ਕਰਨਾਟਕ ਦੇ ਡਿਪਟੀ ਸਪੀਕਰ ਵੱਲੋਂ ਖ਼ੁਦਕੁਸ਼ੀ ਕੁਝ ਦਿਨ ਪਹਿਲਾਂ ਸਦਨ ਵਿੱਚ ਹੋਈ ਸੀ ਬਦਸਲੂਕੀ
ਨਵੀਂ ਦਿੱਲੀ, 29 ਦਸੰਬਰ (ਸ.ਬ.) ਕਰਨਾਟਕ ਦੇ ਚਿਕਮੰਗਲੂਰ ਵਿੱਚ ਵਿਧਾਨ ਪ੍ਰੀਸ਼ਦ ਦੇ ਡਿਪਟੀ ਸਪੀਕਰ ਐਸ.ਐਲ. ਧਰਮੇਗੌੜਾ ਨੇ ਖ਼ੁਦਕੁਸ਼ੀ ਕਰ ਲਈ ਹੈ। ਰੇਲਵੇ ਟਰੈਕ ਕੋਲ ਉਨ੍ਹਾਂ ਦੀ ਲਾਸ਼ ਮਿਲੀ ਹੈ। ਲਾਸ਼ ਕੋਲੋਂ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ ਤੋਂ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਡਿਪਟੀ ਸਪੀਕਰ ਨੇ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਕੀਤੀ ਹੈ। ਜਾਣਕਾਰੀ ਅਨੁਸਾਰ ਜੇ.ਡੀ.ਐਸ. ਨੇਤਾ ਦੀ ਲਾਸ਼ ਦੇਰ ਰਾਤ 2 ਵਜੇ ਰੇਲਵੇ ਟਰੈਕ ਕੋਲੋਂ ਬਰਾਮਦ ਹੋਈ। ਮੌਕੇ ਤੇ ਪਹੁੰਚੀ ਪੁਲੀਸ ਨੇ ਸੁਸਾਈਡ ਨੋਟ ਕਬਜ਼ੇ ਵਿੱਚ ਲੈ ਲਿਆ ਹੈ। ਸੁਸਾਈਡ ਨੋਟ ਵਿੱਚ ਕੀ ਲਿਖਿਆ ਹੈ, ਇਸ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ। ਪੁਲੀਸ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਉਣ ਵਿੱਚ ਜੁਟੀ ਹੈ। ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਕਰਨਾਟਕ ਵਿਧਾਨ ਪ੍ਰੀਸ਼ਦ ਵਿੱਚ ਕਾਂਗਰਸ ਨੇਤਾਵਾਂ ਨੇ ਧਰਮੇਗੌੜਾ ਨਾਲ ਬਦਸਲੂਕੀ ਕੀਤੀ ਸੀ ਅਤੇ ਉਨ੍ਹਾਂ ਨੂੰ ਕੁਰਸੀ ਤੋਂ ਖਿੱਚ ਕੇ ਉਠਾ ਦਿੱਤਾ ਸੀ। ਇਸ ਘਟਨਾ ਤੇ ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵਗੌੜਾ ਨੇ ਦੁਖ ਜ਼ਾਹਰ ਕਰਦੇ ਹੋਏ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਡਿਪਟੀ ਸਪੀਕਰ ਨੇ ਖ਼ੁਦਕੁਸ਼ੀ ਕਰ ਲਈ ਹੈ। ਉਹ ਇਕ ਸ਼ਾਨਦਾਰ ਇਨਸਾਨ ਸਨ, ਉਨ੍ਹਾਂ ਦੀ ਮੌਤ ਸੂਬੇ ਲਈ ਵੱਡਾ ਨੁਕਸਾਨ ਹੈ। ਕਰਨਾਟਕ ਦੇ ਮੁੱਖ ਮੰਤਰੀ ਬੀ.ਐਸ. ਯੇਦੀਰਯੁਰੱਪਾ ਨੇ ਵੀ ਇਸ ਘਟਨਾ ਤੇ ਦੁਖ ਜ਼ਾਹਰ ਕੀਤਾ ਹੈ।