ਕਦੋਂ ਹੱਲ ਹੋਵੇਗੀ ਆਵਾਰਾ ਕੁੱਤਿਆਂ ਤੇ ਪਸ਼ੂਆਂ ਦੀ ਸਮੱਸਿਆ

ਪੰਜਾਬ ਵਿੱਚ ਇਸ ਸਮੇਂ ਆਵਾਰਾ ਕੁੱਤਿਆਂ ਤੇ ਡੰਗਰਾਂ ਦੀ ਸਮੱਸਿਆ ਬਹੁਤ ਵੱਧ ਗਈ ਹੈ, ਜਿਸਦਾ ਕੋਈ ਹਲ ਨਿਕਲਦਾ ਦਿਖਾਈ ਨਹੀਂ ਦੇ ਰਿਹਾ| ਇਹਨਾਂ ਆਵਾਰਾ ਕੁੱਤਿਆਂ ਅਤੇ ਡੰਗਰਾਂ ਨੂੰ ਕਾਬੂ ਕਰਨ ਵਿੱਚ ਜਿੱਥੇ ਸਰਕਾਰ ਅਤੇ ਪ੍ਰਸ਼ਾਸਨ ਪੂਰੀ ਤਰਾਂ ਨਾਕਾਮ ਹਨ, ਉਥੇ ਹੀ ਆਪੂੰ ਬਣੇ ਕੁੱਤਾ ਪ੍ਰੇਮੀ ਅਤੇ ਗਊ ਭਗਤ ਇਹਨਾਂ ਦੀ ਸੰਭਾਲ ਕਰਨ ਦੀ ਥਾਂ ਆਪਣੀ ਰਾਜਨੀਤੀ ਚਮਕਾਉਣ ਵਿੱਚ ਵਧੇਰੇ ਰੁੱਝੇ ਰਹਿੰਦੇ ਹਨ| ਹਾਲਾਤ ਇਹ ਹਨ ਕਿ ਜੇਕਰ ਕੋਈ ਵਿਅਕਤੀ ਆਪਣੇ ਬਚਾਓ ਲਈ ਆਵਾਰਾ ਕੁੱਤੇ ਜਾਂ ਫਿਰ ਆਵਾਰਾ ਫਿਰਦੀ ਗਊ ਜਾਂ ਸਾਂਡ ਨੂੰ ਸੋਟੀ ਜਾਂ ਡੰਡਾ ਮਾਰ ਦਿੰਦਾ ਹੈ ਤਾਂ ਅਖੌਤੀ ਕੁੱਤਾ ਪ੍ਰੇਮੀ ਅਤੇ ਗਊ ਭਗਤ ਤੁਰੰਤ ਉਸ ਵਿਅਕਤੀ ਖਿਲਾਫ ਬਿਆਨਬਾਜੀ ਕਰਕੇ ਉਸ ਵਿਰੁੱਧ ਪੁਲੀਸ ਕੋਲ ਮਾਮਲਾ ਦਰਜ ਕਰਵਾਉਣ ਤੱਕ ਜਾਂਦੇ ਹਨ| ਅਜਿਹਾ ਹੋਣ ਕਾਰਨ ਡਰ ਦੇ ਮਾਰੇ ਕੋਈ ਵੀ ਵਿਅਕਤੀ ਕਿਸੇ ਵੀ ਆਵਾਰਾ ਕੁੱਤੇ ਜਾਂ ਗਊ ਨੂੰ ਕੁੱਝ ਕਹਿਣ ਦੀ ਥਾਂ ਦੂਰੋਂ ਦੂਰੋਂ ਹੀ ਲੰਘ ਜਾਂਦਾ ਹੈ|
ਇਹ ਗੱਲ ਹੋਰ ਵੀ ਹੈਰਾਨ ਕਰਨ ਵਾਲੀ ਹੈ ਕਿ ਇਹ ਕੁੱਤਾ ਪ੍ਰੇਮੀ ਅਤੇ ਅਖੌਤੀ ਗਊ ਭਗਤ ਅਵਾਰਾ ਫਿਰਦੇ ਕੁੱਤਿਆਂ ਅਤੇ ਗਊਆਂ ਦੀ ਬਿਲਕੁਲ ਵੀ ਸਾਰ ਨਹੀਂ ਲੈਂਦੇ ਅਤੇ ਇਹਨਾਂ ਆਵਾਰਾ ਕੁੱਤਿਆਂ ਅਤੇ ਆਵਾਰਾ ਫਿਰਦੀਆਂ ਗਊਆਂ ਕਾਰਨ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ ਜਿਹਨਾਂ ਕਾਰਨ ਕਈ ਕੀਮਤੀ ਮਨੁੱਖੀ ਜਾਨਾਂ ਜਾ ਚੁੱਕੀਆਂ ਹਨ ਪਰ ਇਹਨਾਂ ਕੁੱਤਾ ਪ੍ਰੇਮੀਆਂ ਅਤੇ ਗਊ ਭਗਤਾਂ ਦਾ ਹਾਲ ਇਹ ਹੈ ਕਿ ਜੇ ਕੋਈ ਦੋਪਹੀਆ ਵਾਹਨ ਕਿਸੇ ਆਵਾਰਾ ਕੁੱਤੇ ਜਾਂ ਆਵਾਰਾ ਫਿਰਦੀ ਗਊ ਨਾਲ ਟਕਰਾ ਜਾਵੇ ਅਤੇ ਵਾਹਨ ਚਾਲਕ ਜਖਮੀ ਹੋ ਜਾਵੇ ਤਾਂ ਇਹ ਅਖੌਤੀ ਕੁੱਤਾ ਪ੍ਰੇਮੀ ਅਤੇ ਗਊ ਭਗਤ ਜਖਮੀ ਹੋਏ ਇਨਸਾਨ ਨੂੰ ਸਾਂਭਣ ਦੀ ਥਾਂ ਆਵਾਰਾ ਕੁੱਤੇ ਅਤੇ ਗਊ ਦੀ ਸਾਂਭ ਸੰਭਾਲ ਵੱਧ ਜਿਆਦਾ ਧਿਆਨ ਦਿੰਦੇ ਦਿਖਦੇ ਹਨ| ਸ਼ਾਇਦ ਇਹਨਾਂ ਦੀ ਨਜਰ ਵਿੱਚ ਮਨੁੱਖ ਨਾਲੋਂ ਆਵਾਰਾ ਕੁੱਤਿਆਂ ਅਤੇ ਗਊਆਂ ਦੀ ਜਿੰਦਗੀ ਜਿਆਦਾ ਕੀਮਤੀ ਹੈ|
ਇਹਨਾਂ ਅਵਾਰਾ ਕੁੱਤਿਆਂ ਅਤੇ ਡੰਗਰਾਂ ਦੇ ਨਾਲ ਹੀ ਪਾਲਤੂ ਕੁੱਤਿਆਂ ਅਤੇ ਡੰਗਰਾਂ ਨੇ ਵੀ ਕਈ ਸ਼ਹਿਰਾਂ ਵਿੱਚ ਆਤੰਕ ਫੈਲਾਇਆ ਹੋਇਆ ਹੈ| ਜੇ ਮੁਹਾਲੀ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਮੁਹਾਲੀ ਸ਼ਹਿਰ ਦੇ ਹਰ ਇਲਾਕੇ ਵਿੱਚ ਹੀ ਜਿੱਥੇ ਆਵਾਰਾ ਕੁੱਤੇ ਅਤੇ ਆਵਾਰਾ ਗਊਆਂ ਵੱਡੀ ਗਿਣਤੀ ਵਿੱਚ ਹਨ, ਉੱਥੇ ਹੀ ਵੱਡੀ ਗਿਣਤੀ ਪਾਲਤੂ ਡੰਗਰ ਖਾਸ ਕਰਕੇ ਮੱਝਾਂ ਵੀ ਮੁਹਾਲੀ ਦੇ ਹਰ ਇਲਾਕੇ ਵਿੱਚ ਘੁੰਮਦੀਆਂ ਦੇਖੀਆਂ ਜਾ ਸਕਦੀਆਂ ਹਨ| ਵੱਡੀ ਗਿਣਤੀ ਵਿੱਚ ਸ਼ਹਿਰ ਵਿੱਚ ਘੁੰਮਦੀਆਂ ਇਹਨਾਂ ਪਾਲਤੂ ਮੱਝਾਂ ਦੇ ਨਾਲ ਨਾਲ ਮੱਝਾਂ ਦਾ ਮਾਲਕ ਵੀ ਸੋਟੀ ਘੁੰਮਾਉਂਦਾ ਹੋਇਆ ਤੁਰਦਾ ਜਾਂਦਾ ਹੈ| ਇਹ ਮੱਝਾਂ ਅਕਸਰ ਹੀ ਆਵਾਜਾਈ ਵਿੱਚ ਵਿਘਨ ਪਾਉਂਦੀਆਂ ਹਨ| ਇਸ ਤੋਂ ਇਲਾਵਾ ਇਹ ਮੱਝਾਂ ਲੋਕਾਂ ਦੇ ਘਰਾਂ ਅੱਗੇ ਗੋਹਾ ਕਰਕੇ ਗੰਦਗੀ ਫੈਲਾ ਦਿੰਦੀਆਂ ਹਨ| ਜਦੋਂ ਨਗਰ ਨਿਗਮ ਦੀ ਅਵਾਰਾ ਡੰਗਰ ਫੜਨ ਵਾਲੀ ਗੱਡੀ ਆਉਂਦੀ ਹੈ ਤਾਂ ਇਹ ਮੱਝਾਂ ਆਪਣੇ ਮਾਲਕ ਸਮੇਤ ਤੁਰੰਤ ਹੀ ਸੜਕਾਂ ਤੋਂ ਗਾਇਬ ਹੋ ਜਾਂਦੀਆਂ ਹਨ| ਨਗਰ ਨਿਗਮ ਮੁਹਾਲੀ ਦਾ ਇਕ ਸਸਪੈਂਡ ਚਲ ਰਿਹਾ ਮੁਲਾਜਮ ਤਾਂ ਸ਼ਰੇਆਮ ਇਹ ਦੋਸ਼ ਲਗਾ ਰਿਹਾ ਹੈ ਕਿ ਇਹ ਸਾਰੇ ਪਾਲਤੂ ਡੰਗਰ ਖਾਸ ਕਰਕੇ ਮੱਝਾਂ ਇਲਾਕੇ ਦੇ ਇੱਕ ਮੰਤਰੀ ਦੇ ਖਾਸ ਬੰਦਿਆਂ ਦੀਆਂ ਹਨ ਤੇ ਮੰਤਰੀ ਦੀ ਸ਼ਹਿ ਕਰਕੇ ਹੀ ਇਹ ਡੰਗਰ ਪਾਲਕ ਆਪਣੇ ਪਾਲਤੂ ਡੰਗਰਾਂ ਨੂੰ ਸ਼ਹਿਰ ਵਿੱਚ ਖੁਲਾ ਛੱਡ ਦਿੰਦੇ ਹਨ|
ਅਜਿਹਾ ਹੀ ਹਾਲ ਪਾਲਤੂ ਕੁੱਤਿਆਂ ਦਾ ਹੈ| ਵੱਡੀ ਗਿਣਤੀ ਲੋਕਾਂ ਨੇ ਆਪਣੇ ਘਰਾਂ ਵਿੱਚ ਕੁੱਤੇ ਰੱਖੇ ਹੋਏ ਹਨ ਜਿਹਨਾਂ ਨੂੰ ਉਹ ਅਕਸਰ ਆਪਣੀ ਗਲੀ ਵਿੱਚ ਖੁਲਾ ਛੱਡ ਦਿੰਦੇ ਹਨ, ਜਿਸ ਕਰਕੇ ਇਹ ਕੁੱਤੇ ਹੋਰਨਾਂ ਲੋਕਾਂ ਲਈ ਸਮੱਸਿਆ ਬਣ ਜਾਂਦੇ ਹਨ| ਜੇ ਇਨ੍ਹਾਂ ਪਾਲਤੂ ਕੁੱਤਿਆਂ ਨੂੰ ਕੋਈ ਵਿਅਕਤੀ ਕੋਈ ਸੋਟੀ ਆਦਿ ਮਾਰ ਦਿੰਦਾ ਹੈ ਤਾਂ ਇਹਨਾਂ ਕੁੱਤਿਆਂ ਦੇ ਮਾਲਕ ਫਿਰ ਉਸ ਵਿਅਕਤੀ ਨਾਲ ਬਹੁਤ ਕੁੱਤੇਖਾਣੀ ਕਰਦੇ ਹਨ ਜਿਸ ਕਰਕੇ ਡਰਦਾ ਮਾਰਾ ਕੋਈ ਵੀ ਵਿਅਕਤੀ ਇਹਨਾਂ ਪਾਲਤੂ ਕੁੱਤਿਆਂ ਨੂੰ ਵੀ ਕੁਝ ਨਹੀਂ ਕਹਿੰਦਾ| ਇਹ ਵੀ ਕਿਹਾ ਜਾ ਸਕਦਾ ਹੈ ਕਿ ਮਾਈਨਿੰਗ ਮਾਫੀਆ ਵਾਂਗ ਹੀ ਪੰਜਾਬ ਦੇ ਹਰ ਸ਼ਹਿਰ ਵਿੱਚ ਹੀ ਡੰਗਰ ਤੇ ਕੁੱਤਾ ਮਾਫੀਆ ਵੀ ਸਰਗਰਮ ਹੋ ਗਿਆ ਹੈ| ਇਹ ਹੀ ਕਾਰਨ ਹੈ ਕਿ ਪੰਜਾਬ ਦੇ ਹਰ ਸ਼ਹਿਰ ਵਿੱਚ ਜਿੰਨੇ ਆਵਾਰਾ ਡੰਗਰ ਤੁਰੇ ਫਿਰਦੇ ਹਨ ਉਨੇ ਕੁ ਹੀ ਪਾਲਤੂ ਡੰਗਰ ਵੀ ਖੁਲੇ ਆਮ ਘੁੰਮਦੇ ਫਿਰਦੇ ਰਹਿੰਦੇ ਹਨ|
ਕੁੱਝ ਸਾਲ ਪਹਿਲਾਂ ਤੱਕ ਇਹਨਾਂ ਆਵਾਰਾ ਡੰਗਰਾਂ ਨੂੰ ਫੜ ਕੇ ਜੰਗਲਾਂ ਵਿੱਚ ਛੱਡ ਦਿੱਤਾ ਜਾਂਦਾ ਸੀ ਪਰ ਹੁਣ ਹਾਲ ਇਹ ਹੋ ਗਿਆ ਹੈ ਕਿ ਜੇ ਕਿਸੇ ਆਵਾਰਾ ਡੰਗਰ ਨੂੰ ਕੋਈ ਆਪਣੇ ਵਾਹਨ ਵਿੱਚ ਚੜ੍ਹਾ ਕੇ ਜੰਗਲਾਂ ਵੱਲ ਛੱਡਣ ਜਾਣ ਲੱਗਦਾ ਹੈ ਤਾਂ ਅਖੌਤੀ ਗਊ ਭਗਤ ਗਊ ਰੱਖਿਆ ਦੇ ਨਾਮ ਉਪਰ ਉਸ ਵਿਅਕਤੀ ਦਾ ਕੁਟਾਪਾ ਕਰਕੇ ਉਸ ਨੂੰ ਪੁਲੀਸ ਹਵਾਲੇ ਕਰ ਦਿੰਦੇ ਹਨ ਜਿਸ ਕਰਕੇ ਇਹਨਾਂ ਆਵਾਰਾ ਤੇ ਪਾਲਤੂ ਡੰਗਰਾਂ ਦੀ ਗਿਣਤੀ ਵਿੱਚ ਹੋਰ ਵੀ ਵਾਧਾ ਹੋ ਰਿਹਾ ਹੈ| ਇਹਨਾਂ ਆਵਾਰਾ ਕੁੱਤਿਆਂ ਤੇ ਡੰਗਰਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਚਾਹੀਦਾ ਹੈ ਕਿ ਹਰ ਕੁੱਤਾ ਪ੍ਰੇਮੀ ਅਤੇ ਗਊ ਭਗਤ ਦੇ ਘਰ ਦੋ ਦੋ ਕੁੱਤੇ ਅਤੇ ਦੋ ਦੋ ਆਵਾਰਾ ਗਊਆਂ ਬੰਨ ਦਿੱਤੀਆਂ ਜਾਣ ਤਾਂ ਕਿ ਉਹ ਇਹਨਾਂ ਦੀ ਸੇਵਾ ਸੰਭਾਲ ਕਰਕੇ ਪੁੰਨ ਖੱਟ ਸਕੇ ਅਤੇ ਇਸ ਸਮੱਸਿਆ ਨੂੰ ਵੀ ਕੁਝ ਹੱਦ ਤਕ ਕਾਬੂ ਕੀਤਾ ਜਾ ਸਕੇ|

Leave a Reply

Your email address will not be published. Required fields are marked *