੀ ਲੁਕਾਉਣ ਲਈ ਅਸ਼ਲੀਲਤਾ ਫੈਲਾਉਣ ਵਾਲੇ ਲੋਕਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰਦੀਆਂ, ਤਾਂ ਕਿ ਲੋਕਾਂ ਦਾ ਧਿਆਨ ਗੰਦੇ ਮੰਦੇ ਕੰਮਾਂ ਵਲ ਹੀ ਰਹੇ ਅਤੇ ਉਹ ਸਰਕਾਰ ਚਲਾ ਰਹੇ ਲੋਕਾਂ ਵਲੋਂ ਕੀਤੀ ਜਾਂਦੀ ਆਮ ਲੋਕਾਂ ਦੀ ਕਥਿਤ ਲੁੱਟ ਅਤੇ ਸਰਕਾਰ ਦੀ ਅਸਫਲਤਾ ਬਾਰੇ ਸੋਚ ਨਾ ਸਕਣ| ਇਹੀ ਕਾਰਨ ਹੈ ਕਿ ਸਾਡੇ ਦੇਸ਼ ਵਿੱਚ ਅਸ਼ਲੀਲਤਾ ਬਹੁਤ ਵੱਡੇ ਪੱਧਰ ਉਪਰ ਫੈਲ ਰਹੀ ਹੈ|
ਅੱਜ ਦੇਸ਼ ਵਿੱਚ ਜਿਸ ਤਰੀਕੇ ਨਾਲ ਅਪਰਾਧ ਵੱਧ ਰਹੇ ਹਨ ਅਤੇ ਔਰਤਾਂ ਨਾਲ ਬਲਾਤਕਾਰ ਹੋ ਰਹੇ ਹਨ, ਉਸਦਾ ਕਾਰਨ ਵੀ ਲੋਕਾਂ ਨੂੰ ਪਰੋਸੀ ਜਾ ਰਹੀ ਅਸ਼ਲੀਲਤਾ ਹੀ ਹੈ| ਅਕਸਰ ਹੀ ਨੌਜਵਾਨ ਅਸ਼ਲੀਲ ਫਿਲਮਾਂ ਵੇਖ ਕੇ ਫਿਰ ਕਿਸੇ ਨਾ ਕਿਸੇ ਲੜਕੀ ਨਾਲ ਬਲਾਤਕਾਰ ਕਰ ਦਿੰਦੇ ਹਨ, ਜਿਸ ਕਾਰਨ ਤਨਾਓ ਪੈਦਾ ਹੋ ਜਾਂਦਾ ਹੈ| ਇਸ ਤੋਂ ਇਲਾਵਾ ਕਈ ਬਜ਼ੁਰਗ ਵੀ ਛੋਟੀਆਂ ਲੜਕੀਆਂ ਨਾਲ ਅਸ਼ਲੀਲ ਹਰਕਤਾਂ ਕਰ ਦਿੰਦੇ ਹਨ| ਕਈ ਨੌਜਵਾਨ ਤਾਂ ਛੋਟੇ ਬੱਚਿਆਂ ਨਾਲ ਬਦਫੈਲੀ ਵੀ ਕਰ ਦਿੰਦੇ ਹਨ ਅਤੇ ਬੱਚੇ ਡਰਦੇ ਮਾਰੇ ਕਿਸੇ ਨੂੰ ਦਸਦੇ ਹੀ ਨਹੀਂ| ਇਸ ਸਭ ਕਾਸੇ ਦੇ ਪਿਛੇ ਵੀ ਦੇਸ਼ ਵਿੱਚ ਪਰੋਸੀ ਜਾ ਰਹੀ ਅਸ਼ਲੀਲਤਾ ਹੀ ਮੁੱਖ ਕਾਰਨ ਹੈ| ਜਿਸ ਨਾਲ ਦੇਸ਼ ਦੇ ਨਾਗਰਿਕ ਗੁੰਮਰਾਹ ਹੋ ਰਹੇ ਹਨ|
ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਕਈ ਲੋਕ ਆਪਣੇ ਦੁਸ਼ਮਣਾਂ ਅਤੇ ਸ਼ਰੀਕਾਂ ਨੂੰ ਉਜਾੜਨ ਲਈ ਗਲਤ ਕਿਸਮ ਦੀਆਂ ਲੜਕੀਆਂ ਦਾ ਸਹਾਰਾ ਲੈਂਦੇ ਹਨ ਅਤੇ ਅਜਿਹੀਆਂ ਗਲਤ ਕਿਸਮ ਦੀਆਂ ਲੜਕੀਆਂ ਦੇ ਜਾਲ ਵਿੱਚ ਆਪਣੇ ਦੁਸਮਣਾਂ ਅਤੇ ਸ਼ਰੀਕਾਂ ਦੇ ਬੱਚਿਆ ਨੂੰ ਅਜਿਹਾ ਫਸਾਉਂਦੇ ਹਨ ਕਿ ਉਹ ਸਾਰੀ ਉਮਰ ਉਸ ਜਾਲ ਵਿੱਚ ਹੀ ਫਸੇ ਰਹਿੰਦੇ ਹਨ| ਜਿਸ ਤੋਂ ਅਸ਼ਲੀਲਤਾ ਦੀ ਭਿਆਨਕਤਾ ਦਾ ਪਤਾ ਚਲ ਜਾਂਦਾ ਹੈ|
ਚਾਹੀਦਾ ਤਾਂ ਇਹ ਹੈ ਕਿ ਦੇਸ਼ ਤੇ ਸਮਾਜ ਵਿੱਚ ਫੈਲੀ ਹੋਈ ਇਸ ਅਸ਼ਲੀਲਤਾ ਨੂੰ ਠੱਲ ਪਾਈ ਜਾਵੇ ਅਤੇ ਨੌਜਵਾਨ ਪੀੜ੍ਹੀ ਦੇ ਨਾਲ ਨਾਲ ਬੱਚਿਆਂ ਨੂੰ ਵੀ ਸਹੀ ਸਿਖਿਆ ਦਿਤੀ ਜਾਵੇ|
ਜਗਮੋਹਨ ਸਿੰਘ ਲੱਕੀ
9463819174

Leave a Reply

Your email address will not be published. Required fields are marked *