ਕਦੋਂ ਹੋਵੇਗਾ ਟੀ ਬੀ ਦੀ ਬਿਮਾਰੀ ਦਾ ਮੁਕੰਮਲ ਖਾਤਮਾ

ਭਾਰਤ ਵਿੱਚ ਭਾਵੇਂ ਟੀ ਬੀ ਦੀ ਬਿਮਾਰੀ ਦੇ ਮੁਕੰਮਲ ਖਾਤਮੇ ਲਈ ਸਰਕਾਰੀ ਪੱਧਰ ਉਪਰ ਯਤਨ ਜਾਰੀ ਹਨ ਪਰ ਇਹਨਾਂ ਯਤਨਾਂ ਨੂੰ ਲੋੜੀਂਦੀ ਸਫਲਤਾ ਨਹੀਂ ਮਿਲ ਪਾਈ ਹੈ| ਹੁਣ ਕੇਂਦਰ ਸਰਕਾਰ ਨੇ ਸਾਲ 2025 ਤਕ ਭਾਰਤ ਵਿਚੋਂ ਟੀ ਬੀ ਦੀ ਬਿਮਾਰੀ ਪੂਰੀ ਤਰ੍ਹਾਂ ਖਤਮ ਕਰਨ ਦਾ ਸੰਕਲਪ ਕੀਤਾ ਹੈ, ਉਸਦੇ ਵੀ ਕਈ ਮਾਇਨੇ ਹਨ| ਸਰਕਾਰ ਵਲੋਂ ਕੀਤਾ ਗਿਆ ਇਹ ਸੰਕਲਪ ਜੇ ਸੱਚਮੁੱਚ ਹਕੀਕਤ ਵਿੱਚ ਬਦਲ ਜਾਂਦਾ ਹੈ ਤਾਂ ਭਾਰਤ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਬਹੁਤ ਵੱਡਾ ਵਰਦਾਨ ਹੋਵੇਗਾ|
ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤ ਸਰਕਾਰ ਵਲੋਂ ਪਹਿਲਾਂ ਵੀ ਕਈ ਵਾਰ ਟੀ ਬੀ ਦੀ ਬਿਮਾਰੀ ਨੂੰ ਜੜੋਂ ਖਤਮ ਕਰਨ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ ਪਰ ਇਹ ਬਿਮਾਰੀ ਖਤਮ ਹੋਣ ਦੀ ਥਾਂ ਵੱਧਦੀ ਹੀ ਜਾ ਰਹੀ ਹੈ| ਦੇਸ਼ ਨੂੰ ਆਜਾਦ ਹੋਏ ਨੂੰ ਸੱਤਰ ਸਾਲ ਹੋ ਗਏ ਹਨ ਪਰ ਭਾਰਤ ਵਿੱਚ ਟੀ ਬੀ ਦੀ ਬਿਮਾਰੀ ਵਿੱਚ ਕੋਈ ਕਮੀ ਨਹੀਂ ਆਈ ਬਲਕਿ ਹਰ ਸਾਲ ਲੱਖਾਂ ਲੋਕ ਟੀ ਬੀ ਦੀ ਬਿਮਾਰੀ ਕਾਰਨ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ|
ਅਸਲੀਅਤ ਇਹੀ ਹੈ ਕਿ ਭਾਰਤ ਸਰਕਾਰ ਵਲੋਂ ਦੇਸ਼ ਭਰ ਵਿੱਚ ਟੀ ਬੀ ਦੀ ਬਿਮਾਰੀ ਦੇ ਖਾਤਮੇ ਲਈ (ਆਜਾਦੀ ਤੋਂ ਬਾਅਦ ਤੋਂ ਹੁਣ ਤਕ) ਜੋ ਵੀ ਮੁਹਿੰਮਾਂ ਚਲਾਈਆਂ ਜਾਂਦੀਆਂ ਰਹੀਆਂ ਹਨ, ਉਹਨਾਂ ਨੂੰ ਲੋੜੀਂਦੀ ਸਫਲਤਾ ਹਾਸਿਲ ਨਹੀਂ ਹੋਈ| ਇਸਦਾ ਮੁੱਖ ਕਾਰਨ ਇਹ ਹੈ ਕਿ ਅਸਲ ਵਿੱਚ ਇਹਨਾਂ ਮੁਹਿੰਮਾਂ ਨੂੰ ਸਹੀ ਤਰੀਕੇ ਨਾਲ ਕਾਰਜਸ਼ੀਲ ਹੀ ਨਹੀਂ ਕੀਤਾ ਗਿਆ ਅਤੇ ਸਰਕਾਰੀ ਅਧਿਕਾਰੀਆਂ ਦਾ ਜਿਆਦਾ ਧਿਆਨ ਫੀਲਡ ਵਿੱਚ ਕੰਮ ਕਰਨ ਦੀ ਥਾਂ ਕਾਗਜੀ ਕਾਰਵਾਈ ਉਪਰ ਵਧੇਰੇ ਰਿਹਾ ਜਿਸ ਕਾਰਨ ਇਹ ਮੁਹਿੰਮਾਂ ਲੋੜੀਂਦੀ ਸਫਲਤਾ ਪ੍ਰਾਪਤ ਨਹੀਂ ਕਰ ਸਕੀਆਂ ਅਤੇ ਟੀ ਬੀ ਦੀ ਬਿਮਾਰੀ ਦੇ ਮਰੀਜਾਂ ਵਿੱਚ ਵਾਧਾ ਹੁੰਦਾ ਗਿਆ|
ਵਿਸ਼ਵ ਸਿਹਤ ਸੰਗਠਨ ਵਲੋਂ ਜਾਰੀ ਰਿਪੋਰਟ ਅਨੁਸਾਰ ਦੁਨੀਆ ਵਿੱਚ ਟੀ ਬੀ ਦੇ ਸਭ ਤੋਂ ਜਿਆਦਾ ਮਰੀਜ ਭਾਰਤ ਵਿੱਚ ਹਨ| ਇਸ ਰਿਪੋਰਟ ਅਨੁਸਾਰ ਦੁਨੀਆਂ ਦੇ ਇੱਕ ਚੌਥਾਈ ਤੋਂ ਜਿਆਦਾ ਟੀ ਬੀ ਦੇ ਮਰੀਜ ਭਾਰਤ ਦੇ ਵਸਨੀਕ ਹਨ| ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਚੀਨ ਦੀ ਆਬਾਦੀ ਭਾਰਤ ਨਾਲੋਂ ਵੱਧ ਹੈ, ਪਰ ਉਥੇ ਵੀ ਟੀ ਬੀ ਦੇ ਮਰੀਜਾਂ ਦੀ ਗਿਣਤੀ ਭਾਰਤ ਨਾਲੋਂ ਘੱਟ ਹੈ| ਅੰਕੜਿਆਂ ਅਨੁਸਾਰ ਸਾਲ 2015 ਵਿੱਚ ਟੀ ਬੀ ਕਾਰਨ ਭਾਰਤ ਵਿੱਚ ਕਰੀਬ ਪੰਜ ਲੱਖ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇਹ ਅੰਕੜਾ ਹਰ ਸਾਲ ਵੱਧਦਾ ਹੀ ਜਾ ਰਿਹਾ ਹੈ| ਗਲੋਬਲ ਟੀ ਬੀ ਰਿਪੋਰਟ ਅਨੁਸਾਰ ਦੁਨੀਆਂ ਵਿੱਚ ਟੀ ਬੀ ਦੇ ਜੋ ਇੱਕ ਕਰੋੜ ਮਰੀਜ ਹਨ, ਉਹਨਾਂ ਵਿੱਚ 64 ਫੀਸਦੀ ਭਾਰਤ, ਪਾਕਿਸਤਾਨ, ਨਾਈਜੀਰੀਆ, ਫਿਲੀਪੀਨਜ, ਇੰਡੋਨੇਸ਼ੀਆ, ਚੀਨ ਅਤੇ ਦੱਖਣੀ ਅਫਰੀਕਾ ਦੇ ਮਰੀਜ ਹੀ ਹਨ| ਇਹਨਾਂ ਦੇਸ਼ਾਂ ਵਿੱਚ ਵੀ ਭਾਰਤ ਦਾ ਸਭ ਤੋਂ ਪਹਿਲਾ ਨੰਬਰ ਹੈ| ਇਥੇ ਇਹ ਵੀ ਸਪਸ਼ਟ ਕਰਨਾ ਜਰੂਰੀ ਹੈ ਕਿ ਟੀ ਬੀ ਦੇ ਮਰੀਜਾਂ ਦੇ ਸਿਰਫ ਉਹ ਅੰਕੜੇ ਹੀ ਉਪਲਬਧ ਹਨ, ਜਿਹੜੇ ਮਰੀਜ ਹਸਪਤਾਲਾਂ ਵਿੱਚ ਇਲਾਜ ਕਰਵਾਉਂਦੇ ਹਨ ਅਤੇ ਹਸਪਤਾਲਾਂ ਵਿੱਚ ਉਹਨਾਂ ਦੇ ਨਾਮ ਦਰਜ ਹਨ| ਭਾਰਤ ਵਿੱਚ ਉਹਨਾਂ ਲੋਕਾਂ ਦੀ ਵੀ ਗਿਣਤੀ ਬਹੁਤ ਜਿਆਦਾ ਹੈ, ਜੋ ਕਿ ਟੀਬੀ ਦੇ ਮਰੀਜ ਹਨ ਪਰ ਉਹ ਕਿਸੇ ਹਸਪਤਾਲ ਵਿੱਚ ਇਲਾਜ ਨਹੀਂ ਕਰਵਾਉਂਦੇ ਅਤੇ ਘੁਟ ਘੁਟ ਕੇ ਮਰ ਜਾਂਦੇ ਹਨ|
ਭਾਰਤ ਵਿੱਚ ਟੀ ਬੀ ਦੀ ਬਿਮਾਰੀ ਦੇ ਇਲਾਜ ਲਈ ਸਰਕਾਰ ਵਲੋਂ ਦਵਾਈ ਮੁਫਤ ਦਿੱਤੀ ਜਾਂਦੀ ਹੈ ਤਾਂ ਕਿ ਹਰ ਟੀ ਬੀ ਦਾ ਮਰੀਜ ਆਪਣਾ ਮੁਫਤ ਇਲਾਜ ਕਰਵਾ ਸਕੇ ਅਤੇ ਟੀ ਬੀ ਦੀ ਬਿਮਾਰੀ ਮਹਾਂਮਾਰੀ ਨਾ ਬਣ ਸਕੇ| ਮੁਫਤ ਸਰਕਾਰੀ ਸਹੂਲਤ ਹੋਣ ਦੇ ਬਾਵਜੂਦ ਵੱਡੀ ਗਿਣਤੀ ਟੀ ਬੀ ਦੇ ਮਰੀਜ ਆਪਣਾ ਇਲਾਜ ਪ੍ਰਾਈਵੇਟ ਹਸਪਤਾਲਾਂ ਵਿੱਚ ਹੀ ਕਰਵਾਉਂਦੇ ਹਨ| ਵੱਖ ਵੱਖ ਥਾਂਵਾਂ ਉਪਰ ਜਿਥੇ ਟੀ ਬੀ ਦੀ ਬਿਮਾਰੀ ਦਾ ਇਲਾਜ ਕਰਨ ਵਾਲੇ ਸਰਕਾਰੀ ਹਸਪਤਾਲ ਮੌਜੂਦ ਹਨ, ਜਿਹਨਾਂ ਵਿੱਚ ਟੀ ਬੀ ਰੋਗ ਦੇ ਮਾਹਿਰ ਡਾਕਟਰ ਮਰੀਜਾਂ ਦਾ ਇਲਾਜ ਕਰਦੇ ਹਨ, ਉਥੇ ਟੀ ਬੀ ਦੀ ਬਿਮਾਰੀ ਦਾ ਇਲਾਜ ਕਰਨ ਵਾਲੇ ਅਨੇਕਾਂ ਹੀ ਪ੍ਰਾਈਵੇਟ ਹਸਪਤਾਲ ਵੀ ਹਨ| ਅਕਸਰ ਹੀ ਟੀ ਬੀ ਹਸਪਤਾਲਾਂ ਵਿੱਚ ਮਰੀਜਾਂ ਦੀਆਂ ਭੀੜਾਂ ਨਜਰ ਆਉਂਦੀਆਂ ਹਨ, ਜਿਹਨਾਂ ਵਿੱਚ ਵੱਡੀ ਗਿਣਤੀ ਨੌਜਵਾਨਾਂ ਦੀ ਵੀ ਹੁੰਦੀ ਹੈ|
ਟੀ ਬੀ ਦੀ ਬਿਮਾਰੀ ਦਾ ਮੁਕੰਮਲ ਖਾਤਮਾ ਤਾਂ ਹੀ ਹੋ ਸਕਦਾ ਹੈ ਜੇ ਪੋਲੀਓ ਮਿਹੰਮ ਵਾਂਗ ਟੀ ਬੀ ਦੇ ਖਾਤਮੇ ਲਈ ਵੀ ਸਾਲ ਵਿੱਚ ਤਿੰਨ ਚਾਰ ਵਾਰੀ ਮੁਹਿੰਮ ਚਲਾਈ ਜਾਵੇ| ਇਸਦੇਨਾਲ ਹੀ ਹਰ ਪਾਸੇ ਸਫਾਈ ਰੱਖੀ ਜਾਣੀ ਯਕੀਨੀ ਬਣਾਈ ਜਾਵੇ ਕਿਉੁਂਕਿ ਟੀ ਬੀ ਦੀ ਬਿਮਾਰੀ ਤੋਂ ਬਚਣ ਲਈ ਪਰਹੇਜ ਅਤੇ ਸਾਫ ਸਫਾਈ ਬਹੁਤ ਜਰੂਰੀ ਹੈ ਅਤੇ ਸਰਕਾਰ ਨੂੰ ਇਸ ਸੰਬੰਧੀ ਟੀਚਾਬੱਧ ਕਾਰਵਾਈ ਕਰਨੀ ਚਾਹੀਦੀ ਹੈ|

Leave a Reply

Your email address will not be published. Required fields are marked *