ਕਰਨਾਟਕ: ਸੁਪਰੀਮ ਕੋਰਟ ਵੱਲੋਂ ਯੇਦਿਯੁਰਪਾ ਨੂੰ ਭਲਕੇ ਬਹੁਮਤ ਸਾਬਿਤ ਕਰਨ ਦੇ ਹੁਕਮ

ਨਵੀਂ ਦਿੱਲੀ, 18 ਮਈ (ਸ.ਬ.) ਕਰਨਾਟਕ ਵਿੱਚ ਚਲ ਰਹੇ ਰਾਜਸੀ ਨਾਟਕ ਦੌਰਾਨ ਅੱਜ ਸੁਪਰੀਮ ਕੋਰਟ ਨੇ ਬੀਤੇ ਕੱਲ ਮੁੱਖਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਵਾਲੇ ਸ੍ਰੀ ਯੇਦਿਯੁਰਪਾ ਨੂੰ ਝਟਕਾ ਦਿੰਦਿਆਂ ਭਲਕੇ ਸ਼ਨੀਵਾਰ ਨੂੰ 4 ਵਜੇ ਤਕ ਸਦਨ ਵਿੱਚ ਬਹੁਮਤ ਸਾਬਿਤ ਕਰਨ ਦਾ ਹੁਕਮ ਜਾਰੀ ਕੀਤਾ ਹੈ| ਸੁਪਰੀਮ ਕੋਰਟ ਵਲੋਂ ਇਹ ਹੁਕਮ ਕਾਂਗਰਸ ਅਤੇ ਜਨਤਾ ਦਲ ਸੈਕੂਲਰ ਵਲੋਂ ਦਾਇਰ ਪਟੀਸ਼ਨ ਉਪਰ ਸੁਣਵਾਈ ਦੌਰਾਨ ਜਾਰੀ ਕੀਤੇ ਗਏ| ਇਸ ਮੌਕੇ ਸੁਪਰੀਮ ਕੋਰਟ ਦੇ ਜੱਜ ਨੇ ਕਿਹਾ ਕਿ ਰਾਜਪਾਲ ਵਲੋਂ ਕਰਨਾਟਕ ਸਰਕਾਰ ਨੂੰ ਬਹੁਮਤ ਸਾਬਿਤ ਕਰਨ ਲਈ ਦਿੱਤਾ ਗਿਆ 15 ਦਿਨਾਂ ਦਾ ਸਮਾਂ ਬਹੁਤ ਜਿਆਦਾ ਹੈ| ਜੇ ਰਾਜਪਾਲ ਨੂੰ ਦਿੱਤੇ ਗਏ ਪੱਤਰ ਵਿੱਚ ਕਿਹਾ ਗਿਆ ਹੈ ਕਿ ਭਾਜਪਾ ਕੋਲ ਬਹੁਮਤ ਹੈ ਤਾਂ ਇਸ ਨੂੰ ਤੁਰੰਤ ਸਾਬਿਤ ਕੀਤਾ ਜਾਣਾ ਚਾਹੀਦਾ ਹੈ|
ਸੁਪਰੀਮ ਕੋਰਟ ਨੇ ਰਾਜਪਾਲ ਦਾ ਫੈਸਲਾ ਉਲਟਦੇ ਹੋਏ ਕਰਨਾਟਕ ਦੇ ਨਵੇਂ ਬਣੇ ਮੁੱਖ ਮੰਤਰੀ ਯੇਦਿਯੁਰਪਾ ਨੂੰ ਬਹੁਮਤ ਸਾਬਿਤ ਕਰਨ ਲਈ ਸਿਰਫ 24 ਘੰਟੇ ਦਾ ਸਮਾਂ ਦਿੱਤਾ ਹੈ| ਇਸਦੇ ਨਾਲ ਹੀ ਸੁਪਰੀਮ ਕੋਰਟ ਨੇ ਮੁੱਖ ਮੰਤਰੀ ਵਲੋਂ ਵਿਧਾਨ ਸਭਾ ਵਿੱਚ ਐਂਂਗਲੋਂ ਇੰਡੀਅਨ ਮੈਂਬਰ ਦੀ ਨਿਯੁਕਤੀ ਉਪਰ ਵੀ ਰੋਕ ਲਗਾ ਦਿੱਤੀ ਹੈ|
ਸੁਪਰੀਮ ਕੋਰਟ ਵਿੱਚ ਭਾਜਪਾ ਵਲੋਂ ਪੇਸ਼ ਹੋਏ ਮੁਕੁਲ ਰੋਹਤਗੀ ਨੇ ਕਿਹਾ ਕਿ ਬਹੁਮਤ ਸਾਬਿਤ ਕਰਨ ਲਈ ਇੱਕ ਹਫਤੇ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ ਪਰ ਸੁਪਰੀਮ ਕੋਰਟ ਨੇ ਸਿਰਫ 24 ਘੰਟੇ ਦਾ ਸਮਾਂ ਹੀ ਦਿੱਤਾ|
ਸੁਪਰੀਮ ਕੋਰਟ ਦੇ ਇਸ ਫੈਸਲੇ ਉਪਰ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਕਾਂਗਰਸ ਅਤੇ ਜੇ ਡੀ ਐਸ ਦੇ ਵਕੀਲ ਅਤੇ ਸਾਂਸਦ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਹੈ ਕਿ ਇਹ ਲੋਕਤੰਤਰ ਦੀ ਜਿੱਤ ਹੋਈ ਹੈ|
ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਕਰਨਾਟਕ ਦੇ ਮੁੱਖ ਮੰਤਰੀ ਯੇਦਿਯੁਰਪਾ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ| ਭਾਜਪਾ ਕੋਲ ਵਿਧਾਨ ਸਭਾ ਵਿੱਚ ਸਿਰਫ 104 ਵਿਧਾਇਕ ਹਨ ਜਦੋਂਕਿ ਸਦਨ ਵਿੱਚ ਬਹੁਮਤ ਹਾਸਲ ਕਰਨ ਲਈ 112 ਵਿਧਾਇਕਾਂ ਦੀ ਲੋੜ ਹੈ| ਇਸ ਤਰ੍ਹਾਂ ਸੁਪਰੀਮ ਕੋਰਟ ਦਾ ਇਹ ਫੈਸਲਾ ਭਾਜਪਾ ਲਈ ਮੁਸ਼ਕਿਲਾਂ ਅਤੇ ਕਾਂਗਰਸ, ਜਨਤਾ ਦਲ ਸੈਕੂਲਰ ਲਈ ਰਾਹਤ ਲੈ ਕੇ ਆਇਆ ਹੈ| ਹੁਣ ਕਰਨਾਟਕ ਦੇ ਮੁੱਖ ਮੰਤਰੀ ਬਹੁਮਤ ਸਾਬਤ ਹੋਣ ਤੱਕ ਕੋਈ ਵੀ ਨੀਤੀਗਤ ਜਾਂ ਅਹਿਮ ਫੈਸਲਾ ਨਹੀਂ ਕਰ ਸਕਣਗੇ|
ਜਿਕਰਯੋਗ ਹੈ ਕਿ ਕਰਨਾਟਕ ਦੇ ਰਾਜਪਾਲ ਨੇ ਬੁੱਧਵਾਰ ਨੂੰ ਯੇਦਿਯੁਰਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੰਦੇ ਹੋਏ 17 ਮਈ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਵੀ ਚੁਕਾ ਦਿੱਤੀ ਸੀ ਅਤੇ ਸਦਨ ਵਿੱਚ ਬਹੁਮਤ ਸਾਬਿਤ ਕਰਨ ਲਈ 15 ਦਿਨ ਦਾ ਸਮਾਂ ਦਿੱਤਾ ਸੀ| ਵਿਧਾਨ ਸਭਾ ਵਿੱਚ ਸਭ ਤੋਂ ਵੱਡੀ ਪਾਰਟੀ ਹੋਣ ਦੇ ਬਾਵਜੂਦ ਭਾਜਪਾ ਕੋਲ ਬਹੁਮਤ ਸਾਬਿਤ ਕਰਨ ਲਈ 8 ਵਿਧਾਇਕ ਘੱਟ ਹਨ| ਜਦੋਂਕਿ ਦੂਜੇ ਪਾਸੇ ਕਾਂਗਰਸ ਅਤੇ ਜਨਤਾ ਦਲ ਐਸ ਨੇ ਆਪਸ ਵਿੱਚ ਗਠਜੋੜ ਕਰਕੇ ਆਪਣੇ ਕੋਲ ਬਹੁਮਤ ਹੋਣ ਦਾ ਦਾਅਵਾ ਕੀਤਾ ਹੈ|

Leave a Reply

Your email address will not be published. Required fields are marked *