ਕਰਨਾਟਕ ਵਿਧਾਨ ਸਭਾ ਲਈ ਪਈਆਂ ਵੋਟਾਂ

ਬੇਂਗਲੁਰੂ ,12 ਮਈ ( ਸ.ਬ.) ਕਰਨਾਟਕ ਵਿੱਚ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ 222 ਸੀਟਾਂ ਲਈ ਵੋਟਾਂ ਪਾਈਆਂ ਗਈਆਂ| 4 ਵਜੇ ਤੱਕ 60 ਫੀਸਦੀ ਵੋਟਿੰਗ ਹੋ ਚੁੱਕੀ ਸੀ|
ਇਸ ਸੂਬੇ ਵਿੱਚ ਵੋਟਿੰਗ ਲਈ 58 ਹਜ਼ਾਰ ਪੋਲਿੰਗ ਸਟੇਸ਼ਨ ਬਣਾਏ ਗਏ ਸਨ| ਇਨ੍ਹਾਂ ਵਿਚੋਂ ਲਗਭਗ 600 ਪੋਲਿੰਗ ਸਟੇਸ਼ਨਾਂ ਤੇ ਮੁੱਖ ਤੌਰ ਤੇ ਮਹਿਲਾ ਅਧਿਕਾਰੀ ਤਾਇਨਾਤ ਕੀਤੇ ਗਏ ਅਤੇ 12 ਹਜ਼ਾਰ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਤੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ| ਸੂਬੇ ਵਿੱਚ ਵਿਧਾਨ ਸਭਾ ਚੋਣਾਂ ਲਈ ਕੁੱਲ 2622 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ| ਵੋਟਾਂ ਦੀ ਗਿਣਤੀ 15 ਮਈ ਨੂੰ ਹੋਵੇਗੀ|
ਕਰਨਾਟਕ ਵਿਧਾਨ ਸਭਾ ਚੋਣਾਂ ਲਈ 224 ਸੀਟਾਂ ਵਿਂੱਚੋਂ 222 ਸੀਟਾਂ ਲਈ ਅੱਜ ਵੋਟਿੰਗ ਹੋਈੈ| 2 ਸੀਟਾਂ ਦੀਆਂ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ|
ਜ਼ਿਕਰਯੋਗ ਹੈ ਕਿ ਸਾਲ 1978 ਦੀਆਂ ਚੋਣਾਂ ਦੌਰਾਨ 71.90 ਫੀਸਦੀ ਵੋਟਾਂ ਪਈਆਂ ਸਨ| ਇਨ੍ਹਾਂ ਚੋਣਾਂ ਦੇ ਨਤੀਜਿਆਂ ਵਿੱਚ ਕਾਂਗਰਸ ਨੂੰ 149 ਸੀਟਾਂ ਅਤੇ ਜਨਤਾ ਪਾਰਟੀ ਨੂੰ ਪਹਿਲੀ ਵਾਰ 59 ਸੀਟਾਂ ਮਿਲੀਆਂ ਸਨ|
ਸਾਲ 2013 ਵਿਚ 71.45 ਫੀਸਦੀ ਵੋਟਿੰਗ ਹੋਈ| ਇਸ ਵਾਰ ਵੀ ਕਾਂਗਰਸ ਨੂੰ 224 ਸੀਟਾਂ ਵਿਚੋਂ 122 ਸੀਟਾਂ ਮਿਲੀਆਂ ਸਨ ਅਤੇ ਭਾਜਪਾ ਨੂੰ 40 ਸੀਟਾਂ ਨਾਲ ਹੀ ਸਬਰ ਕਰਨਾ ਪਿਆ ਸੀ|
ਕਰਨਾਟਕ ਦੇ ਰਾਜਰਾਜੇਸ਼ਵਰੀ ਇਲਾਕੇ ਵਿੱਚ ਅੱਜ ਵੋਟਿੰਗ ਨਹੀਂ ਹੋਈ| ਇਥੇ 9 ਮਈ ਨੂੰ ਇੱਕ ਫਲੈਟ ਵਿਚੋਂ ਕਰੀਬ 10 ਹਜ਼ਾਰ ਫਰਜ਼ੀ ਵੋਟਰ ਆਈ.ਡੀ. ਕਾਰਡ ਮਿਲੇ ਸਨ| ਮਾਮਲੇ ਨੂੰ ਸਖਤੀ ਨਾਲ ਲੈਂਦੇ ਹੋਏ ਚੋਣ ਕਮੀਸ਼ਨ ਨੇ ਚੋਣਾਂ ਮੁਅੱਤਲ ਕਰਨ ਦਾ ਫੈਸਲਾ ਕੀਤਾ ਸੀ| ਹੁਣ ਇਸ ਸੀਟ ਲਈ 28 ਮਈ ਨੂੰ ਵੋਟਾਂ ਪੈਣਗੀਆਂ ਅਤੇ ਇਸ ਦੇ ਨਤੀਜੇ 31 ਮਈ ਨੂੰ ਆਉਣਗੇ|
ਰਾਜਰਾਜੇਸ਼ਵਰੀ ਨਗਰ ਤੋਂ ਇਲਾਵਾ ਜਯਾਨਗਰ ਸੀਟ ਤੇ ਭਾਜਪਾ ਉਮੀਦਵਾਰ ਦੇ ਅਚਾਨਕ ਦਿਹਾਂਤ ਹੋ ਜਾਣ ਕਾਰਨ ਇਥੇ ਵੀ ਅੱਜ ਵੋਟਾਂ ਨਹੀਂ ਪਈਆਂ| ਮੁੱਖ ਮੰਤਰੀ ਸਿੱਧਰਮਯਾ, ਭਾਜਪਾ ਦੇ ਬੀ.ਐਲ.ਯੇਦਿਯੁਰੱਪਾ ਅਤੇ ਜਦ ਐੱਸ.ਕੇ. ਐਚ.ਡੀ.ਕੁਮਾਰ ਸਵਾਮੀ ਸਮੇਤ ਸੂਬੇ ਦੇ ਮੁੱਖ ਨੇਤਾ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਦੇ ਸਿਆਸੀ ਭਵਿੱਖ ਦਾ ਫੈਸਲਾ ਇਹਨਾਂ ਚੋਣਾਂ ਵਿੱਚ ਹੋਵੇਗਾ|

Leave a Reply

Your email address will not be published. Required fields are marked *