ਕਮਲ ਸ਼ਰਮਾ ਨੇ ਗਿਣਵਾਈਆਂ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ

ਕਮਲ ਸ਼ਰਮਾ ਨੇ ਗਿਣਵਾਈਆਂ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ
ਅਕਾਲੀ ਭਾਜਪਾ ਸੰਬੰਧ ਮਜਬੂਤ, ਅਮਿਤ ਸ਼ਾਹ ਦਾ ਚੰਡੀਗੜ੍ਹ ਦੌਰਾ 7 ਨੂੰ
ਐਸ. ਏ. ਐਸ. ਨਗਰ, 4 ਜੂਨ (ਰਾਜੀਵ ਜੈਨ) ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਪਿਛਲੇ ਚਾਰ ਸਾਲਾਂ ਦਾ ਕਾਰਜਕਾਲ ਪੂਰੀ ਤਰ੍ਹਾਂ ਬੇਦਾਗ ਰਿਹਾ ਹੈ ਅਤੇ ਇਸ ਦੌਰਾਨ ਕੇਂਦਰ ਸਰਕਾਰ ਵਲੋਂ ਸਭਕਾ ਸਾਥ ਸਭਕਾ ਵਿਕਾਸ ਦੀ ਨੀਤੀ ਦੇ ਤਹਿਤ ਸਮਾਜ ਦੇ ਸਮੂਹ ਵਰਗਾਂ ਕਿਸਾਨਾਂ ਉਦਯੋਗਪਤੀਆਂ ਅਤੇ ਗਰੀਬ ਜਨਤਾ ਦੀ ਭਲਾਈ ਲਈ ਦਿਨ ਰਾਤ ਕੰਮ ਕਰਕੇ ਲੋਕ ਭਲਾਈ ਦੀਆਂ ਕਈ ਯੋਜਨਾਵਾਂ ਲਾਗੂ ਕੀਤੀਆਂ ਹਨ| ਇਹ ਗੱਲ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖੀ| ਉਹਨਾਂ ਕਿਹਾ ਕਿ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਬੇਲੋੜੀ ਨੁਕਤਾਚੀਨੀ ਕਰਕੇ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੀਆਂ ਹਨ ਪਰੰਤੂ ਦੇਸ਼ ਦੀ ਜਨਤਾ ਬਹੁਤ ਸਮਝਦਾਰ ਹੈ ਅਤੇ ਵਿਰੋਧੀ ਪਾਰਟੀਆਂ ਦੇ ਬਹਿਕਾਵੇ ਵਿੱਚ ਆਉਣ ਵਾਲੀ ਨਹੀਂ ਹੈ|
ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੇ ਸੰਬੰਧਾਂ ਵਿੱਚ ਆ ਰਹੀ ਖਟਾਸ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਸ਼ਰਮਾ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਪਹਿਲਾਂ ਵਾਂਗ ਹੀ ਕਾਇਮ ਹੈ ਅਤੇ ਇਸ ਦੇ ਸਬੰਧ ਬਹੁਤ ਚੰਗੇ ਹਨ| ਉਹਨਾਂ ਦੱਸਿਆ ਕਿ ਆਉਣ ਵਾਲੀ 7 ਜੂਨ ਨੂੰ ਪਾਰਟੀ ਦੇ ਪ੍ਰਧਾਨ ਸ੍ਰੀ ਅਮਿਤ ਸ਼ਾਹ ਪੰਜਾਬ ਦੇ ਦੌਰੇ ਤੇ ਆ ਰਹੇ ਸਨ ਜਿਸ ਦੌਰਾਨ ਉਹਨਾਂ ਵਲੋਂ ਸ੍ਰ. ਬਾਦਲ ਵੀ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਆਉਣ ਵਾਲੀਆਂ ਲੋਕਸਭਾ ਚੋਣਾਂ ਸੰਬੰਧੀ ਵੀ ਵਿਚਾਰ ਵਟਾਂਦਰਾਕਰਣਗੇ|
ਸ੍ਰੀ ਸ਼ਰਮਾ ਨੇ ਕਿਹਾ ਕਿ ਕੇਂਦਰ ਵਿੱਚ ਸ੍ਰੀ ਮੋਦੀ ਦੀ ਸਰਕਾਰ ਬਣਨ ਤੋਂ ਬਾਅਦ ਦੇਸ਼ ਆਰਥਿਕ, ਸਮਾਜਿਕ ਅਤੇ ਰੱਖਿਆ ਪੱਖੋਂ ਮਜਬੂਤ ਹੋਇਆ ਹੈ ਅਤੇ ਵਿਸ਼ਵ ਵਿੱਚ ਇਸਦਾ ਰਸੂਖ ਵਧਿਆ ਹੈ| ਉਹਨਾਂ ਕਿਹਾ ਕਿ ਕੇਂਦਰ ਵਿੱਚ ਇਸਤੋਂ ਪਹਿਲਾਂ ਸ੍ਰ. ਮਨਮੋਹਨ ਸਿੰਘ ਦੀ ਸਰਕਾਰ ਵੇਲੇ ਭ੍ਰਿਸ਼ਟਚਾਰ ਸ਼ਿਖਰ ਤੇ ਸੀ ਅਤੇ ਵਿਸ਼ਵ ਪੱਧਰ ਤੇ ਦੇਸ਼ ਦੀ ਬਦਨਾਮੀ ਹੋ ਰਹੀ ਸੀ ਜਦੋਂਕਿ ਹੁਣ ਦੇਸ਼ ਦੀ ਇਮੇਜ ਸੁਧਰੀ ਹੈ ਅਤੇ ਵਿਸ਼ਵ ਦੇ ਸਮੂਹ ਦੇਸ਼ਾਂ ਨਾਲ ਸਾਡੇ ਰਿਸ਼ਤੇ ਮਜਬੂਤ ਹੋਏ ਹਨ|
ਕਿਸਾਨਾਂ ਦੇ ਸੰਘਰਸ਼ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ ਹਨ ਅਤੇ ਉਹਨਾਂ ਨੂੰ ਲੋੜੀਂਦੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ| ਪੈਟਰੋਲ ਅਤੇ ਡੀਜਲ ਨੂੰ ਜੀ. ਐਸ. ਟੀ ਦੇ ਦਾਇਰੇ ਵਿੱਚ ਲਿਆਉਣ ਸੰਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਇਸਦੇ ਹੱਕ ਵਿੱਚ ਹੈ ਪਰੰਤੂ ਵੱਖ-ਵੱਖ ਰਾਜਾਂ ਦੀਆਂ ਕਾਂਗਰਸ ਅਤੇ ਵਿਰੋਧੀਆਂ ਪਾਰਟੀਆਂ ਦੀਆਂ ਸਰਕਾਰਾਂ ਇਸਦੇ ਖਿਲਾਫ ਹੋਣ ਕਾਰਨ ਅਜਿਹਾ ਕਰਨਾ ਸੰਭਵ ਨਹੀਂ ਹੋ ਪਾ ਰਿਹਾ ਹੈ|
ਉਹਨਾਂ ਦਾਅਵਾ ਕੀਤਾ ਕਿ ਸਰਕਾਰ ਵਲੋਂ ਜਨਤਾ ਦੀ ਭਲਾਈ ਲਈ 30 ਯੋਜਨਾਵਾਂ ਮੁਕੰਮਲ ਕੀਤੀਆਂ ਗਈਆਂ ਹਨ| 19000 ਪਿੰਡਾਂ ਵਿੱਚ ਬਿਜਲੀ ਸਪਲਾਈ ਦਿੱਤੀ ਗਈ ਹੈ ਅਤੇ 3.8 ਕਰੋੜ ਮਹਿਲਾਵਾਂ ਨੂੰ ਉਜਵਲਾ ਯੋਜਨਾ ਤਹਿਤ ਮੁਫਤ ਗੈਸ ਸਲਿੰਡਰ ਵੰਡੇ ਗਏ ਹਨ|
ਇਸ ਮੌਕੇ ਉਹਨਾਂ ਦੇ ਨਾਲ ਭਾਜਪਾ ਵਿਧਾਇਕ ਸ੍ਰੀ ਸੋਮ ਪ੍ਰਕਾਸ਼, ਜਿਲ੍ਹਾ ਪ੍ਰਧਾਨ ਸ੍ਰੀ ਸੁਸ਼ੀਲ ਰਾਣਾ, ਸਾਬਕਾ ਜਿਲ੍ਹਾ ਪ੍ਰਧਾਨ ਸ੍ਰ. ਮੁਖਵਿੰਦਰ ਸਿੰਘ ਗੋਲਡੀ, ਸ੍ਰੀ ਅਰੁਣ ਸ਼ਰਮਾ, ਸ੍ਰੀ ਸੈਹਬੀ ਆਨੰਦ, ਸ੍ਰੀ ਅਸ਼ੋਕ ਝਾਅ, ਸ੍ਰ. ਹਰਦੀਪ ਸਿੰਘ ਸਰਾਉ, (ਸਾਰੇ ਕੌਂਸਲਰ) ਸ੍ਰੀ ਰਾਜੀਵ ਸ਼ਰਮਾ, ਆਸ਼ੂ ਖੰਨਾ, ਹਰੀਸ਼ ਕੁਮਾਰ, ਮੰਡਲ ਪ੍ਰਧਾਨ ਸੋਹਣ ਸਿੰਘ ਅਤੇ ਹੋਰ ਵਰਕਰ ਹਾਜਿਰ ਸਨ|

Leave a Reply

Your email address will not be published. Required fields are marked *