ਕਮਰ ਵਿੱਚ ਲਪੇਟ ਰੱਖਿਆ ਸੀ 1.80 ਕਰੋੜ ਦਾ ਸੋਨਾ

ਲਖਨਊ, 2 ਅਪ੍ਰੈਲ (ਸ.ਬ.) ਜੀਨਜ਼ ਦੀ ਬੈਲਟ ਵਿੱਚ 6 ਕਿਲੋ ਸੋਨਾ ਲੁਕਾ ਕੇ ਲਿਜਾ ਰਹੇ ਚਾਰ ਵਿਅਕਤੀਆਂ ਨੂੰ ਬੀਤੇ ਦਿਨੀਂ ਯੂ.ਪੀ. ਦੀ ਰਾਜਧਾਨੀ ਲਖਨਊ ਦੇ ਚਾਰਬਾਗ ਰੇਲਵੇ ਸਟੇਸ਼ਨ ਤੋਂ ਫੜ ਲਿਆ ਗਿਆ| ਇਹ ਚਾਰੇ ਸੋਨਾ ਲੈ ਕੇ ਦਿੱਲੀ ਜਾ ਰਹੇ ਸਨ| ਡਾਇਰੈਕਟਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਅਨੁਸਾਰ ਇਨ੍ਹਾਂ ਕੋਲੋਂ ਕਰੀਬ ਇਕ ਕਰੋੜ 80 ਲੱਖ ਰੁਪਏ ਦਾ ਸੋਨਾ ਮਿਲਿਆ ਹੈ| ਇਨ੍ਹਾਂ ਲੋਕਾਂ ਨੇ ਇਕ ਕਰੋੜ 80 ਲੱਖ ਰੁਪਏ ਦੇ ਸੋਨੇ ਦੇ ਬਿਸਕੁਟ ਕਮਰ ਵਿੱਚ ਲਪੇਟ ਰੱਖੇ ਸਨ| ਡੀ.ਆਰ.ਆਈ. ਅਨੁਸਾਰ ਰਾਜਸਥਾਨ ਦੇ ਗੰਗਾਨਗਰ ਵਾਸੀ ਕੁਲਦੀਪ ਸਿੰਘ, ਜੀਵਨ ਸਿੰਘ ਅਤੇ ਜੰਮੂ ਵਾਸੀ ਰਾਜੇਸ਼ ਕੁਮਾਰ ਅਤੇ ਕੁਲਦੀਪ ਸਿੰਘ ਨੂੰ ਚਾਰਬਾਗ ਸਟੇਸ਼ਨ ਤੋਂ ਉਸ ਸਮੇਂ ਫੜਿਆ ਗਿਆ, ਜਦੋਂ ਉਹ ਡਿਬਰੂਗੜ੍ਹ ਐਕਸਪ੍ਰੈਸ ਤੋਂ ਉਤਰ ਕੇ ਬੱਸ ਤੇ ਦਿੱਲੀ ਜਾਣ ਦੀ ਤਿਆਰੀ ਵਿੱਚ ਸਨ| ਇਨ੍ਹਾਂ ਕੋਲੋਂ ਮਿਲਿਆ ਸੋਨਾ ਮਿਆਂਮਾਰ ਦੇ ਮੋਰੇ ਬਾਰਡਰ ਦੇ ਰਸਤੇ ਗੁਹਾਟੀ ਲਿਆਂਦਾ ਗਿਆ ਸੀ| ਉਥੋਂ ਇਹ ਚਾਰੇ ਸੋਨਾ ਦਿੱਲੀ ਲਿਜਾਉਣ ਲਈ ਡਿਬਰੂਗੜ੍ਹ ਐਕਸਪ੍ਰੈਸ ਵਿੱਚ ਸਵਾਰ ਹੋਏ| ਰਸਤੇ ਵਿੱਚ ਇਨ੍ਹਾਂ ਨੇ ਯੋਜਨਾ ਬਦਲ ਦਿੱਤੀ ਅਤੇ ਬੱਸ ਫੜਨ ਦੀ ਸੋਚੀ|
ਸੂਤਰਾਂ ਅਨੁਸਾਰ ਦਿੱਲੀ ਦੇ ਕੁਝ ਜਿਊਲਰਜ਼ ਆਸਾਮ ਦੇ ਸਿੰਡੀਕੇਟ ਦੀ ਬਦੌਲਤ ਤਸਕਰੀ ਕਰਵਾ ਰਹੇ ਹਨ| ਇਨ੍ਹਾਂ ਜਿਊਲਰਜ਼ ਦੇ ਫੋਨ ਨੰਬਰ ਅਤੇ ਕੁਝ ਹੋਰ ਜਾਣਕਾਰੀਆਂ ਤਸਕਰਾਂ ਨੂੰ ਮਿਲੀਆਂ ਹਨ| ਤਸਕਰਾਂ ਨੇ ਦੱਸਿਆ ਕਿ ਮੋਰੇ ਬਾਰਡਰ ਤੋਂ ਸੋਨਾ ਆਸਾਮ ਪੁੱਜਣ ਤੋਂ ਬਾਅਦ ਉਸ ਤੇ ਬਣੇ ਵਿਦੇਸ਼ੀ ਮਾਰਕ ਨੂੰ ਸੋਨੇ ਦੀ ਪਤਲੀ ਪਰਤ ਚੜ੍ਹਾ ਕੇ ਮਿਟਾ ਦਿੱਤਾ ਜਾਂਦਾ ਹੈ| ਇਸ ਤੋਂ ਬਾਅਦ ਇਹ ਸੋਨਾ ਦਿੱਲੀ, ਕਾਨਪੁਰ, ਲਖਨਊ ਅਤੇ ਦੂਜੇ ਸ਼ਹਿਰਾਂ ਵਿੱਚ ਪਹੁੰਚਾਇਆ ਜਾਂਦਾ ਹੈ| ਇਸ ਧੰਦੇ ਵਿੱਚ ਸ਼ਾਮਲ ਜਿਊਲਰਜ਼ ਅਜਿਹੇ ਸੋਨੇ ਨਾਲ ਕਰੀਬ 13 ਫੀਸਦੀ ਸੀਮਾ ਫੀਸ ਬਚਾ ਲੈਂਦੇ ਹਨ| ਆਸਾਮ ਦੇ ਦੂਜੇ ਸਥਾਨਾਂ ਤੇ ਸੋਨਾ ਲਿਜਾਉਣ ਵਾਲਿਆਂ ਨੂੰ ਪ੍ਰਤੀ ਕਿਲੋਗ੍ਰਾਮ 10 ਹਜ਼ਾਰ ਰੁਪਏ ਮਿਲਦੇ ਹਨ| ਪੁੱਛ-ਗਿੱਛ ਵਿੱਚ ਚਾਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਕਿਤੇ ਵੀ ਆਉਣ-ਜਾਣ ਅਤੇ ਰੁਕਣ ਦਾ ਖਰਚਾ ਤਸਕਰੀ ਸਿੰਡੀਕੇਟ ਦੇ ਲੋਕ ਚੁੱਕਦੇ ਹਨ| ਉਨ੍ਹਾਂ ਨੂੰ ਕਿੱਥੇ ਜਾਣਾ ਹੈ, ਕਿਸ ਨੂੰ ਮਿਲਣਾ ਹੈ, ਕਿੱਥੇ ਰੁਕਣਾ ਹੈ, ਇਸ ਦੀ ਜਾਣਕਾਰੀ ਅਤੇ ਯਾਤਰਾ ਦੇ ਟਿਕਟ ਵਟਸਐਪ ਤੇ ਮਿਲ ਜਾਂਦੇ ਹਨ|

Leave a Reply

Your email address will not be published. Required fields are marked *