ਕਰਜ਼ੇ ਨੇ ਪਹਿਲਾਂ ਜ਼ਮੀਨਾਂ ਨਿਗਲੀਆਂ ਤੇ ਫੇਰ ਜਿੰਦਗੀਆਂ

* ਕਰਜ਼ੇ ਨੇ ਪਹਿਲਾਂ ਜ਼ਮੀਨਾਂ ਨਿਗਲੀਆਂ ਤੇ ਹੁਣ ਜਿੰਦਗੀਆਂ ਨਿਗਲ ਰਿਹੈ
* ਅੰਨਦਾਤਾ ਪਿਆ ਖੁਦਕਸ਼ੀਆਂ ਦੇ ਰਾਹ
* ਸਭ ਤੋਂ ਖਤਰਨਾਕ ਹੁੰਦੈ ਸੁਪਨਿਆਂ ਦਾ ਮਰ ਜਾਣਾ
* ਇਕ ਦਿਨ ‘ਚ ਹੀ ਤਿੰਨ- ਤਿੰਨ ਕਿਸਾਨ ਕਰ ਰਿਹੇ ਨੇ ਖੁਦਕਸ਼ੀਆਂ
* ਮਿੱਟੀ ‘ਚ ਕੰਮ ਕਰਦਿਆਂ ਮਿੱਟੀ ਹੋਏ ਕਿਸਾਨਾਂ ਦੇ ਸੁਪਨੇ

– 1 ਜਨਵਰੀ 2016 ਨੂੰ ਜਦੋਂ ਨਵੇਂ ਸਾਲ ਦੇ ਸੂਰਜ ਦੀਆਂ ਸੁਨਿਹਰੀ ਕਿਰਨਾਂ ਨੇ ਸਾਡੇ ਬੂਹਿਆਂ, ਕੰਧਾਂ, ਕੋਠਿਆਂ ਦੇ ਨਾਲ -ਨਾਲ ਖੇਤਾਂ ਵਿੱਚ ਪੱਕ ਰਹੀਆਂ ਫਸਲਾਂ ‘ਤੇ ਦਸਤਕ ਦਿਤੀ ਸੀ ਤਾਂ ਉਸ ਧੁੰਦਲੀ ਸਵੇਰ ਦੀ ਸਾਰੀ ਧੁੰਦ ਛੰਟ ਗਈ ਸੀ ਤੇ ਉਸ ਨਵੇਂ ਸਾਲ ਦੇ ਸੂਰਜ ਦੀ ਤੇਜ਼ ਰੌਸ਼ਣੀ ਨੇ ਹੋਰਨਾਂ ਲੋਕਾਂ ਦੇ ਨਾਲ- ਨਾਲ ਕਿਸਾਨਾਂ ਦੇ ਮਨਾਂ ਅੰਦਰ ਵੀ ਇਕ ਨਵੀਂ ਆਸ-ਉਮੀਦ ਜਗਾ ਦਿਤੀ ਸੀ ਕਿ ਸ਼ਾਇਦ ਇਹ ਨਵੇਂ ਸਾਲ ਦਾ ਸੂਰਜ ਉਹਨਾਂ ਦੀ ਜਿੰਦਗੀ ਵਿਚ ਵੀ ਰੌਸ਼ਣੀਆਂ ਭਰ ਦੇਵੇ ਤੇ ਖੇਤਾਂ ਵਿਚ ਉਹਨਾਂ ਦੀ ਫਸਲ ਉਪਰ  ਤੇ ਘਰਾਂ ਵਿਚ ਉਹਨਾਂ ਦੀ ਜਿੰਦਗੀ ਉਪਰ ਬਹਾਰ ਆ ਸਕੇ ਪਰ ਹੋਣੀ ਨੂੰ ਕੁਝ ਹੋਰ ਹੀ ਮਨਜੂਰ ਲੱਗਦੈ| ਇਹ ਕਿਸੇ ਦੇ ਚਿੱਤ ਚੇਤੇ ਹੀ ਨਹੀਂ ਸੀ ਕਿ ਇਹ ਵਰ੍ਹਾ ਆਪਣੇ ਸ਼ੁਰੂਆਤੀ ਦੌਰ ਵਿਚ ਹੀ  ਕਿਸਾਨਾਂ ਦੀ ਜਿੰਦਗੀ ਵਿਚ ਰੌਸ਼ਣੀਆਂ ਲਿਆਉਣ ਦੀ ਥਾਂ ਘੁੱਪ ਹਨੇਰਾ ਹੀ ਭਰ ਦੇਵੇਗਾ | ਨਵੇਂ ਵਰ੍ਹੇ 2016 ਨੂੰ ਸ਼ੁਰੂ ਹੋਇਆਂ ਅਜੇ ਚਾਰ ਕੁ ਮਹੀਨੇ ਦਾ ਸਮਾਂ ਹੀ ਬੀਤਿਆ ਹੈ ਪਰ ਹੁਣ ਤੱਕ ਏਨੇ ਜਿਆਦਾ ਪੰਜਾਬੀ ਕਿਸਾਨ ਤੇ ਖੇਤ ਮਜਦੂਰ ਆਤਮ ਹਤਿਆਵਾਂ ਕਰ ਚੁਕੇ ਹਨ ਕਿ ਹਰ ਦਿਨ ਹੀ ਅਖਬਾਰਾਂ ਵਿਚ ਇਕੋ ਦਿਨ ਹੀ ਦੋ- ਦੋ, ਤਿੰਨ- ਤਿੰਨ ਕਿਸਾਨਾਂ ਦੇ ਖੁਦਕਸ਼ੀਆਂ ਕਰਨ ਦੀਆਂ ਸੁਰਖੀਆਂ ਲੱਗੀਆਂ ਹੁੰਦੀਆਂ ਨੇ| ਕਰਜ਼ੇ ਤੋਂ ਦੁੱਖੀ ਕਿਸਾਨ ਆਪ ਤਾਂ ਖੁਦਕਸ਼ੀਆਂ ਕਰੀ ਜਾਂਦੇ ਨੇ ਪਰ ਪਿੱਛੇ ਉਹਨਾਂ ਦੇ ਪਰਿਵਾਰਾਂ ਦੀ ਜਿੰਦਗੀ ਵਿਚ ਸਿਰਫ਼ ਘੁੱਪ ਹਨੇਰਾ ਹੀ ਰਹਿ ਜਾਂਦੈ, ਜਿਥੇ ਕਿਸੇ ਸੂਰਜ ਦੇ ਚੜ੍ਹਨ ਦੀ ਹੀ ਕੋਈ ਉਮੀਦ ਨਹੀਂ ਹੁੰਦੀ ਤੇ ਸੂਰਜ ਨੇ ਮਘਣਾ ਤਾਂ ਕਿਥੇ ਹੁੰਦੈ|
ਸਿਤਮਜਰੀਫ਼ੀ ਦੇਖੋ, ਕਰਜ਼ੇ ਨੇ ਪਹਿਲਾਂ ਕਿਸਾਨਾਂ ਦੀਆਂ ਜ਼ਮੀਨਾਂ ਨਿਗਲ ਲਈਆਂ ਤੇ ਹੁਣ ਕਿਸਾਨਾਂ ਦੀਆਂ ਜਿੰਦਗੀਆਂ ਨੂੰ ਨਿਗਲ ਰਿਹੈ| ਕਿਸਾਨ ਕਰਜ਼ੇ ਤੋਂ ਦੁਖੀ ਹੋ ਕੇ ਹਰ ਦਿਨ ਹੀ ਖੁਦਕਸ਼ੀਆਂ ਕਰੀ ਜਾਂਦੇ ਨੇ ਤੇ ਇਕ ਉਚ ਪੱਧਰੀ ਰਾਜਸੀ ਆਗੂ ਤਾਂ ਇਸ ਨੂੰ ਖੁਦਕਸ਼ੀਆਂ ਕਰਨ ਦਾ ਰਿਵਾਜ਼ ਹੀ ਦਸ ਚੁਕਿਐ| ਇਸ ਤੋਂ ਇਲਾਵਾ ਕਿਸਾਨਾਂ ਦੀਆਂ ਖੁਦਕੁਸ਼ੀਆਂ ਉਪਰ ਸਿਆਸਤ ਵੀ ਸ਼ੁਰੂ ਹੋ ਚੁੱਕੀ ਹੈ ਪਰ ਉਹਨਾਂ ਲੋਕਾਂ ਦੇ ਦੁੱਖਾਂ ਦੀ ਕੋਈ ਥਾਹ ਨਹੀਂ ਪਾ ਸਕਦਾ,ਜਿਹਨਾਂ ਦੇ ਪਰਿਵਾਰਕ ਮੈਂਬਰ ਖੁਦਕਸ਼ੀਆਂ ਕਰ ਗਏ ਨੇ|  29 ਮਾਰਚ 2016 ਨੂੰ ਤਾਂ  ਪੰਜਾਬ ਦੇ ਬਠਿੰਡਾ ਤੇ ਮਾਨਸਾ ਇਲਾਕੇ ਵਿਚ ਤਿੰਨ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਨੇ| ਇਸੇ ਤਰਾਂ 12 ਮਈ 2016 ਨੂੰ ਪੰਜਾਬ ਵਿਚ ਵੱਖ ਵੱਖ ਥਾਵਾਂ ਉਪਰ ਇਕੋ ਦਿਨ ਅੱਧੀ ਦਰਜ਼ਨ ਕਿਸਾਨ ਖੁਦਕਸ਼ੀ ਕਰ ਚੁਕੇ ਹਨ|  ਇਸ ਤੋਂ ਇਲਾਵਾ ਹਰ ਦਿਨ ਹੀ ਕਿਸਾਨਾਂ ਵਲੋਂ ਕਰਜ਼ੇ ਤੋਂ ਦੁਖੀ ਹੋ ਕੇ ਖੁਦਕਸ਼ੀਆਂ ਕਰਨ ਦੀ ਖ਼ਬਰ ਅਸੀਂ ਪੜ੍ਹਦੇ ਸੁਣਦੇ ਹਾਂ| ਕੌੜੀ ਵੇਲ ਵਾਂਗ ਵੱਧ ਰਹੀ ਮਹਿੰਗਾਈ ਦੇ ਨਾਲ ਨਾਲ ਹੀ ਕਿਸਾਨਾਂ ਖੇਤ ਮਜਦੂਰਾਂ ਵਲੋਂ ਖੁਦਕਸ਼ੀਆਂ ਕਰਨ ਦਾ ਰੁਝਾਨ ਵੀ ਵੱਧਦਾ ਹੀ ਜਾ ਰਿਹਾ ਹੈ, ਜਿਸ ਨੂੰ ਕੋਈ ਠੱਲ ਨਹੀਂ ਪੈ ਰਹੀ| ਪੰਜਾਬ ਦੇ ਕਿਸਾਨਾਂ ਨੂੰ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਹੈ| ਪੰਜਾਬ ਭਾਰਤ ਦੇ ਅੰਨ ਭੰਡਾਰ ਵਿੱਚ ਸਭ ਤੋਂ ਜਿਆਦਾ ਹਿੱਸਾ ਕਰੀਬ 70 ਫੀਸਦੀ ਪਾਉਂਦਾ ਹੈ| ਭਾਰਤ ਅੰਨ ਪੱਖੋਂ ਪੰਜਾਬ ਦੇ ਉਪਰ ਨਿਰਭਰ ਹੈ ਅਤੇ ਪੰਜਾਬ ਅੰਨ ਦੀ ਪੈਦਾਵਾਰ ਲਈ ਆਪਣੇ ਕਿਸਾਨਾਂ ਉਪਰ ਨਿਰਭਰ ਹੈ ਪਰ ਕੀ ਕਾਰਨ ਹੈ ਕਿ ਦੇਸ਼ ਦਾ ਅੰਨਦਾਤਾ ਆਪ ਭੁੱਖੇ ਢਿੱਡ ਰਹਿਣ ਲਈ ਮਜ਼ਬੂਰ ਹੈ| ਇਹ ਪੰਜਾਬੀ ਕਿਸਾਨ ਹੀ ਹਨ, ਜਿਹਨਾਂ ਨੇ ਪੰਜਾਬ ਦੀ ਧਰਤੀ ਉਪਰੋਂ ਸੰਘਣੇ ਜੰਗਲਾਂ ਨੂੰ ਸਾਫ ਕਰਕੇ ਉਥੇ ਖੇਤੀ ਕਰਨੀ ਸ਼ੁਰੂ ਕੀਤੀ ਤੇ ਤੇਜ਼ ਗਰਮੀ ਦੇ ਨਾਲ -ਨਾਲ ਹੱਢ ਚੀਰਵੀਂ ਠੰਡ ਵਿਚ ਵੀ ਦਿਨ ਤੇ ਰਾਤਾਂ ਨੂੰ ਵੀ ਜਾਗ ਕੇ ਫਸਲਾਂ ਨੂੰ ਪੁੱਤਾਂ ਵਾਂਗ ਪਾਲਿਆਂ| ਸਰਦੀਆਂ ਦੀ ਰੁੱਤ ‘ਚ  ਪੈਂਦੇ ਕੱਕਰ ‘ਚ ਬਰਫ਼ ਵਰਗੇ ਠੰਡੇ ਪਾਣੀ ‘ਚ ਨੰਗੇ ਪੈਰੀ ਨੱਕੇ ਮੋੜਨ ਵਾਲਾ ਪੰਜਾਬੀ ਕਿਸਾਨ ਅੱਜ ਜੇ  ਖੁਦਕਸ਼ੀਆਂ ਕਰਨ ਦੇ ਰਾਹ ਪੈ ਗਿਆ ਹੈ, ਤਾਂ ਇਸ ਦੇ ਵੀ ਕਈ ਕਾਰਨ ਹਨ, ਕਿਸਾਨਾਂ ਦਾ ਖੁਦਕਸ਼ੀਆਂ ਕਰਨਾ ਬਹੁਤ ਚਿੰਤਾ ਦਾ ਵਿਸ਼ਾ ਹੈ|
ਸੰਨ- 47 ਦਾ ਦਰਦ ਹੰਢਾ ਚੁੱਕੇ ਲੋਕਾਂ ਨੂੰ ਚੰਗੀ ਤਰਾਂ ਯਾਦ ਹੋਵੇਗਾ ਕਿ ਪਾਕਿਸਤਾਨ ਦੇ ਇਲਾਕੇ ਵਿਚ ਬਾਰਾਂ ਨੂੰ ਆਬਾਦ ਕਰਨ ਵਾਲੇ ਵੀ ਤਾਂ ਪੰਜਾਬੀ ਕਿਸਾਨ ਹੀ ਸਨ,ਜਿਹਨਾਂ ਨੇ ਸਖਤ ਮਿਹਨਤ ਕਰਕੇ ਬਾਰਾਂ ਦੇ ਜੰਗਲੀ ਇਲਾਕੇ ਨੂੰ ਉਪਜਾਊ ਧਰਤੀ ਵਿਚ ਬਦਲ ਦਿਤਾ ਸੀ,ਜਿਥੇ ਕਿਤੇ ਜੰਗਲ ਹੁੰਦੇ ਸਨ,ਉਥੇ ਹਰ ਪਾਸੇ ਫਸਲਾਂ ਪੈਲਾਂ ਪਾਉਣ ਲੱਗ ਪਈਆਂ ਸਨ| 15 ਅਗਸਤ 1947 ਨੂੰ ਦੇਸ਼ ਤਾਂ ਆਜ਼ਾਦ ਹੋ ਗਿਆ ਸੀ ਪਰ ਦੇਸ਼ ਦੇ ਦੋ ਟੋਟੇ ਵੀ ਹੋ ਗਏ ਸਨ ਤੇ ਬਾਰਾਂ ਦਾ ਇਲਾਕਾ ਪਾਕਿਸਤਾਨ ਵਿਚ ਆ ਜਾਣ ਕਾਰਨ ਉਥੋਂ ਪੰਜਾਬੀ ਖਾਸ ਕਰਕੇ ਸਿੱਖ ਕਿਸਾਨਾਂ ਨੂੰ ਉਜੜ ਕੇ ਭਾਰਤ ਦੇ ਇਲਾਕੇ ਵਿਚ ਆਉਣ ਪਿਆ ਸੀ|
ਪੰਜਾਬੀ ਕਿਸਾਨਾਂ ਦੀ ਸਖਤ ਮਿਹਨਤ ਕਰਕੇ ਹੀ ਭਾਰਤ ਦੇ ਹੋਰਨਾਂ ਸੂਬਿਆਂ ਵਲੋਂ ਆਪਣੇ ਸੂਬਿਆਂ ਵਿਚ ਜ਼ਮੀਨਾਂ ਦੇ ਕੇ ਵਸਾਇਆ ਗਿਆ| ਅਸਾਮ,ਗੁਜਰਾਤ ਤੇ ਹੋਰ ਸੂਬਿਆਂ ਵਿਚ ਪੰਜਾਬੀ ਕਿਸਾਨਾਂ ਨੇ ਬੰਜਰ ਜ਼ਮੀਨ ਨੂੰ ਹੀ ਆਪਣੀ ਮਿਹਨਤ ਕਰਕੇ ਉਪਜਾਊ ਕਰ ਦਿਤਾ,ਹੁਣ ਭਾਵੇਂ ਜ਼ਮੀਨਾਂ ਉਪਜਾਊ ਹੋ ਜਾਣ ਕਰਕੇ ਇਹਨਾਂ ਕਿਸਾਨਾਂ ਨੂੰ ਉਜਾੜੇ ਦਾ ਡਰ ਸਤਾਉਣ ਲੱਗਿਆ ਹੈ|
ਪੰਜਾਬ ਵਿਚ ਹੀ ਪੰਜਾਬੀ  ਕਿਸਾਨਾਂ ਵਿਚੋਂ ਅਨੇਕਾ ਕਿਸਾਨਾਂ ਦੀ ਆਰਥਿਕ ਹਾਲਤ ਡਾਵਾਂਡੋਲ ਹੈ| ਵੱਡੇ ਕਿਸਾਨਾਂ ਦੀ ਦੇਖਾਦੇਖੀ ਆਮ ਕਿਸਾਨ ਵੀ ਆਪਣੇ ਖਰਚੇ ਵਧਾ ਲੈਂਦਾ ਹੈ,ਇਹੀ ਖਰਚੇ ਹੀ ਫਿਰ ਕਿਸਾਨ ਲਈ ਜੀ ਦਾ ਜੰਜਾਲ ਬਣ ਜਾਂਦੇ ਹਨ| ਕਿਸਾਨਾਂ ਦੇ ਕਰਜ਼ੇ ਦੀ ਮਾਰ ਹੇਠ ਆਉਣ ਦੇ ਕਈ ਕਾਰਨ ਹਨ| ਇਹ ਹਰ ਦਿਨ ਹੀ ਦੇਖਿਆ ਜਾਂਦਾ ਹੈ ਕਿ ਅੱਜ ਵੱਡੇ ਕਿਸਾਨਾਂ-ਜਿੰਮੀਦਾਰਾਂ ਤੋਂ ਲੈ ਕੇ ਦੋ ਤਿੰਨ ਏਕੜ ਦੇ ਮਾਲਕ ਕਿਸਾਨ ਜਾਂ ਫਿਰ ਠੇਕੇ ਉਪਰ ਹੀ ਜ਼ਮੀਨ ਲੈ ਕੇ ਵਾਹੁਣ ਵਾਲੇ ਕਿਸਾਨ ਵੀ ਆਪਣੇ ਬਚਿਆਂ ਦੇ ਵਿਆਹ ਮਹਿੰਗੇ ਮੈਰਿਜ ਪੈਲਿਸਾਂ ‘ਚ ਕਰਨ ਲੱਗ ਪਏ ਹਨ,  ਕਈ ਕਿਸਾਨਾਂ ਵਲੋਂ ਆਪਣੀਆਂ ਧੀਆਂ ਦੇ ਵਿਆਹ ਮੌਕੇ ਵੱਡੀਆਂ ਤੇ ਮਹਿੰਗੀਆਂ ਕਾਰਾਂ ਦਾਜ਼ ਵਿਚ ਦਿਤੀਆਂ ਜਾ ਰਹੀਆਂ ਹਨ| ਕਈ ਕਿਸਾਨਾਂ ਦੇ ‘ਕਾਕੇ’  ਖੇਤ ਜਾਣ ਦੀ ਥਾਂ ਚਿੱਟੇ ਕੁੜਤੇ ਪਜਾਮੇ ਪਾ ਕੇ ਸ਼ਹਿਰਾਂ ਵਿਚ ਘੁੰਮਣ ਨੂੰ ਤਰਜੀਹ ਦੇਣ ਲੱਗੇ ਹਨ | ਕਈ ਕਿਸਾਨਾਂ ਦੇ ਕਾਕਿਆਂ ਕੌਲ ਤਾਂ ਲੱਖਾਂ ਰੁਪਏ ਦੀਆਂ ਮਹਿੰਗੀਆਂ ਗੱਡੀਆਂ  ਹਨ, ਜਿਹਨਾਂ ਵਿਚ ਉਹ ਘੁੰਮਦੇ ਹਨ| ਇਸ ਤੋਂ ਇਲਾਵਾ ਵੱਡੇ ਜਿੰਮੀਦਾਰਾਂ ਵਾਂਗ ਹੀ ਛੋਟੇ ਕਿਸਾਨਾਂ ਕੋਲ ਵੀ ਆਪਣੇ ਟ੍ਰੈਕਟਰ ਟਰਾਲੀਆਂ ਹਨ,ਜੋ ਕਿ ਜ਼ਿਆਦਾਤਰ ਕਿਸ਼ਤਾਂ ਉਪਰ ਹੀ ਲਏ ਹੁੰਦੇ ਹਨ| ਕਈ ਵਾਰ ਇਹਨਾਂ ਟ੍ਰੈਕਟਰਾਂ ਦੀਆਂ ਕਿਸ਼ਤਾਂ ਭਰਦੇ ਭਰਦੇ ਹੀ ਕਿਸਾਨ ਜਵਾਨੀ ਵਿਚ ਹੀ ਬੁੱਢਾ ਹੋ ਜਾਂਦਾ ਹੈ|  ਇਹ ਵੀ ਦੇਖਣ ਵਿਚ ਆਇਆ ਹੈ ਕਿ ਬਾਜਾਰ ਵਿਚ ਜਦੋਂ ਵੀ ਕੋਈ ਰੇਡੀਮੇਡ ਕੱਪੜਾ, ਜੀਨ, ਟੀ ਸ਼ਰਟ ਆਦਿ ਆਉਂਦੇ ਹਨ ਤਾਂ ਇਹਨਾਂ ਨੂੰ ਖਰੀਦਣ ਵਾਲੇ ਸਭ ਤੋਂ ਪਹਿਲਾਂ ਕਿਸਾਨਾਂ ਦੇ ਪੁੱਤ ਹੀ ਹੁੰਦੇ ਹਨ| ਇਸ ਤਰਾਂ ਸ਼ਹਿਰੀ ਲੋਕਾਂ ਦੀ ਦੇਖਾਦੇਖੀ ਇਹ ਕਿਸਾਨਾਂ ਦੇ ਕਾਕੇ ਨਾ ਸ਼ਹਿਰੀ ਰਹਿੰਦੇ ਹਨ ਤੇ ਨਾ ਹੀ ਪੇਂਡੂ| ਇਹ ਕਾਕੇ ਬੋਲੀ ਤਾਂ ਪੇਂਡੂ ਬੋਲਦੇ ਹਨ ਪਰ ਕਪੜੇ ਇੰਗਲਿਸ਼ ਸਟਾਇਲ ਦੇ ਪਾਉਂਦੇ ਹਨ ਅਤੇ ਖੁੱਲਾ ਖਰਚਾ ਕਰਦੇ ਹਨ| ਇਹ ਵੀ ਇਕ ਕਾਰਨ ਹੈ ਕਿਸਾਨਾਂ ਦੀ ਆਰਥਿਕ ਹਾਲਤ ਦੇ ਡਾਵਾਂ ਡੋਲ ਦਾ| ਇਸ ਤੋਂ ਇਲਾਵਾ ਲੜਾਈ ਝਗੜੇ ਕਰਨ ਵਿਚ ਵੀ ਕਿਸਾਨਾਂ ਦੇ ਕਾਕੇ ਮੋਹਰੀ ਹੁੰਦੇ ਹਨ ਫਿਰ ਕਈ ਸਾਲ ਅਦਾਲਤੀ ਕੇਸਾਂ ਤੇ ਥਾਣੇ ਕਚਹਿਰੀਆਂ ਦੇ ਚੱਕਰਾਂ ਵਿਚ ਬਾਪੂ ਕਿਸਾਨਾਂ ਦੀ ਉਮਰ ਹੋਰ ਵੀ ਬੀਤ ਜਾਂਦੀ ਹੈ|
ਇਸ ਤਰਾਂ ਸਾਰੀ ਉਮਰ ਹੀ ਕਿਸਾਨ ਦੀ ਕਰਜ਼ੇ ਦੇ ਜੰਜਾਲ ਵਿਚ ਫਸੇ ਦੀ ਲੰਘ ਜਾਂਦੀ ਹੈ ਪਰ ਕਰਜ਼ਾ ਨਹਂੀਂ ਮੁਕਦਾ| ਕਿਸਾਨ ਦੀ ਜਿੰਦਗੀ ਮੁੱਕ ਜਾਂਦੀ ਹੈ ਪਰ ਸ਼ਾਹਾਂ,ਸਰਕਾਰ ਤੇ ਸੁਸਾਇਟੀਆਂ ਦਾ ਕਰਜਾ ਨਹੀਂ ਮੁਕਦਾ| ਇਸ ਤਰਾਂ ਖੇਤਾਂ ਦੇ ਮਾਲਕ ਕਿਸਾਨ ਜ਼ਮੀਨ ਵੇਚਣ ਲਈ ਮਜਬੂਰ ਹੋ ਜਾਂਦੇ ਹਨ| ਵੱਡੀ ਗਿਣਤੀ ਕਿਸਾਨ ਜ਼ਮੀਨ ਵੇਚੇ ਜਾਂ ਗਹਿਣੇ ਹੋਣ ਕਰਕੇ ਖੇਤੀ ਦੀ ਥਾਂ ਹੋਰ ਕੰਮ ਕਰਨ ਲਈ ਮਜਬੂਰ ਹੋ ਗਏ ਹਨ| ਕਈ ਗਰੀਬ ਕਿਸਾਨ ਤਾਂ ਸ਼ਹਿਰਾਂ ਦੇ ਲੇਬਰ ਚੌਂਕਾਂ ਵਿਚ ਖੜਕੇ ਲੇਬਰ ਦਾ ਕੰਮ ਲੱਭਦੇ ਵੇਖੇ ਜਾਂਦੇ ਹਨ| ਇਹ ਕਿਸਾਨ ਦੀ ਅਸਲ ਤਸਵੀਰ ਹੈ|
ਹੁਣ ਹਰ ਆਮ ਵਿਅਕਤੀ ਸੋਚਦਾ ਹੈ ਕਿ ਆਖਰ ਇਹ  ਹੋ ਕੀ ਰਿਹੈ, ਕਿਉਂ ਪੰਜਾਬ ਵਿੱਚ ਇੱਕ ਪਾਸੇ ਕਿਸਾਨ-ਮਜ਼ਦੂਰ ਖੁਦਕਸ਼ੀਆਂ ਕਰ ਰਹੇ ਨੇ ਤੇ ਦੁਜੇ ਪਾਸੇ ਖੇਤਾਂ ਵਿਚ ਬਣੇ ਮਹਿਲਾਂ ਵਰਗੇ ਘਰ ਤੇ ਮਹਿੰਗੀਆਂ ਗੱਡੀਆਂ ਵਿੱਚ ਘੁੰਮਦੇ ਕਈ (ਸਾਰੇ ਨਹੀਂ ) ਕਿਸਾਨਾਂ ਦੇ ਅੱਧਪੜ੍ਹ ਕਾਕੇ ਐਸ਼ਪ੍ਰਸਤੀ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਨੇ| ਕਿਸਾਨਾਂ ਦੀਆਂ  ਖੁਦਕਸ਼ੀਆਂ ਤੇ ਕਿਸਾਨਾਂ ਦੇ ਕਾਕਿਆਂ ਦੀ ਐਸ਼ਪ੍ਰਸਤੀ ਅਸਲ ਵਿੱਚ  ਆਪਾ ਵਿਰੋਧੀ ਗਲਾਂ ਨੇ ਪਰ ਹਨ ਬਿਲਕੁਲ ਸੱਚ ਅਤੇ ਦੋਵਾਂ ਵਿਚਾਲੇ ਡੂੰਘਾਂ ਸਬੰਧ ਵੀ ਹੈ|
ਕੋਈ ਦਿਨ ਹੀ ਜਾਂਦਾ ਹੈ ਜਿਸ ਦਿਨ ਪੰਜਾਬ ਦੇ ਕਿਸੇ ਪਿੰਡ ਜਾਂ ਕਸਬੇ ਵਿਚੋਂ ਕਿਸਾਨ ਜਾਂ ਮਜ਼ਦੂਰ ਵਲੋਂ ਖੁਦਕੁਸ਼ੀ ਕਰਨ ਦੀ ਖਬਰ ਨਾ ਆਉਂਦੀ ਹੋਵੇ| ਖੇਤਾਂ ਦੇ ਪੁੱਤ ਹੁਣ ਖੇਤਾਂ ਵਿਚ ਹੀ ਖੁਦਕੁਸ਼ੀ ਕਰਨ ਨੂੰ ਕਿਉਂ ਮਜ਼ਬੂਰ ਹੋ ਰਹੇ ਹਨ , ਇਸ ਤਰਾਂ ਦੇ ਕਈ ਸਵਾਲ ਹਰ ਇੱਕ ਦਿਮਾਗ ਵਿੱਚ ਘੁੰਮਦੇ ਹਨ| ਕੁੱਝ ਵਿਦਵਾਨਾਂ ਦਾ ਕਹਿਣੈ ਕਿ ਕਿਸਾਨਾਂ ਦੀ ਆਰਥਿਕ ਹਾਲਤ ਵਿਚ ਨਿਘਾਰ ਲਈ ਸਰਕਾਰ ਜਿੰਮੇਵਾਰ  ਹੈ, ਫਸਲਾਂ ਦਾ ਸਹੀ ਭਾਅ ਨਹੀਂ ਮਿਲਦਾ ਤੇ ਜੋ ਪੈਸੇ ਮਿਲਦੇ ਨੇ ,ਉਹ ਪਿਛਲਾ ਕਰਜਾ ਲਾਹੁਣ ਵਿਚ ਹੀ ਖਤਮ ਹੋ ਜਾਂਦੇ ਨੇ|  ਪੰਜਾਬ ਵਿਚ ਬਾਰਾਂ ਹਜਾਰ ਤੋਂ ਵੱਧ ਪਿੰਡ ਹਨ ਤੇ ਇਹਨਾਂ ਪਿੰਡਾਂ ਵਿਚ ਪਹਿਲਾਂ ਆਪਸੀ ਦੂਰੀ ਕਾਫੀ ਜਿਆਦਾ ਸੀ,ਹੁਣ ਇਹ ਘੱਟ ਗਈ ਹੈ ਇਸਦਾ ਕਾਰਨ ਪਿੰਡਾਂ ਦੀ ਆਬਾਦੀ ਵੱਧਦੀ ਵੱਧਦੀ ਹੁਣ ਖੇਤਾਂ ਤੱਕ ਵੀ ਪਹੁੰਚ ਗਈ ਹੈ| ਇੱਕ ਪਾਸੇ ਕਿਸਾਨਾਂ ਨੂੰ ਫਸਲਾਂ ਦਾ ਉਚਿਤ ਮੁੱਲ ਨਹੀਂ ਮਿਲਦਾ ਪਰ ਹਰ ਸਾਲ ਹੀ ਖਾਦ ਤੇ ਹੋਰ ਖੇਤੀ ਨਾਲ ਸਬੰਧਿਤ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਹਨ| ਪੰਜਾਬ ਵਿਚ ਕਦੇ ਸੋਕਾ ਪੈ ਜਾਂਦਾ ਹੈ ਤੇ ਲੰਬਾਂ ਸਮਾਂ ਮੀਂਹ ਹੀ ਨਹੀਂ ਪੈਂਦਾ ਤੇ ਕਦੇ ਪੰਜਾਬ ਵਿਚ ਹੜ੍ਹ ਆ ਜਾਂਦਾ ਹੈ ਤੇ ਕਿਸਾਨਾਂ ਦੀ ਫਸਲ ਹੜ੍ਹ ਵਿੱਚ ਹੀ ਰੁੜ ਜਾਂਦੀ ਹੈ| ਜਦੋਂ ਹੜ ਵਿਚ ਫਸਲ ਰੁੜ ਜਾਵੇ ਜਾਂ ਸੋਕੇ ਕਾਰਨ ਸੁੱਕ ਹੀ ਜਾਵੇ, ਸ਼ਾਹ ਦਾ ਕਰਜਾ ਹੋਰ ਵੱਧ ਜਾਵੇ ,ਬੈਂਕ ਵਾਲੇ ਕਿਸ਼ਤਾਂ ਉਪਰ ਲਏ ਟ੍ਰੈਕਟਰ ਨੂੰ ਕਿਸ਼ਤਾਂ ਨਾ ਭਰਨ ਕਰਕੇ ਲੈ ਜਾਣ ਜਾਂ ਘਰਾਂ ਦੀ ਕੁਰਕੀ ਕਰਨ ਦੀ ਧਮਕੀ ਦੇਣ,ਲੱਖਾਂ ਰੁਪਏ ਲਗਾ ਕੇ ਮੈਰਿਜ ਪੈਲੇਸਾਂ ਵਿਚ ਵਿਆਹ ਕਰਨ ਦੇ ਬਾਵਜੂਦ ਧੀ ਸਹੁਰੇ ਸੁਖੀ ਨਾ ਹੋਵੇ , ਪੁੱਤ ਕੰਮ ਕਰਨ ਦੀ ਥਾਂ ਨਸ਼ਈ ਹੋਵੇ ਤਾਂ ਫਿਰ ਅਜਿਹਾ ਕਿਸਾਨ ਖੁਦਕਸ਼ੀ ਨਹੀਂ ਕਰੇਗਾ ਤਾਂ ਹੋਰ ਦਸੋ ਫੇਰ ਕੀ ਕਰੇਗਾ|
ਇੱਕ ਪਾਸੇ ਕਈ ਕਿਸਾਨ ਅਜਿਹੇ ਹਨ ਜਿਹਨਾਂ ਦੇ ਘਰ ਕਰਜ਼ਾ ਵਾਪਸ ਮੰਗਣ ਵਾਲੇ ਨਿੱਤ ਗੇੜੇ ਮਾਰ ਰਹੇ ਹਨ,ਮੁੰਡੇ ਖੇਤਾਂ ਵਿਚ ਮਿੱਟੀ ਨਾਲ ਮਿੱਟੀ ਹੋਏ ਰਹਿੰਦੇ ਹਨ,ਪਰ ਦੂਜੇ ਪਾਸੇ ਅਜਿਹੇ ਕਿਸਾਨ ਵੀ ਹਨ,ਜੋ ਕਿ ਖੇਤ ਵੀ ਵੱਡੀ ਗੱਡੀ ਵਿਚ ਗੇੜਾ ਜਿਹਾ ਮਾਰਨ ਜਾਂਦੇ ਨੇ, ਮੁੰਡੇ ਕਾਰਾਂ ਉਪਰ ਪੱਠੇ ਲੈ ਕੇ ਆਂਉਂਦੇ ਨੇ| ਖੇਤਾਂ ਵਿਚ ਤੇ ਘਰਾਂ ਵਿਚ ਕੰਮ ਕਰਨ ਲਈ ਮਜ਼ਦੂਰ ਰੱਖੇ ਹੋਏ ਹਨ| ਅਸਲ ਵਿੱਚ ਖੇਤੀ ਖੇਤਰ ਵਿਚ ਵੀ ਹੁਣ ਪੂੰਜੀਵਾਦ ਆ ਗਿਆ ਹੈ| ਅਮੀਰ ਕਿਸਾਨ ਹੋਰ ਅਮੀਰ ਹੋ ਰਿਹਾ ਹੈ| ਗਰੀਬ ਕਿਸਾਨ ਹੋਰ ਗਰੀਬ ਹੋ ਰਿਹਾ ਹੈ| ਵੱਖ- ਵੱਖ ਥਾਵਾਂ ਉਪਰ ਲੱਗਦੀਆਂ ਟ੍ਰੈਕਟਰ ਮੰੰਡੀਆਂ ਵਿੱਚ ਕਿਸਾਨਾਂ ਦੇ ਨਵੇਂ ਟ੍ਰੈਕਟਰ ਹੀ ਵਿਕਣ ਲਈ ਖੜੇ ਵੇਖੇ ਜਾ ਸਕਦੇ ਹਨ| ਗਰੀਬ ਕਿਸਾਨਾਂ ਦੇ ਸੁਪਨੇ ਖੇਤਾਂ ਦੀ ਮਿੱਟੀ ਵਿੱਚ ਕੰਮ ਕਰਦਿਆਂ ਮਿੱਟੀ ਵਿੱਚ ਹੀ ਰੁਲ ਰਹੇ ਹਨ|
ਜਿਹੜੇ ਕਿਸਾਨਾਂ ਨੇ ਪੰਜਾਬ ਦੀ ਧਰਤੀ ਉਪਰ ਚਿੱਟਾ ਤੇ ਹਰਾ ਇਨਕਲਾਬ ਲਿਆਂਦਾ , ਉਹਨਾਂ ਦੀ ਹਾਲਤ ‘ਚ ਸੁਧਾਰ ਲਈ ਫੌਕੀ ਸ਼ੁਹਰਤਬਾਜੀ ਵਾਲੇ ਬਿਆਨ ਦੇਣ ਦੀ ਥਾਂ ਠੋਸ ਰੂਪ ਵਿਚ ਕਾਰਵਾਈ ਕਰਨ ਦੀ ਲੋੜ ਹੈ| ਇਸ ਦੇ ਨਾਲ ਹੀ ਸਰਕਾਰ ਨੂੰ ਖਰਾਬ ਹੋਈਆਂ ਫਸਲਾਂ ਦੇ ਯੋਗ ਮੁਆਵਜ਼ੇ ਦੇ ਨਾਲ ਹੀ ਕਿਸਾਨਾਂ ਸਮੇਤ ਸਮਾਜ ਦੇ ਹਰ ਵਰਗ ਦੇ ਲੋਕਾਂ ਦੇ ਬੱਚਿਆਂ ਲਈ ਹੀ ਰੁਜ਼ਗਾਰ ਦੇ ਵਸੀਲੇ ਹੋਰ ਪੈਦਾ ਕਰਨੇ ਚਾਹੀਂਦੇ ਹਨ | ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ  ਖੇਤੀ ਦੇ ਨਾਲ ਨਾਲ ਸਹਾਇਕ ਧੰਦਿਆਂ ਨੂੰ ਵੀ ਅਪਨਾਉਣ ਤਾਂ ਕਿ ਕੁਦਰਤੀ ਆਫਤਾਂ ਸਮੇਂ ਜੇ ਫਸਲ ਖਰਾਬ ਹੋ ਜਾਵੇ ਤਾਂ ਸਰਕਾਰ ਦੀ ਸਹਾਇਤਾ ਉਡੀਕਣ ਦੀ ਥਾਂ ਦੂਜੇ ਸਹਾਇਕ ਧੰਦਿਆਂ ਕਾਰਨ ਕਿਸਾਨਾਂ ਦੇ  ਘਰਾਂ  ਦਾ ਖਰਚ ਤਾਂ ਚੱਲ ਸਕੇ| ਇਸ ਤਰਾਂ ਕਿਸਾਨਾਂ ਲਈ ਰੁਜ਼ਗਾਰ ਦੇ ਹੋਰ ਵਸੀਲੇ ਪੈਦਾ ਕਰਕੇ ਕਿਸਾਨਾਂ ਦੀ ਆਰਥਿਕ ਹਾਲਤ ‘ਚ ਸੁਧਾਰ ਹੋਵੇਗਾ ਅਤੇ ਉਹ ਖੁਦਕੁਸ਼ੀ ਵਰਗੇ ਰਾਹ ਅਪਨਾਉਣ ਤੋਂ ਗੁਰੇਜ਼ ਕਰਨਗੇ|
ਖੇਤਾਂ ‘ਚ ਮਿੱਟੀ ਨਾਲ ਕੰਮ ਕਰਦੇ ਹੋਏ ਕਿਸਾਨਾਂ ਦੇ ਸੁਪਨੇ ਮਿੱਟੀ ਹੋਣ ਤੋਂ ਬਚਾਉਣ ਲਈ ਸਾਝੇ ਤੌਰ ‘ਤੇ ਉਪਰਾਲੇ ਕਰਨ ਦੀ ਲੋੜ ਹੈ|
ਜਗਮੋਹਨ ਸਿੰਘ ਲੱਕੀ

Leave a Reply

Your email address will not be published. Required fields are marked *