ਕਮਰੇ ਵਿਚ ਬਾਲੀ ਅੰਗੀਠੀ ਕਾਰਨ ਦਮ ਘੁੱਟਣ ਨਾਲ ਮਾਂ ਸਮੇਤ ਦੋ ਬੱਚਿਆਂ ਦੀ ਮੌਤ

ਫਿਰੋਜ਼ਪੁਰ, 18 ਜਨਵਰੀ (ਸ.ਬ.) ਇਥੋਂ ਦੇ ਪਿੰਡ ਹਾਮਦ ਵਾਲਾ ਉਤਾੜ ਵਿੱਚ ਰਾਤ ਦੇ ਸਮੇਂ ਇਕ ਘਰ ਦੇ ਕਮਰੇ ਵਿੱਚ ਕੋਲਿਆਂ ਦੀ ਅੰਗੀਠੀ ਬਾਲ ਕੇ ਸੁੱਤੇ ਇਕ ਪਰਿਵਾਰ ਨਾਲ ਉਸ ਸਮੇਂ ਦੁੱਖਦ ਹਾਦਸਾ ਵਾਪਰ ਗਿਆ ਜਦੋਂ ਦਮ ਘੁੱਟਣ ਕਾਰਨ ਮਾਂ ਸਮੇਤ ਦੋ ਬੱਚਿਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਰਾਜਵੀਰ ਕੌਰ (35) ਪਤਨੀ ਜਗਜੀਤ ਸਿੰਘ ਆਪਣੇ ਦੋ ਬੱਚਿਆਂ ਪ੍ਰੀਤ ਸਿੰਘ (11) ਅਤੇ ਏਕਮਪ੍ਰੀਤ ਸਿੰਘ (5) ਦੇ ਨਾਲ ਬੀਤੀ ਰਾਤ ਕੋਲਿਆਂ ਦੀ ਅੰਗੀਠੀ ਜਲਾ ਕੇ ਆਪਣੇ ਕਮਰੇ ਵਿੱਚ ਸੁੱਤੇ ਹੋਏ ਸਨ। ਧੂੰਆਂ ਚੜ੍ਹਨ ਦੇ ਕਾਰਨ ਦਮ ਘੁੱਟਣ ਨਾਲ ਉਨ੍ਹਾਂ ਤਿੰਨਾਂ ਦੀ ਮੌਤ ਹੋ ਗਈ।

ਅੱਜ ਸਵੇਰੇ ਜਦੋਂ ਉਹ ਤਿੰਨੋਂ ਨਾ ਉੱਠੇ ਤਾਂ ਰਾਜਬੀਰ ਕੌਰ ਦੀ ਸੱਸ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ ਪਰ ਰਾਜਬੀਰ ਕੌਰ ਅਤੇ ਉਸ ਦੇ ਬੱਚੇ ਨਹੀਂ ਉੱਠੇ। ਇਸਤੋਂ ਬਾਅਦ ਕਮਰੇ ਦਾ ਦਰਵਾਜ਼ਾ ਤੋੜਿਆ ਗਿਆ। ਦਰਵਾਜਾ ਤੋੜਨ ਉਪਰੰਤ ਉਸਦੀ ਸੱਸ ਨੇ ਵੇਖਿਆ ਕਿ ਰਾਜਬੀਰ ਕੌਰ ਅਤੇ ਉਸਦੇ ਦੋਵੇਂ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਥਾਣਾ ਮਲਾਵਾਲਾ ਦੀ ਪੁਲੀਸ ਵੱਲੋਂ ਤਿੰਨੋਂ ਦੀਆਂ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਉਨ੍ਹਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਪੁਲੀਸ ਵੱਲੋਂ ਇਸ ਘਟਨਾ ਸਬੰਧੀ ਵੱਖ-ਵੱਖ ਪਹਿਲੂਆਂ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।

ਮ੍ਰਿਤਕਾ ਰਾਜਬੀਰ ਕੌਰ ਦਾ ਪਤੀ ਜਗਜੀਤ ਸਿੰਘ ਮਲੇਸ਼ੀਆ ਵਿੱਚ ਰਹਿੰਦਾ ਹੈ। ਮੰਨਿਆ ਜਾ ਰਿਹਾ ਹੈ ਕਿ ਕੋਲੇ ਬਲਦੇ ਸਮੇਂ ਕਾਰਬਨ ਮੋਨੋਆਕਸਾਈਡ ਨਾਲ ਇਸ ਪਰਿਵਾਰ ਦੇ ਤਿੰਨੋਂ ਮੈਂਬਰਾਂ ਦੀ ਮੌਤ ਹੋ ਗਈ।

Leave a Reply

Your email address will not be published. Required fields are marked *