ਕਦੋਂ ਹੋਵੇਗਾ ਸਰਕਾਰੀ ਬਸ ਸੇਵਾ ਦੀ ਖਸਤਾ ਹਾਲਤ ਵਿੱਚ ਲੋੜੀਂਦਾ ਸੁਧਾਰ

ਚਾਰ ਮਹੀਨੇ ਪਹਿਲਾਂ ਪੰਜਾਬ ਦੀ ਸੱਤਾ ਤੇ ਕਾਬਿਜ ਹੋਈ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਦੇਣ ਦੇ ਦਾਅਵੇ ਤਾਂ ਕੀਤੇ ਜਾ ਰਹੇ ਹਨ ਪਰੰਤੂ ਸਰਕਾਰ ਦੀ ਜਨਤਕ ਆਵਾਜਾਈ ਵਿਵਸਥਾ ਤਸੱਲੀਬਖਸ਼ ਨਹੀਂ ਹੈ| ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਆਮ ਲੋਕਾਂ ਨੂੰ ਜਨਤਕ ਆਵਾਜਾਈ ਦੀ ਸਹੂਲੀਅਤ ਮੁਹਈਆ ਕਰਵਾਉਣ ਲਈ ਪੰਜਾਬ ਰੋਡਵੇਜ਼ ਅਤੇ ਪੀ. ਆਰ. ਟੀ. ਸੀ ਦੀਆਂ ਬੱਸਾਂ ਚਲਾਈਆਂ ਜਾਂਦੀਆਂ ਹਨ ਅਤੇ ਪਿਛਲੀ (ਅਕਾਲੀ ਭਾਜਪਾ) ਸਰਕਾਰ ਦੇ ਕਾਰਜਕਾਲ ਦੌਰਾਨ ਸਰਕਾਰ ਵਲੋਂ ਪਿਛਲੇ ਸਮੇਂ ਦੌਰਾਨ ਪੰਜਾਬ  ਰੋਡਵੇਜ਼ ਅਤੇ ਪੀ. ਆਰ. ਟੀ. ਸੀ ਦੇ ਬੇੜੇ ਵਿੱਚ  ਸੈਂਕੜਿਆਂ ਦੀ ਗਿਣਤੀ ਵਿੱਚ ਨਵੀਆਂ ਬਸਾਂ ਵੀ ਸ਼ਾਮਿਲ ਕੀਤੀਆਂ ਗਈਆਂ ਸਨ| ਇਸ ਤੋਂ ਇਲਾਵਾ ਸੂਬੇ ਵਿੱਚ ਕਿਲੋਮੀਟਰ ਸਕੀਮ  ਦੀਆਂ ਬੱਸਾਂ ਵੀ ਚਲਦੀਆਂ ਹਨ ਪਰੰਤੂ ਇਸਦੇ ਬਾਵਜੂਦ ਪੰਜਾਬ ਦੀਆਂ ਸਰਕਾਰੀ (ਖਾਸ ਕਰ ਪੇਂਡੂ ਖੇਤਰ ਵਿੱਚ ਚਲਦੀਆਂ) ਬਸਾਂ ਦੀ ਛਵੀ ਹੁਣੇ ਵੀ ਰੋਡਵੇਜ ਦੀ ਲਾਰੀ ਨਾ ਕੋਈ ਬੂਹਾ ਨਾ ਕੋਈ ਬਾਰੀ ਵਾਲੀ ਹੀ ਬਣੀ ਹੋਈ ਹੈ|
ਪੰਜਾਬ ਦੀਆਂ ਸਰਕਾਰੀ ਬਸਾਂ ਦੀ ਇਸ ਹਾਲਤ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਸਰਕਾਰ ਵਲੋਂ ਵੱਡੇ ਪੱਧਰ ਤੇ ਨਵੀਆਂ ਬਸਾਂ ਦੀ ਖਰੀਦ ਕੀਤੇ ਜਾਣ ਦੇ ਬਾਵਜੂਦ ਪੰਜਾਬ ਰੋਡਵੇਜ਼ ਅਤੇ ਪੀ. ਆਰ. ਟੀ. ਸੀ ਦੇ ਬੇੜੇ ਵਿੱਚ ਪੁਰਾਣੀਆਂ ਖਸਤਾਹਾਲ ਬੱਸਾਂ ਦੀ ਭਰਮਾਰ ਹੈ ਅਤੇ ਇਹਨਾਂ ਵਿੱਚੋਂ  ਵੱਡੀ ਗਿਣਤੀ ਸਰਕਾਰੀ ਬੱਸਾਂ ਧੱਕਾ ਸਟਾਰਟ ਹਨ| ਖੜ ਖੜ ਕਰਕੇ ਚਲਣ ਵਾਲੀਆਂ ਅਤੇ ਬਦਰੰਗ ਹੋ ਚੁੱਕੀਆ ਇਹ ਬੱਸਾਂ ਅਕਸਰ ਆਪਣੀ ਮੰਜਿਲ ਤੇ ਪਹੁੰਚਣ ਤੋਂ ਪਹਿਲਾਂ ਰਾਹ ਵਿੱਚ ਹੀ ਖਰਾਬ ਹੋ ਜਾਂਦੀਆਂ ਹਨ, ਜਿਸ ਕਾਰਨ ਇਹਨਾਂ ਵਿਚ ਸਫਰ ਕਰ ਰਹੇ ਲੋਕਾਂ ਨੂੰ ਬਹੁਤ ਜਿਆਦਾ ਪ੍ਰੇਸ਼ਾਨ ਹੋਣਾ ਪੈਂਦਾ ਹੈ| ਇਹਨਾਂ ਬੱਸਾਂ ਦੀਆਂ ਸੀਟਾਂ ਟੁੱਟੀ ਫੁੱਟੀ ਹਾਲਤ ਵਿੱਚ  ਹੁੰਦੀਆਂ ਹਨ ਅਤੇ ਸ਼ੀਸ਼ੇ ਵੀ ਖੜਕਦੇ ਰਹਿੰਦੇ ਹਨ| ਲੋਕਾਂ ਨੂੰ ਮਜਬੂਰੀ ਵਿੱਚ ਇਹਨਾਂ ਬੱਸਾਂ ਵਿਚ ਸਫਰ ਕਰਨਾ ਪੈਂਦਾ ਹੈ| ਸਟਾਰਟ ਹੋਣ ਵੇਲੇ ਇਹ ਸਰਕਾਰੀ ਬੱਸਾਂ ਕਈ ਤਰ੍ਹਾਂ ਦੀਆਂ ਡਰਾਉਣੀਆਂ ਆਵਾਜ਼ਾਂ ਵੀ ਕੱਢਦੀਆਂ ਹਨ|
ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਵੱਲੋਂ ਭਾਵੇਂ ਨਵੀਆਂ ਬੱਸਾਂ ਦੇ ਨਾਲ ਨਾਲ ਏ. ਸੀ. ਬੱਸਾਂ ਵੀ ਚਲਾਈਆਂ ਜਾਂਦੀਆਂ ਹਨ ਪਰੰਤੂ ਵੱਡੀ ਗਿਣਤੀ ਸਰਕਾਰੀ ਏ. ਸੀ. ਬੱਸਾਂ ਦੀ ਹਾਲਤ ਵੀ ਤਸੱਲੀਬਖਸ਼ ਨਹੀਂ ਹੈ ਅਤੇ ਇਹਨਾਂ ਬੱਸਾਂ ਦੇ ਏ. ਸੀ. ਠੀਕ ਢੰਗ  ਨਾਲ ਕੰਮ ਨਹੀਂ ਕਰਦੇ| ਸਰਕਾਰੀ ਰੂਟਾਂ ਤੇ ਚਲਦੀਆਂ ਕਿਲੋਮੀਟਰ ਸਕੀਮ ਦੀਆਂ ਬੱਸਾਂ ਵੀ ਕਾਫੀ ਪੁਰਾਣੀਆਂ ਹੋ ਚੁੱਕੀਆਂ ਹਨ| ਜਿਸ ਵੇਲੇ ਸਰਕਾਰ ਵਲੋਂ ਆਮ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤ  ਦੇਣ ਲਈ ਕਿਲੋਮੀਟਰ ਸਕੀਮ ਦੀਆਂ ਇਹ ਬੱਸਾਂ ਚਲਾਈਆਂ ਗਈਆਂ ਸਨ ਉਦੋਂ ਹਰ ਤਿੰਨ ਸਾਲਾਂ ਬਾਅਦ ਨਵੀਆਂ ਕਿਲੋਮੀਟਰ ਬੱਸਾਂ ਪਾਉਣ ਦਾ ਟੀਚਾ ਰੱਖਿਆ ਗਿਆ ਸੀ ਪਰ ਹੁਣ ਇਹ ਬੱਸਾਂ ਵੀ 6-6 ਸਾਲ ਪੁਰਾਣੀਆਂ ਹੋ ਚੁੱਕੀਆਂ ਹਨ|
ਆਮ ਲੋਕ ਪ੍ਰਾਈਵੇਟ ਬੱਸਾਂ ਦੇ ਆਪਰੇਟਰਾਂ ਵੱਲੋਂ ਕੀਤੀ ਜਾਂਦੀ ਧੱਕੇਸ਼ਾਹੀ ਅਤੇ ਮਨਮਰਜੀ ਦੀਆਂ ਕਾਰਵਾਈਆਂ ਤੋਂ ਦੁਖੀ ਹੋ ਕੇ ਸਰਕਾਰੀ ਬੱਸਾਂ ਵਿਚ ਚੜ੍ਹਨਾ ਜਿਆਦਾ ਸੁਰਖਿਅਤ ਸਮਝਦੇ ਹਨ| ਉਂਝ ਵੀ ਪ੍ਰਾਈਵੇਟ ਬੱਸਾਂ ਵਾਲੇ ਸਵਾਰੀਆਂ ਨੂੰ ਝੂਠ ਬੋਲ ਕੇ ਅਤੇ ਉਹਨਾਂ ਨੂੰ ਗੁਮਰਾਹ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਆਪਣੀਆਂ ਬਸਾਂ ਵਿੱਚ ਚੜ੍ਹਾਉਣ ਦੀ ਕੋਸ਼ਿਸ਼ ਕਰਦੇ ਹਨ| ਇਹਨਾਂ ਪ੍ਰਾਈਵੇਟ ਬੱਸਾਂ ਕਾਰਨ ਸਭਤੋਂ ਵੱਡੀ ਪਰੇਸ਼ਾਨੀ ਇਹੀ ਹੁੰਦੀ ਹੈ ਕਿ ਇਹ ਝੂਠ ਬੋਲ ਕੇ ਸਵਾਰੀਆਂ ਨੂੰ ਬਿਠਾ ਤਾਂ ਲੈਂਦੇ ਹਨ ਪਰੰਤੂ ਬੱਸ ਉਸ ਰੂਟ ਦੇ ਅੱਧ ਤਕ ਹੀ ਜਾਂਦੀ  ਹੈ ਅਤੇ ਉੱਥੋਂ ਇਹ ਪ੍ਰਾਈਵੇਟ ਬਸਾਂ ਵਾਲੇ ਸਵਾਰੀਆਂ ਨੂੰ ਕਿਸੇ ਹੋਰ ਬੱਸ ਵਿਚ ਚੜ੍ਹਾ ਦਿੰਦੇ ਹਨ| ਅਜਿਹਾ ਹੋਣ ਕਾਰਨ ਸਵਾਰੀਆਂ ਦਾ ਸਮਾਂ ਤਾਂ ਬਰਬਾਦ ਹੁੰਦਾ ਹੀ ਹੈ ਉਹਨਾਂ ਨੂੰ ਖੱਜਲਖੁਆਰੀ ਵੀ ਸਹਿਣੀ ਪੈਂਦੀ ਹੈ ਅਤੇ ਇਹ ਵੀ ਇੱਕ ਕਾਰਨ ਹੈ ਕਿ ਲੋਕ ਸਰਕਾਰੀ ਬੱਸਾਂ ਵਿਚ ਸਫਰ ਕਰਨ ਨੂੰ ਤਰਜੀਹ ਦਿੰਦੇ ਹਨ|
ਨਵੀਂ ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਆਮ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਮੁਹਈਆ ਕਰਵਾਉਣ ਲਈ ਆਪਣੀ ਕਾਰਗੁਜਾਰੀ ਵਿੱਚ ਸੁਧਾਰ ਕਰੇ ਅਤੇ ਇਸ ਗੱਲ ਨੂੰ ਯਕੀਨੀ ਬਣਾਏ ਕਿ ਸੂਬੇ ਵਿੱਚ ਲੋਕਾਂ ਨੂੰ ਆਵਾਜਾਈ ਦੀਆਂ ਬਿਹਤਰ ਸਹੂਲਤਾਂ ਹਾਸਿਲ ਹੋਣ| ਇਸ ਵਾਸਤੇ ਜਰੂਰੀ ਹੈ ਕਿ ਕੰਡਮ ਹੋ ਚੁੱਕੀਆਂ ਖਸਤਾਹਾਲ ਬਸਾਂ ਦੀ ਥਾਂ ਨਵੀਆਂ ਬਸਾਂ ਨੂੰ ਸਵਾਰੀਆਂ ਢੋਣ ਦੇ ਕੰਮ ਤੇ ਲਗਾਇਆ ਜਾਵੇ ਅਤੇ ਲੋਕਾਂ ਨੂੰ ਸੁਰਖਿਅਤ ਆਵਾਜਾਈ ਦੀ ਸਹੂਲੀਅਤ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਆਮ ਲੋਕਾਂ ਨੂੰ ਇਸ ਸੰਬੰਧੀ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲੇ|

Leave a Reply

Your email address will not be published. Required fields are marked *