ਕਰਨਾਟਕ ਜਿਮਣੀ ਚੋਣਾਂ ਦੇ ਨਤੀਜਿਆਂ ਨਾਲ ਜਾਹਿਰ ਹੋਇਆ ਭਾਜਪਾ ਵਿਰੋਧੀ ਰੁਝਾਨ

ਕਰਨਾਟਕ ਦੀਆਂ ਤਿੰਨ ਲੋਕ ਸਭਾ ਅਤੇ ਦੋ ਵਿਧਾਨਸਭਾ ਸੀਟਾਂ ਉੱਤੇ ਹੋਈਆਂ ਉਪਚੋਣਾਂ ਦੇ ਨਤੀਜਿਆਂ ਨੇ ਬਿਨਾਂ ਸ਼ੱਕ, ਭਾਜਪਾ ਵਿਰੋਧੀ ਖੇਮੇ ਵਿੱਚ ਉਤਸ਼ਾਹ ਪੈਦਾ ਕੀਤਾ ਹੈ| ਕਾਂਗਰਸ – ਜੇਡੀਐਸ ਗਠਜੋੜ ਨੂੰ ਇੱਕ ਲੋਕ ਸਭਾ ਖੇਤਰ ਛੱਡ ਕੇ ਸਾਰਿਆਂ ਵਿੱਚ ਮਿਲੀ ਸ਼ਾਨਦਾਰ ਸਫਲਤਾ ਦਾ ਪਹਿਲਾ ਸੁਨੇਹਾ ਇਹੀ ਹੈ ਕਿ ਜੇਕਰ ਵਿਰੋਧੀ ਪਾਰਟੀਆਂ ਇੱਕਜੁਟ ਹੋ ਕੇ ਗਠਜੋੜ ਬਣਾਉਣ ਤਾਂ ਭਾਜਪਾ ਨੂੰ ਆਰਾਮ ਨਾਲ ਹਰਾ ਸਕਦੀਆਂ ਹਨ| ਇਸ ਨੇ ਭਾਜਪਾ ਦੇ ਚਿਹਰੇ ਉੱਤੇ ਚਿੰਤਾ ਦੀਆਂ ਲਕੀਰਾਂ ਡੂੰਘੀਆਂ ਕਰ ਦਿੱਤੀਆਂ ਹਨ| ਬੇੱਲਾਰੀ ਲੋਕ ਸਭਾ ਸੀਟ ਉਸ ਦੇ ਕੋਲ ਪਿਛਲੇ 14 ਸਾਲਾਂ ਤੋਂ ਸੀ| ਇਸਦਾ ਵੀ ਹੱਥ ਤੋਂ ਨਿਕਲ ਜਾਣਾ ਆਮ ਗੱਲ ਨਹੀਂ ਹੈ| ਭਾਜਪਾ ਤਰਕ ਦੇ ਰਹੀ ਹੈ ਕਿ ਉਪਚੋਣਾਂ ਦੇ ਨਤੀਜਿਆਂ ਨਾਲ ਆਮ ਚੋਣਾਂ ਬਾਰੇ ਕੋਈ ਧਾਰਨਾ ਬਣਾਉਣਾ ਠੀਕ ਨਹੀਂ ਹੈ| ਇਹ ਗੱਲ ਇੱਕ ਹੱਦ ਤੱਕ ਹੀ ਠੀਕ ਹੈ| ਹਾਲਾਂਕਿ ਇਹਨਾਂ ਚੋਣਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਚਾਰ ਨਹੀਂ ਕੀਤਾ ਸੀ| ਇਸ ਲਈ ਇੱਕ ਉਮੀਦ ਭਾਜਪਾ ਸਮਰਥਕਾਂ ਵਿੱਚ ਹੋਵੇਗੀ ਕਿ ਮੋਦੀ ਪ੍ਰਚਾਰ ਵਿੱਚ ਉਤਰਣਗੇ ਤਾਂ ਹਾਲਤ ਬਦਲ ਜਾਵੇਗੀ| ਪਰ ਤਤਕਾਲ ਰਾਜਨੀਤਿਕ ਮਾਹੌਲ ਬਣਾਉਣ ਵਿੱਚ ਅਜਿਹੇ ਨਤੀਜਿਆਂ ਦੀ ਅਹਿਮ ਭੂਮਿਕਾ ਹੁੰਦੀ ਹੈ| ਇਹਨਾਂ ਨਤੀਜਿਆਂ ਤੋਂ ਬਾਅਦ ਮਹਾਗਠਬੰਧਨ ਦੇ ਤਰਕ ਨੂੰ ਬਲ ਤਾਂ ਮਿਲਿਆ ਹੀ ਹੈ| ਖੁਦ ਭਾਜਪਾ ਜੇਕਰ ਇਹਨਾਂ ਚੋਣਾਂ ਵਿੱਚ ਬਿਹਤਰ ਪ੍ਰਦਰਸ਼ਨ ਕਰਦੀ ਤਾਂ ਉਸਦਾ ਤਰਕ ਇਸਦੇ ਉਲਟ ਹੁੰਦਾ| ਉਹ ਕਹਿੰਦੀ ਕਿ ਜਨਤਾ ਨੇ ਉਸਦੇ ਕਾਇਰੇ ਦੇ ਪੱਖ ਵਿੱਚ ਅਤੇ ਗਠਜੋੜ ਦੇ ਖਿਲਾਫ ਮਤ ਦਿੱਤਾ ਹੈ| ਦਰਅਸਲ, ਇਹਨਾਂ ਨਤੀਜਿਆਂ ਨੇ ਦੱਸ ਦਿੱਤਾ ਹੈ ਕਿ ਗਠਜੋੜ ਧਰਾਤਲ ਉੱਤੇ ਕੰਮ ਕਰ ਰਿਹਾ ਹੈ| ਜੇਕਰ ਕਰਨਾਟਕ ਵਿੱਚ ਕਾਂਗਰਸ ਅਤੇ ਜਨਤਾ ਦਲ-ਸੈਕਿਊਲਰ ਦੇ ਵੋਟਰ ਇਕੱਠੇ ਮਤਦਾਨ ਕਰ ਰਹੇ ਹਨ ਤਾਂ ਉਹ ਅੱਗੇ ਵੀ ਅਜਿਹਾ ਕਰ ਸਕਦੇ ਹਨ| ਇਸ ਇੱਕ ਜੁੱਟਤਾ ਨਾਲ ਭਾਜਪਾ ਲਈ ਖੁਦ ਕਰਨਾਟਕ ਵਿੱਚ ਹੀ ਇਕੱਲੇ ਮੁਕਾਬਲਾ ਕਰਨਾ ਆਸਾਨ ਨਹੀਂ ਹੋਵੇਗਾ, ਜਿੱਥੇ ਉਸਨੇ 2014 ਦੀਆਂ ਆਮ ਚੋਣਾਂ ਵਿੱਚ 28 ਵਿੱਚੋਂ 19 ਸੀਟਾਂ ਜਿੱਤੀਆਂ ਸਨ| ਉਸਨੂੰ ਜ਼ਮੀਨੀ ਪੱਧਰ ਉੱਤੇ ਤੇਜੀ ਨਾਲ ਕੰਮ ਕਰਨਾ ਪਵੇਗਾ ਤਾਂ ਕਿ ਉਹ ਸਮਰਥਕਾਂ ਨੂੰ ਇਸ ਗੱਲ ਲਈ ਤਿਆਰ ਕਰ ਸਕੇ ਕਿ ਇੱਕਜੁਟ ਗਠਜੋੜ ਨੂੰ ਹਰਾਉਣ ਲਈ ਜ਼ਿਆਦਾ ਗਿਣਤੀ ਵਿੱਚ ਵੋਟਰਾਂ ਨੂੰ ਆਪਣੇ ਵੱਲ ਲਿਆਉਣਾ ਪਵੇਗਾ| ਅਜਿਹਾ ਕਰਨਾ ਆਸਾਨ ਵੀ ਨਹੀਂ ਹੈ| ਦੂਜੇ ਪਾਸੇ, ਵਿਰੋਧੀ ਪਾਰਟੀਆਂ ਵਿੱਚ ਇਹ ਸੁਨੇਹਾ ਗਿਆ ਹੈ ਕਿ ਮਤਭੇਦ ਭੁਲਾ ਕੇ ਉਨ੍ਹਾਂ ਨੂੰ ਨਾਲ ਆਉਣਾ ਪਵੇਗਾ| ਹਾਲਾਂਕਿ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ ਵਿੱਚ ਕਾਂਗਰਸ ਨੇ ਬਸਪਾ, ਸਪਾ ਨਾਲ ਗਠਜੋੜ ਨਹੀਂ ਕੀਤਾ ਹੈ ਜਿਸ ਦੇ ਨਾਲ ਇਨ੍ਹਾਂ ਦੇ ਵਿਚਾਲੇ ਨਰਾਜਗੀ ਵੀ ਹੈ| ਜੇਕਰ ਕਾਂਗਰਸ ਚਾਹੁੰਦੀ ਹੈ ਕਿ ਭਾਜਪਾ/ਐਨਡੀਏ ਦੇ ਵਿਰੁੱਧ ਇੱਕਜੁਟ ਵਿਰੋਧੀ ਧਿਰ ਸਾਹਮਣੇ ਆਏ ਤਾਂ ਉਸਨੂੰ ਉਨ੍ਹਾਂ ਰਾਜਾਂ ਵਿੱਚ ਉਦਾਰਤਾ ਦਿਖਾਉਣੀ ਪਵੇਗੀ, ਜਿੱਥੇ ਉਸਦਾ ਪ੍ਰਭਾਵ ਹੈ| ਅਜਿਹਾ ਨਾ ਕਰਨ ਤੇ ਖੇਤਰੀ ਦਲ ਆਪਣੇ ਪ੍ਰਭਾਵ ਖੇਤਰਾਂ ਵਿੱਚ ਉਸ ਨੂੰ ਨਜਰਅੰਦਾਜ ਕਰਨਗੇ ਅਤੇ ਫਿਰ ਮਹਾਗਠਬੰਧਨ ਸੁਫ਼ਨਾ ਰਹਿ ਜਾਵੇਗਾ|
ਲਲਿਤ ਕੁਮਾਰ

Leave a Reply

Your email address will not be published. Required fields are marked *