ਕਰਤਾਰਪੁਰ ਲਾਂਘਾ ਖੋਲ੍ਹਣ ਤੇ ਪਾਕਿਸਤਾਨ ਹਕੂਮਤ ਦੇ ਫੈਸਲੇ ਬਾਰੇ ਛਿੜੀ ਚਰਚਾ

ਚੰਡੀਗੜ੍ਹ, 7 ਸਤੰਬਰ (ਸ.ਬ.) ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ ਕਰਤਾਰਪੁਰ ਲਾਂਘਾ ਖੋਲ੍ਹਣ ਸਬੰਧੀ ਪਾਕਿਸਤਾਨ ਸਰਕਾਰ ਵੱਲੋਂ ਲਏ ਗਏ ਫੈਸਲੇ ਸੰਬੰਧੀ ਭਾਰਤੀ ਮੀਡੀਆ ਵਿੱਚ ਚਰਚਾ ਛਿੜ ਗਈ ਹੈ| ਭਾਰਤੀ ਮੀਡੀਆ ਚੈਨਲਾਂ ਤੇ ਗੈਰਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਚਰਚਾ ਜਾਰੀ ਹੈ ਕਿ ਪਾਕਿਸਤਾਨ ਦੀ ਹਕੂਮਤ ਵੱਲੋਂ ਇਸ ਲਾਂਘੇ ਨੂੰ ਖੋਲ੍ਹਣ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ|
ਇਸ ਸੰਬੰਧੀ ਚੰਡੀਗੜ੍ਹ ਵਿੱਚ ਕੈਬਿਨਟ ਮੰਤਰੀ ਨਵਜੋਤ ਸਿੱਧੂ ਨੇ ਮੀਡੀਆ ਨਾਲ ਗੱਲ ਕਰਦਿਆਂ ਇਸ ਲਾਂਘੇ ਦੇ ਖੁੱਲ੍ਹਣ ਦੀ ਗੱਲ ਮੰਨੀ| ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਸ ਗੱਲ ਦੀ ਜਾਣਕਾਰੀ ਹੈ ਕਿ ਪਾਕਿਸਤਾਨ ਲਾਂਘਾ ਖੋਲ੍ਹਣ ਜਾ ਰਿਹਾ ਹੈ| ਸਿੱਧੂ ਨੇ ਕਿਹਾ ਕਿ ਨਵੇਂ ਬਣੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਬਹੁਤ ਹੀ ਜਲਦ ਫੈਸਲਾ ਲਿਆ ਹੈ ਤੇ ਇਸ ਫੈਸਲੇ ਨਾਲ ਭਾਰਤ ਵਿੱਚ ਬੈਠੇ ਉਨ੍ਹਾਂ ਲੋਕਾਂ ਦੇ ਮੂੰਹ ਤੇ ਚਪੇੜ ਵੱਜੀ ਹੈ ਜੋ ਲੋਕ ਇਸ ਲਾਂਘੇ ਦੇ ਖੋਲ੍ਹਣ ਤੇ ਵੀ ਰਾਜਨੀਤੀ ਕਰ ਰਹੇ ਸਨ|
ਮੀਡੀਆ ਖਬਰਾਂ ਮੁਤਾਬਕ ਕਰਤਾਰਪੁਰ ਲਾਂਘਾ ਖੁੱਲ੍ਹਣ ਤੇ ਕਿਸੇ ਨੂੰ ਵੀਜ਼ਾ ਤੇ ਪਾਸਪੋਰਟ ਦੀ ਜ਼ਰੂਰਤ ਨਹੀਂ ਪਵੇਗੀ, ਹਾਲਾਂਕਿ ਸਰਹੱਦ ਪਾਰ ਜਾਣ ਲਈ ਇੱਕ ਆਈ.ਡੀ ਪਰੂਫ ਜਰੂਰ ਦਿਖਾਉਣਾ ਪਵੇਗਾ| ਜਿਕਰਯੋਗ ਹੈ ਕਿ ਪਾਕਿਸਤਾਨ ਲਾਂਘਾ ਖੋਲ੍ਹਣ ਵਾਸਤੇ ਭਾਰਤੀ ਏਜੰਸੀਆਂ ਰਾਜ਼ੀ ਨਹੀਂ ਹਨ ਕਿਉਂਕਿ ਉਹਨਾਂ ਮੁਤਾਬਕ ਭਾਰਤ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ| ਉਧਰ ਮੋਦੀ ਸਰਕਾਰ ਨੂੰ ਵੀ ਇਸ ਮੁੱਦੇ ਤੇ ਵਿਚਾਰ ਕਰਨਾ ਪਵੇਗਾ| ਜੇਕਰ ਪਾਕਿਸਤਾਨ ਸਰਕਾਰ ਇਹ ਫਰਮਾਨ ਜਾਰੀ ਕਰ ਵੀ ਦਿੰਦੀ ਹੈ ਕਿ ਲਾਂਘਾ ਖੋਲ੍ਹ ਦਿੱਤਾ ਜਾਵੇ ਤਾਂ ਵੀ ਇਸ ਸੰਬੰਧੀ ਮੋਦੀ ਸਰਕਾਰ ਦੇ ਫੈਸਲੇ ਦੀ ਉਡੀਕ ਕਰਨੀ ਹੋਵੇਗੀ|
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸੰਬੰਧੀ ਪਾਕਿਸਤਾਨ ਵੱਲੋਂ ਕੋਈ ਵੀ ਰਸਮੀ ਹੁਕਮ ਜਾਰੀ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ ਅਤੇ ਨਾ ਹੀ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਬਾਬਤ ਕੋਈ ਸੂਚਨਾ ਰਿਲੀਜ਼ ਕੀਤੀ ਹੈ|

Leave a Reply

Your email address will not be published. Required fields are marked *