ਕਰਨਾਟਕ ਵਿੱਚ ਨਹੀਂ ਮਿਲਿਆ ਕਿਸੇ ਪਾਰਟੀ ਨੂੰ ਬਹੁਮਤ

ਕਰਨਾਟਕ ਵਿੱਚ ਨਹੀਂ ਮਿਲਿਆ ਕਿਸੇ ਪਾਰਟੀ ਨੂੰ ਬਹੁਮਤ
ਕਾਂਗਰਸ ਵਲੋਂ ਜੇ ਡੀ ਐਸ ਨੂੰ ਸਮਰਥਨ ਦੇਣ ਦਾ ਐਲਾਨ
ਨਵੀਂ ਦਿੱਲੀ, 15 ਮਈ (ਸ.ਬ.) ਕਰਨਾਟਕ ਵਿਧਾਨ ਸਭਾ ਦੀਆਂ 222 ਸੀਟਾਂ ਉਪਰ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ, ਜਿਸ ਅਨੁਸਾਰ ਕਰਨਾਟਕ ਵਿੱਚ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਮਿਲਦਾ ਨਹੀਂ ਦਿਸ ਰਿਹਾ| ਕਰਨਾਟਕ ਵਿੱਚ ਹੁਣ ਤ੍ਰਿਸ਼ੰਕੂ ਵਿਧਾਨ ਸਭਾ ਬਣਨ ਦੇ ਆਸਾਰ ਪੈਦਾ ਹੋ ਗਏ ਹਨ|
ਖਬਰ ਲਿਖੇ ਜਾਣ ਤਕ ਆਏ ਨਤੀਜਿਆਂ ਅਤੇ ਰੁਝਾਨਾਂ ਅਨੁਸਾਰ ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉਭਰ ਕੇ ਸਾਹਮਣੇ ਆਈ ਹੈ| ਉਸ ਨੂੰ 104 ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ| ਕਾਂਗਰਸ ਨੂੰ 78 ਅਤੇ ਜੇ ਡੀ ਐਸ ਨੂੰ 38 ਸੀਟਾਂ ਮਿਲਣ ਦੀ ਸੰਭਾਵਨਾ ਹੈ|
ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਸਵੇਰੇ ਆਏ ਰੁਝਾਨਾਂ ਵਿੱਚ ਭਾਜਪਾ ਨੂੰ ਸਪਸ਼ਟ ਬਹੁਮਤ ਮਿਲਦਾ ਦਿਖ ਰਿਹਾ ਸੀ ਜਦੋਂਕਿ ਕਾਂਗਰਸ ਉਸ ਦੇ ਮੁਕਾਬਲੇ ਕਾਫੀ ਕਮਜੋਰ ਦਿਖ ਰਹੀ ਸੀ| ਬਾਅਦ ਵਿੱਚ ਇਹਨਾਂ ਰੁਝਾਨਾਂ ਵਿੱਚ ਤਬਦੀਲੀ ਹੋਈ ਅਤੇ ਜਿੱਥੇ ਬੀਜੇਪੀ 104-5 ਦੇ ਅੰਕੜੇ ਤੇ ਆ ਗਈ ਉੱਥੇ ਕਾਂਗਰਸ 78 ਸੀਟਾਂ ਤੇ ਪਹੁੰਚ ਗਈ ਅਤੇ ਜੇ ਡੀ ਐਸ ਵੀ 38 ਸੀਟਾਂ ਤੇ ਪਹੁੰਚ ਗਈ| ਇਸਦੇ ਨਾਲ ਹੀ ਕਾਂਗਰਸ ਨੇ ਸਿਆਸੀ ਦਾਅ ਖੇਡਦਿਆਂ ਜੇ ਡੀ ਐਸ ਨੂੰ ਆਪਣਾ ਸਮਰਥਣ ਦੇਣ ਦਾ ਐਲਾਨ ਕਰ ਦਿੱਤਾ ਅਤੇ ਜੇ ਡੀ ਐਸ ਨੇ ਵੀ ਇਹ ਸਮਰਥਣ ਕਬੂਲ ਕਰ ਲਿਆ| ਇਸਤੋਂ ਬਾਅਦ ਕਾਂਗਰਸ ਤੇ ਸੂਬਾਈ ਨੇਤਾ ਕਰਨਾਟਕ ਦੇ ਰਾਜਪਾਲ ਨੂੰ ਮਿਲਣ ਵਾਸਤੇ ਵੀ ਗਏ ਪਰ ਰਾਜਪਾਲ ਨੇ ਉਹਨਾਂ ਨਾਲ ਮੁਲਾਕਾਤ ਨਹੀਂ ਕੀਤੀ|
ਹੁਣ ਇਹ ਰਾਜਪਾਲ ਤੇ ਨਿਰਭਰ ਕਰਦਾ ਹੈ ਕਿ ਉਹ ਸਭ ਤੋਂ ਵੱਡੀ ਪਾਰਟੀ ਭਾਜਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੰਦੇ ਹਨ ਜਾਂ ਫਿਰ ਕਾਂਗਰਸ ਅਤੇ ਜੇ ਡੀ ਐਸ ਗਠਜੋੜ ਨੂੰ ਬੁਲਾਉਂਦੇ ਹਨ| ਉਂਝ ਇੱਕ ਗਲ ਸਪਸਟ ਹੈ ਕਿ ਕਰਨਾਟਕ ਵਿੱਚ ਤ੍ਰਿਸ਼ੰਕੂ ਵਿਧਾਨ ਸਭਾ ਹੀ ਬਣੇਗੀ|
ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸ ਦਾ ਇਹਨਾਂ ਚੋਣਾਂ ਵਿੱਚ ਵੋਟ ਪ੍ਰਤੀਸ਼ਤ ਵੱਧ ਹੋਣ ਦੇ ਬਾਵਜੂਦ ਉਸ ਨੂੰ ਸੀਟਾਂ ਘੱਟ ਮਿਲੀਆਂ ਹਨ ਦੂਜੇ ਪਾਸੇ ਭਾਜਪਾ ਨੂੰ ਮਿਲਣ ਵਾਲੀਆਂ ਵੋਟਾਂ ਦਾ ਫੀਸਦੀ ਘੱਟ ਹੋਣ ਦੇ ਬਾਵਜੂਦ ਉਹ ਸਭ ਤੋਂ ਵੱਧ ਸੀਟਾਂ ਜਿੱਤਣ ਵਿੱਚ ਕਾਮਯਾਬੀ ਹੋਈ ਹੈ|

Leave a Reply

Your email address will not be published. Required fields are marked *