ਕਨੇਡਾ ਦੀ ਯੂਨੀਵਰਸਿਟੀ ਵਲੋਂ ਸ੍ਰੀ ਚਮਕੌਰ ਸਾਹਿਬ ਸਕਿੱਲ ਯੂਨੀਵਰਸਿਟੀ ਵਿੱਚ ਖੋਲਿਆ ਜਾਵੇਗਾ ਸੈਟਾਲਾਈਟ ਕੇਂਦਰ : ਚੰਨੀ

ਚੰਡੀਗੜ੍ਹ, 21 ਸਤੰਬਰ (ਸ.ਬ.) ਪੰਜਾਬ ਦੇ ਨੌਜਵਾਨਾਂ ਦੇ ਹੁਨਰ ਵਿਕਾਸ ਅਤੇ ਅੰਤਰਰਾਸ਼ਟਰੀ ਪੱਧਰ ਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਕਨੇਡਾ ਦੇ ਅਲਬਰਟਾ ਸੂਬੇ ਦੇ ਵਫਦ ਵਲੋਂ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਅਤੇ ਰੋਜ਼ਗਾਰ ਉਤਪਤੀ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨਾਲ ਇੱਥੇ ਸਥਿੱਤ ਉਨ੍ਹਾਂ ਦੇ ਸਰਕਾਰੀ ਨਿਵਾਸ ਵਿਖੇ ਮੁਲਾਕਾਤ ਕੀਤੀ |
ਤਕਨੀਕੀ ਸਿੱਖਿਆ ਮੰਤਰੀ ਨੇ ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਨੇਡਾ ਦੀ ਅਲਬਰਟਾ ਸਰਕਾਰ ਦੇ ਸੀਨੀਅਰ ਅਧਿਕਾਰੀ ਮਿਸ. ਸ਼ੇਬਾ ਸ਼ਰਮਾ, ਸੀਨੀਅਰ ਡਾਇਰੈਕਟਰ, ਅਲਬਰਟਾ ਸਰਕਾਰ ਅਤੇ ਸ੍ਰੀ ਸੁਧੀਰੰਜਨ ਬੈਨਰਜੀ ਕਮਰਸ਼ੀਅਲ ਅਫ਼ਸਰ ਐਲਬਰਟਾ (ਕੈਨੇਡਾ) ਸਰਕਾਰ ਵਲੋਂ ਸੂਬੇ ਵਿੱਚ ਹੁਨਰ ਵਿਕਾਸ ਦੀ ਸਿਖਲਾਈ ਲਈ ਦੁਵੱਲੇ ਪ੍ਰੋਗਾਰਮ ਚਲਾਉਣ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਕਨੇਡਾ ਵਿਚ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਵਾਉਣ ਬਾਰੇ ਮੁੱਢਲੀ ਗੱਲਬਾਤ ਕਰਨ ਲਈ ਪਹੁੰਚੇ|
ਉਨ੍ਹਾਂ ਦੱਸਿਆ ਇਸ ਗੱਲਬਾਤ ਦੌਰਾਨ ਸ੍ਰੀ ਚਮਕੌਰ ਸਾਹਿਬ ਵਿਖੇ ਖੋਲੀ ਜਾਣ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਯੂਨੀਵਰਸਿਟੀ ਵਿੱਚ ਕਨੇਡਾ ਦੀ ਅਲਬਰਟਾ ਸੂਬੇ ਦੀ ਯੂਨੀਵਰਸਿਟੀ ਵਲੋਂ ਸੈਟਾਲਾਈਟ ਕੇਂਦਰ ਖੋਲਣ ਲਈ ਸਿਧਾਂਤਕ ਸਹਿਮਤੀ ਬਣੀ| ਇਸ ਤੋਂ ਇਲਾਵਾ ਸੂਬੇ ਦੇ ਨੌਜਵਾਨਾਂ ਨੂੰ ਕਨੇਡਾ ਵਿੱਚ ਪੜਾਈ ਕਰਨ ਲਈ ਭੇਜਣ ਵਾਸਤੇ ਘਰ ਘਰ ਰੋਜ਼ਗਾਰ ਪੋਰਟਲ ਰਾਹੀਂ ਭੇਜਣ ਬਾਰੇ ਦੋਵਾਂ ਧਿਰਾਂ ਵਲੋਂ ਨਿਯਮ ਬਣਾ ਕੇ ਖਰੜਾ ਅਗਲੀ ਮੀਟਿੰਗ ਵਿਚ ਪ੍ਰਵਾਨਗੀ ਅਤੇ ਵਿਚਾਰਨ ਲਈ ਰੱਖਿਆ ਜਾਵੇਗਾ|
ਇਸ ਮੀਟਿੰਗ ਵਿੱਚ ਸੂਬੇ ਦੇ ਸਰਕਾਰੀ ਤਕਨੀਕੀ ਸਿੱਖਿਆ ਯੂਨੀਵਰਸਿਟੀਆਂ ਅਤੇ ਕਾਲਜ਼ਾ ਨਾਲ ਮਿਲ ਕੇ ਹੁਨਰ ਵਿਕਾਸ ਦੇ ਦੁਵੱਲੇ ਕੋਰਸ ਚਲਾਉਣ ਲਈ ਵੀ ਸਹਿਮਤੀ ਪ੍ਰਗਟਾਈ ਗਈ| ਜਿਸ ਦੇ ਅਧੀਨ ਇੱਕ ਡੈਲੀਗੇਸ਼ਨ ਜੂਨ, 2018 ਵਿੱਚ ਕੈਨੇਡਾ ਵਿਖੇ ਦੌਰੇ ਤੇ ਗਿਆ ਸੀ|
ਉਹਨਾਂ ਦੱਸਿਆ ਕਿ ਉਨ੍ਹਾਂ ਦੀ ਕਨੇਡਾ ਦੌਰੇ ਦੌਰਾਨ ਐਲਬਰਟਾ (ਕੈਨੇਡਾ) ਸਰਕਾਰ ਦੇ ਉਚੇਰੀ ਸਿੱਖਿਆ ਅਤੇ ਹੁਨਰ ਵਿਕਾਸ ਮੰਤਰੀ ਨਾਲ ਵਿਸ਼ੇਸ਼ ਮੁਲਾਕਾਤ ਹੋਈ ਸੀ, ਜਿਨਾਂ ਨੇ ਹੁਨਰ ਵਿਕਾਸ ਅਤੇ ਰੋਜ਼ਗਾਰ ਉਤਪਤੀ ਬਾਰੇ ਪੰਜਾਬ ਸਰਕਾਰ ਨਾਲ ਮਿਲ ਕੇ ਕੰਮ ਕਰਨ ਦੀ ਇੱਛਾ ਜਤਾਈ ਸੀ| ਇਹ ਵਫਦ ਵੀ ਮੁੱਢਲੀ ਗੱਲਬਾਤ ਕਰਨ ਲਈ ਕਨੇਡਾ ਦੇ ਅਲਬਰਟਾ ਸਰਕਾਰ ਵਲੋਂ ਭੇਜਿਆ ਗਿਆ|
ਉਹਨਾਂ ਦੱਸਿਆ ਕਿ ਐਲਬਰਟਾ (ਕੈਨੇਡਾ) ਸਰਕਾਰ ਦਾ ਇੱਕ ਵਫਦ ਫਰਵਰੀ, 2019 ਵਿੱਚ ਪੰਜਾਬ ਆ ਰਿਹਾ ਹੈ| ਉਸ ਮੌਕੇ ਪੰਜਾਬ ਸਰਕਾਰ ਅਤੇ ਐਲਬਰਟਾ ਸਰਕਾਰ (ਕੈਨੇਡਾ) ਵਿੱਚ ਤਕਨੀਕੀ ਸਿੱਖਿਆ ਨਾਲ ਸਬੰਧਤ ਸਮਝੌਤਾ ਸਹੀਬੱਧ ਕੀਤੇ ਜਾਵੇਗਾ|
ਇਸ ਮੀਟਿੰਗ ਵਿੱਚ ਸ੍ਰੀ ਡੀ.ਕੇ. ਤਿਵਾੜੀ, ਸਕੱਤਰ ਤਕਨੀਕੀ ਸਿੱਖਿਆ, ਸ੍ਰੀ ਚੰਦਰ ਗੈਂਦ, ਸਕੱਤਰ ਤਕਨੀਕੀ ਸਿੱਖਿਆ ਬੋਰਡ, ਸ੍ਰੀ ਪ੍ਰਵੀਨ ਕੁਮਾਰ ਥਿੰਦ, ਡਾਇਰੈਕਟਰ, ਸ੍ਰੀ ਸੰਦੀਪ ਸਿੰਘ ਕੌੜਾ, ਸਲਾਹਕਾਰ (ਹੁਨਰ ਵਿਕਾਸ), ਸ੍ਰੀ ਅਜੈ ਸ਼ਰਮਾਂ ਉਪ ਕੁਲਪਤੀ ਪੀ.ਟੀ.ਯੂ.,ਜਲੰਧਰ, ਸ੍ਰੀ ਮੋਹਨ ਪਾਲ ਸਿੰਘ ਈਸ਼ਰ ਉਪ ਕੁਲਪਤੀ ਪੀ.ਟੀ.ਯੂ. ਬਠਿੰਡਾ ਅਤੇ ਤਕਨੀਕੀ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ|

Leave a Reply

Your email address will not be published. Required fields are marked *