ਕਰਨਾਟਕ ਵਿੱਚ ਯੇਦੀਯੁਰੱਪਾ ਬਣੇ ਮੁੱਖ ਮੰਤਰੀ, ਲਿੰਗਾਇਤ ਵਿਧਾਇਕਾਂ ਤੋਂ ਮੰਗੀ ਹਮਾਇਤ

ਬੈਂਗਲੁਰੂ, 17 ਮਈ (ਸ.ਬ.) ਕਰਨਾਟਕ ਦੇ ਰਾਜਪਾਲ ਵਜੁਭਾਈ ਵਾਲਾ ਵੱਲੋਂ ਸਰਕਾਰ ਬਣਾਉਣ ਦਾ ਸੱਦਾ ਮਿਲਣ ਤੋਂ ਬਾਅਦ ਅੱਜ ਭਾਜਪਾ ਵਿਧਾਇਕ ਦਲ ਦੇ ਨੇਤਾ ਯੇਦੀਯੁਰੱਪਾ ਨੇ ਸੀ.ਐੈਮ. ਦੇ ਅਹੁਦੇ ਦੀ ਸਹੁੰ ਲਈ ਹੈ| ਭਾਜਪਾ ਕੋਲ ਬਹੁਮਤ ਸਾਬਤ ਕਰਨ ਲਈ ਵਿਧਾਇਕਾਂ ਦੀ ਕਾਫੀ ਘਾਟ ਹੈ ਪਰ ਇਸ ਦੇ ਬਾਵਜੂਦ ਅੰਕੜਿਆਂ ਨੂੰ ਆਪਣੇ ਪੱਖ ਵਿੱਚ ਕਰਨ ਲਈ ਖਾਸ ਯੋਜਨਾ ਵੀ ਹੈ| ਭਾਜਪਾ ਨੂੰ ਵਿਰੋਧੀ ਦਲਾਂ ਦੇ ਉਨ੍ਹਾਂ ਲਿੰਗਾਇਤ ਵਿਧਾਇਕਾਂ ਤੋਂ ਉਮੀਦ ਹੈ, ਜੋ ਕਾਂਗਰਸ- ਜੇ. ਡੀ. ਐੈਸ. ਦੇ ਪੋਸਟ ਪੋਲ ਗੱਠਜੋੜ ਤੋਂ ਨਾਰਾਜ਼ ਦੱਸੇ ਜਾ ਰਹੇ ਹਨ ਕਿਉਂਕਿ ਇਨ੍ਹਾਂ ਦਾ ਮੁਖੀ ਵੋਕਲਿੰਗਾਂ ਭਾਈਚਾਰੇ ਦੇ ਕੁਮਾਰਸਵਾਮੀ ਨੂੰ ਬਣਾਇਆ ਗਿਆ ਹੈ|
ਜਿਕਰਯੋਗ ਹੈ ਕਿ ਕਾਂਗਰਸ ਅਤੇ ਜੇ. ਡੀ.ਐੈਸ. ਦੇ ਲੱਗਭਗ ਦਰਜਨ ਭਰ ਲਿੰਗਾਇਤ ਵਿਧਾਇਕ ਆਪਣੇ ਭਾਈਚਾਰੇ ਚੋਂ ਅੱਗੇ ਆਉਣ ਵਾਲੇ ਸਭ ਤੋਂ ਵੱਡੇ ਨੇਤਾ ਯੇਦੀਯੁਰੱਪਾ ਦੇ ਨਾਮ ਦੇ ਪਿੱਛੇ ਜਾ ਸਕਦੇ ਹਨ| ਕਾਂਗਰਸ ਵੱਲੋਂ ਘੱਟ ਗਿਣਤੀ ਭਾਈਚਾਰੇ ਦਾ ਕਾਰਡ ਚੱਲਣ ਦੇ ਬਾਵਜੂਦ ਲਿੰਗਾਇਤ ਭਾਈਚਾਰੇ ਨੇ ਚੋਣਾਂ ਵਿੱਚ ਵੱਡੇ ਪੈਮਾਨੇ ਤੇ ਭਾਜਪਾ ਦਾ ਹੀ ਸਾਥ ਦਿੱਤਾ ਹੈ| ਕਰਨਾਟਕ ਵਿੱਚ ਵੋਕਲਿੰਗਾਂ ਅਤੇ ਲਿੰਗਾਇਤ ਭਾਈਚਾਰੇ ਵਿੱਚ ਉਸ ਸਮੇਂ ਤੋਂ ਜੰਗ ਚੱਲ ਰਹੀ ਹੈ, ਜਦੋਂ ਉਹ 2007 ਵਿੱਚ ਭਾਜਪਾ ਨਾਲ ਕਾਰਜਕਾਲ ਵਟਾਂਦਰੇ ਦੇ ਗੱਠਜੋੜ ਸੀ.ਐੈਮ. ਦੀ ਕੁਰਸੀ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ|
ਭਾਜਪਾ ਕੋਲ 222 ਸੀਟਾਂ (2 ਸੀਟਾਂ ਤੇ ਚੋਣਾਂ ਅਜੇ ਬਾਕੀ ਹਨ) ਚੋਂ 104 ਸੀਟਾਂ ਹਨ| ਉਸ ਨੂੰ ਆਪਣਾ ਬਹੁਮਤ ਸਾਬਤ ਕਰਨ ਲਈ ਅਜੇ 8 ਵਿਧਾਇਕਾਂ ਦੀ ਜ਼ਰੂਰਤ ਹੈ| ਅਜਿਹੇ ਵਿੱਚ ਪਾਰਟੀ ਵੱਲੋਂ ਵਿਰੋਧੀ ਦਲਾਂ ਦੇ ਜਿਨ੍ਹਾਂ ਵਿਧਾਇਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਨ੍ਹਾਂ ਨੂੰ ਟ੍ਰਸਟ ਵੋਟ ਦੇ ਸਮੇਂ ਯੇਦੀਯੁਰੱਪਾ ਲਈ ਵੋਟਿੰਗ ਕਰਨ ਨੂੰ ਕਿਹਾ ਜਾ ਸਕਦਾ ਹੈ|
ਭਾਜਪਾ ਆਗੂਆਂ ਨੇ ਕਿਹਾ ਕਿ ਲੋਕਾਂ ਨੇ ਕਾਂਗਰਸ ਦੇ ਖਿਲਾਫ ਵੋਟ ਦਿੱਤਾ ਹੈ ਅਤੇ ਜੇ.ਡੀ.ਐਸ. ਕਾਫੀ ਅੰਤਰ ਨਾਲ ਤੀਜੇ ਸਥਾਨ ਤੇ ਹੈ| ਇਸ ਵਿਧਾਨਸਭਾ ਚੋਣਾਂ ਵਿੱਚ 60 ਪਲੱਸ ਸੀਟਾਂ ਦਾ ਫਾਇਦਾ ਹੋਣ ਤੋਂ ਬਾਅਦ ਭਾਜਪਾ ਨੇ ਸਾਫ ਕਰ ਦਿੱਤਾ ਹੈ ਕਿ ਉਹ ਸਰਕਾਰ ਬਣਾਉਣ ਲਈ ਪਿੱਛੇ ਨਹੀਂ ਹਟੇਗੀ| ਭਾਜਪਾ ਨੇ ਇਹ ਵੀ ਕਿਹਾ ਹੈ ਕਿ 1996 ਵਿੱਚ ਕਿਵੇਂ ਗੁਜਰਾਤ ਦੀ ਭਾਜਪਾ ਸਰਕਾਰ ਨੂੰ ਗਿਰਾਇਆ ਗਿਆ, ਸ਼ੰਕਰ ਸਿੰਘ ਵਾਘੇਲਾ ਸੀ.ਐੈਮ. ਬਣੇ ਪਰ ਸਰਕਾਰ ਚੱਲ ਨਹੀਂ ਸੀ ਸਕੀ|

Leave a Reply

Your email address will not be published. Required fields are marked *