ਕਰਤਾਰਪੁਰ ਲਾਂਘੇ ਸਬੰਧੀ ਗਲਤ ਬਿਆਨੀ ਕਰ ਰਹੇ ਹਨ ਕੈਪਟਨ : ਗੋਲਡੀ

ਐਸ ਏ ਐਸ ਨਗਰ, 8 ਜਨਵਰੀ (ਸ.ਬ.) ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਅਤੇ ਭਾਜਪਾ ਦੀ ਜਿਲ੍ਹਾ ਮੁਹਾਲੀ ਇਕਾਈ ਦੇ ਸਾਬਕਾ ਪ੍ਰਧਾਨ ਸ੍ਰੀ ਸੁਖਵਿੰਦਰ ਸਿੰਘ ਗੋਲਡੀ ਨੇ ਕਿਹਾ ਹੈ ਕਿ ਕਰਤਾਰਪੁਰ ਲਾਂਘੇ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਗਲਤ ਬਿਆਨੀ ਕੀਤੀ ਜਾ ਰਹੀ ਹੈ|
ਅੱਜ ਇੱਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਗੋਲਡੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਇਹ ਕਹਿਣਾ ਗਲਤ ਹੈ ਕਿ ਕਰਤਾਰਪੁਰ ਲਾਂਘੇ ਲਈ ਮੋਦੀ ਸਰਕਾਰ ਨੇ ਕੋਈ ਫੰਡ ਜਾਰੀ ਨਹੀਂ ਕੀਤਾ| ਉਹਨਾਂ ਕਿਹਾ ਕਿ ਅਸਲੀਅਤ ਤਾਂ ਇਹ ਹੈ ਕਿ ਇਸ ਲਾਂਘੇ ਲਈ ਜਮੀਨ ਐਕਵਾਇਰ ਕਰਕੇ ਪੰਜਾਬ ਸਰਕਾਰ ਨੇ ਦੇਣੀ ਹੈ, ਜਿਸ ਲਈ ਅਜੇ ਤਕ ਕੁਝ ਵੀ ਨਹੀਂ ਕੀਤਾ ਗਿਆ| ਹਾਲ ਤਾਂ ਇਹ ਹੈ ਕਿ ਮੋਦੀ ਸਰਕਾਰ ਵਲੋਂ ਕੈਪਟਨ ਸਰਕਾਰ ਨੂੰ ਪਹਿਲਾਂ ਦਿਤੇ ਗਏ ਫੰਡਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਜਾ ਰਿਹਾ| ਉਹਨਾਂ ਕਿਹਾ ਕਿ ਕੈਪਟਨ ਸਰਕਾਰ ਕਰਤਾਰਪੁਰ ਲਾਂਘੇ ਨੂੰ ਬਣਵਾਉਣ ਸਬੰਧੀ ਸੁਹਿਰਦ ਨਹੀਂ ਹੈ ਪਰ ਇਸ ਦਾ ਸਾਰਾ ਦੋਸ਼ ਮੋਦੀ ਸਰਕਾਰ ਉਪਰ ਲਗਾ ਰਹੀ ਹੈ| ਇਸ ਤਰਾਂ ਕੈਪਟਨ ਅਮਰਿੰਦਰ ਸਿੰਘ ਵਲੋਂ ਫਾਲਤੂ ਦੀ ਬਿਆਨਬਾਜੀ ਕੀਤੀ ਜਾ ਰਹੀ ਹੈ, ਜਿਸ ਵਿੱਚ ਕੋਈ ਸੱਚਾਈ ਨਹੀਂ ਹੈ|
ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਉਹਨਾਂ ਕਿਹਾ ਕਿ ਸਿੱਧੂ ਦਾ ਕੋਈ ਸਟਂੈਡ ਨਹੀਂ ਹੈ, ਉਹ ਕਿਸੇ ਵੀ ਪਾਸੇ ਜਾ ਸਕਦੇ ਹਨ| ਨਵਜੋਤ ਸਿੰਘ ਸਿੱਧੂ ਸਿਰੇ ਦੇ ਗੱਪੀ ਹਨ ਅਤੇ ਫੋਕੇ ਬਿਆਨ ਦਿੰਦੇ ਰਹਿੰਦੇ ਹਨ| ਉਹ ਕਦੇ ਵੀ ਕਿਸੇ ਨੂੰ ਵੀ ਆਪਣਾ ਪਿਓ ਬਣਾ ਲੈਂਦੇ ਹਨ| ਸ੍ਰ. ਸਿੱਧੂ ਨੇ ਪਹਿਲਾਂ ਸ੍ਰ. ਬਾਦਲ ਫਿਰ ਸ੍ਰੀ ਮੋਦੀ ਅਤੇ ਫਿਰ ਕੈਪਟਨ ਅਮਰਿੰਦਰ ਨੂੰ ਪਿਓ ਬਣਾਇਆ ਅਤੇ ਹੁਣ ਉਹਨਾਂ ਨੇ ਰਾਹੁਲ ਗਾਂਧੀ ਨੂੰ ਇਹ ਦਰਜਾ ਦੇ ਦਿੱਤਾ ਹੈ| ਉਹਨਾਂ ਕਿਹਾ ਕਿ ਸ੍ਰ. ਸਿੱਧੂ ਸੱਤਾ ਦੀ ਭੁੱਖ ਪੂਰੀ ਕਰਨ ਲਈ ਕੁਝ ਵੀ ਕਰ ਸਕਦੇ ਹਨ| ਉਹ ਖੁਦ ਸਿੱਖ ਹੋਣ ਦੇ ਬਾਵਜੂਦ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਖਿਲਾਫ ਅਪਸ਼ਬਦ ਬੋਲਦੇ ਹੁੰਦੇ ਸਨ ਅਤ ਹੁਣ ਉਸੇ ਮਨਮੋਹਨ ਸਿੰਘ ਦੀਆਂ ਤਾਰੀਫਾਂ ਕਰਦੇ ਹਨ|
ਉਹਨਾਂ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਨੇ ਸਿੱਧੂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਤੋਂ ਨਾਂਹ ਕਰ ਦਿੱਤੀ ਤਾਂ ਉਹ ਕਾਂਗਰਸ ਵਿਚ ਸ਼ਾਮਿਲ ਹੋ ਗਏ| ਉਹਨਾਂ ਕਿਹਾ ਕਿ ਸ੍ਰ. ਸਿੱਧੂ ਦੀ ਇਹ ਹਾਲਤ ਹੈ ਕਿ ਭਾਜਪਾ ਉਹਨਾਂ ਨੂੰ ਮੁੱਖ ਮੰਤਰੀ ਬਣਾਉਣ ਦਾ ਲਾਲਚ ਦੇਵੇ ਤਾਂ ਇਹ ਮੁੜ ਭਾਜਪਾ ਵਿੱਚ ਆ ਜਾਣਗੇ| ਹੋਰ ਤਾਂ ਹੋਰ ਜੇਕਰ ਉਹਨਾਂ ਨੂੰ ਪਾਕਿਸਤਾਨ ਵਿੱਚ ਮੁੱਖ ਮੰਤਰੀ ਦੇ ਅਹੁਦੇ ਦਾ ਲਾਲਚ ਦਿੱਤਾ ਜਾਵੇ ਤਾਂ ਇਹ ਪਾਕਿਸਤਾਨ ਵੀ ਜਾ ਸਕਦੇ ਹਨ|
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ੍ਹ ਹੋ ਚੁੱਕੀ ਹੈ ਅਤੇ ਚੋਣਾਂ ਤੋਂ ਪਹਿਲਾਂ ਕੀਤੇ ਆਪਣੇ ਵਾਇਦਿਆਂ ਤੋਂ ਮੁਕਰ ਗਈ ਹੈ| ਉਹਨਾਂ ਕਿਹਾ ਕਿ ਪੰਜਾਬ ਦੀ ਜਨਤਾ ਆਉਣ ਵਾਲੀਆਂ ਲੋਕਸਭਾ ਚੋਣਾਂ ਮੌਕੇ ਕਾਂਗਰਸ ਨੂੰ ਉਸਦੀ ਅਸਲ ਥਾਂ ਵਿਖਾਏਗੀ|

Leave a Reply

Your email address will not be published. Required fields are marked *