ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਲੈਣ ਲਈ ਕਿਸਾਨਾਂ ਦੀਆਂ ਬੱਸਾਂ ਨੂੰ ਸਨੇਟਾ ਤੋਂ ਰਾਮਪੁਰਾ ਰਵਾਨਾ ਕੀਤਾ

ਐਸ.ਏ.ਐਸ. ਨਗਰ, 12 ਅਪ੍ਰੈਲ (ਸ.ਬ.) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਮਪੁਰਾ (ਸੰਗਰੂਰ) ਵਿਖੇ ਕਰਵਾਏ ਗਏ ਕਰਜ਼ਾ ਮੁਆਫ਼ੀ ਸਮਾਗਮ ਦੌਰਾਨ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਕਿਸਾਨਾਂ ਨੂੰ ਵੀ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਵੰਡੇ ਗਏ| ਕਰਜ਼ਾ ਮੁਆਫ਼ੀ ਵਿੱਚ ਪੁੱਜਣ ਲਈ ਸਹਿਕਾਰੀ ਵਿਭਾਗ ਦੇ ਅਧਿਕਾਰੀਆਂ ਸਮੇਤ ਐਡਵੋਕੇਟ ਕੰਵਰਵੀਰ ਸਿੰਘ ਸਿੱਧੁ ਨੇ ਸਹਿਕਾਰੀ ਸਭਾ, ਸਨੇਟਾ ਤੋਂ ਕਿਸਾਨਾਂ ਦੀਆਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਸੰਗਰੂਰ ਲਈ ਰਵਾਨਾ ਕੀਤਾ|
ਸਥਾਨਕ ਵਿਧਾਇਕ ਸ. ਬਲਬੀਰ ਸਿੰਘ ਸਿੱਧੁ ਨੇ ਸੰਗਰੂਰ ਵਿਖੇ ਕਰਜ਼ਾ ਮੁਆਫ਼ੀ ਸਮਾਗਮ ਲਈ ਰਵਾਨਾ ਹੋਣ ਤੋਂ ਪਹਿਲਾਂ ਗੱਲਬਾਤ ਕਰਦਿਆਂ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਕਿਸਾਨਾਂ ਦਾ 38 ਕਰੋੜ ਦਾ ਕਰਜ਼ਾ ਮੁਆਫ਼ ਹੋਵੇਗਾ ਅਤੇ ਹਲਕਾ ਐਸ.ਏ.ਐਸ. ਨਗਰ ਦਾ ਕਰੀਬ 8 ਕਰੋੜ ਕਰਜ਼ਾ ਮੁਆਫ਼ ਹੋਵੇਗਾ, ਜਿਨ੍ਹਾਂ ਨੂੰ ਸੰਗਰੂਰ ਵਿਖੇ ਕਰਜ਼ਾ ਮੁਆਫ਼ੀ ਸਰਟੀਫਿਕੇਟ ਦਿੱਤੇ ਜਾਣੇ ਹਨ| ਉਨ੍ਹਾਂ ਇਸ ਮੌਕੇ ਮੁਹਾਲੀ ਵਿਖੇ ਮੈਡੀਕਲ ਕਾਲਜ ਸਥਾਪਤ ਕੀਤੇ ਜਾਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੁਝ ਸਿਆਸੀ ਲੋਕ ਇਸ ਮੁੱਦੇ ਨੂੰ ਲੈ ਕੇ ਸਿਆਸੀ ਰੋਟੀਆਂ ਸੇਕਣਾ ਚਾਹੁੰਦੇ ਸਨ ਪਰੰਤੂ ਹੁਣ ਸੱਚਾਈ ਸਾਹਮਣੇ ਆ ਗਈ ਹੈ| ਉਨ੍ਹਾਂ ਕਿਹਾ ਕਿ ਮੁਹਾਲੀ ਵਿਖੇ ਮੈਡੀਕਲ ਕਾਲਜ ਖੁੱਲ੍ਹਣ ਨਾਲ ਕੇਵਲ ਐਸ.ਏ.ਐਸ. ਨਗਰ ਨੂੰ ਹੀ ਨਹੀਂ ਸਗੋਂ ਸਾਰੇ ਪੰਜਾਬ ਦੇ ਲੋਕਾਂ ਨੂੰ ਵੀ ਵੱਡਾ ਫਾਇਦਾ ਹੋਵੇਗਾ|
ਕਿਸਾਨਾਂ ਦੀਆਂ ਬੱਸਾਂ ਨੂੰ ਰਵਾਨਾ ਕਰਨ ਮੌਕੇ ਜ਼ਿਲ੍ਹਾ ਰਜਿਸਟਰਾਰ ਸਹਿਕਾਰੀ ਸਭਾਵਾਂ ਅਮਰਜੀਤ ਸਿੰਘ, ਸਹਾਇਕ ਰਜਿਸਟਰਾਰ ਅਮਰੀਕ ਸਿੰਘ, ਏ.ਆਰ. ਖਰੜ ਅਭੀਤੇਸ਼, ਪ੍ਰਗਤੀ ਜੱਗਾ ਸਮੇਤ ਵੱਖ-ਵੱਖ ਸਹਿਕਾਰੀ ਸਭਾਵਾਂ ਦੇ ਪ੍ਰਧਾਨ, ਠੇਕੇਦਾਰ ਮੋਹਣ ਸਿੰਘ ਬਠਲਾਣਾ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਦਿਹਾਤੀ, ਸਾਬਕਾ ਸਰਪੰਚ ਸਨੇਟਾ ਚੌਧਰੀ ਰਿਸ਼ੀਪਾਲ, ਚੌਧਰੀ ਹਰਨੇਕ ਸਿੰਘ ਨੇਕੀ, ਸਾਬਕਾ ਸਰਪੰਚ ਤੰਗੋਰੀ ਮਨਜੀਤ ਸਿੰਘ, ਮੋਹਣ ਸਿੰਘ, ਹਰਭਜਨ ਸਿੰਘ ਰਾਏਪੁਰ ਕਲਾਂ, ਇੰਦਰਜੀਤ ਸਿੰਘ, ਸਾਬਕਾ ਸਰਪੰਚ ਕੁਰੜਾ ਦਵਿੰਦਰ ਸਿੰਘ, ਸਰਪੰਚ ਮਾਣਕਪੁਰ ਕੱਲਰ ਕਰਮ ਸਿੰਘ, ਕਿਸਾਨ ਆਗੂ ਟਹਿਲ ਸਿੰਘ, ਰਣਧੀਰ ਸਿੰਘ ਧੀਰਾ ਚਾਓਮਾਜਰਾ ਸਮੇਤ ਹੋਰ ਪਤਵੰਤੇ ਅਤੇ ਹਲਕੇ ਦੇ ਕਿਸਾਨ ਮੌਜੂਦ ਸਨ|

Leave a Reply

Your email address will not be published. Required fields are marked *