ਕਲਗੀਧਰ ਸੇਵਕ ਜੱਥੇ ਵੱਲੋਂ ਜੀਰਕਪੁਰ ਕੁੱਟਮਾਰ ਮਾਮਲੇ ਵਿੱਚ ਹੋਰ ਧਾਰਾਵਾਂ ਜੋੜਨ ਦੀ ਮੰਗ

ਐਸ ਏ ਐਸ ਨਗਰ, 31 ਜੁਲਾਈ (ਸ.ਬ.) ਚੰਡੀਗੜ੍ਹ ਗੌਰਮਿੰਟ ਟ੍ਰਾਂਸਪੋਰਟ ਵਰਕਰ ਯੂਨੀਅਨ ਦੇ ਇੱਕ ਵਫਦ ਨੇ ਕਲਗੀਧਰ ਸੇਵਕ ਜੱਥੇ ਦੇ ਪ੍ਰਧਾਨ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਜਤਿੰਦਰਪਾਲ ਸਿੰਘ ਜੇ ਪੀ ਦੇ ਨਾਲ ਮਿਲਕੇ ਐਸ ਐਸ ਪੀ ਮੁਹਾਲੀ ਨਾਲ ਮੁਲਾਕਾਤ ਕੀਤੀ ਅਤੇ ਇੱਕ ਮੰਗ ਪੱਤਰ ਦੇ ਕੇ ਜੀਰਕਪੁਰ ਵਿੱਚ ਪਿਛਲੇ ਦਿਨੀਂ ਸਿੱਖ ਡਰਾਇਵਰਾਂ ਦੀ ਕੁਟਮਾਰ ਕਰਨ, ਪੱਗਾਂ ਉਤਾਰਨ ਦੇ ਮਾਮਲੇ ਵਿੱਚ ਹੋਰ ਧਾਰਾਵਾਂ ਲਗਾਉਣ ਦੀ ਮੰਗ ਕੀਤੀ|
ਇਸ ਮੌਕੇ ਕਲਗੀਧਰ ਸੇਵਕ ਜੱਥੇ ਦੇ ਪ੍ਰਧਾਨ ਸ. ਜਤਿੰਦਰਪਾਲ ਸਿੰਘ ਜੇ ਪੀ ਨੇ ਐਸ ਐਸ ਪੀ ਨੂੰ ਦਸਿਆ ਕਿ ਪਿਛਲੇ ਦਿਨੀਂ ਜੀਰਕਪੁਰ ਵਿਖੇ ਸੀ ਟੀ ਯੂ ਦੇ ਸਿੱਖ ਡਰਾਈਵਰ, ਲੇਡੀ ਕੰਡਕਟਰ ਤੇ ਹੋਰਨਾਂ ਸਿੱਖ ਵਿਅਕਤੀਆਂ ਦੀ ਕੁੱਟਮਾਰ ਕਰਕੇ ਸ਼ਰਾਰਤੀ ਅਨਸਰ ਅਵਿਨਾਸ਼, ਭੁਪਿੰਦਰ ਨੇ ਇਹਨਾਂ ਸਿੱਖ ਵਿਅਕਤੀਆਂ ਦੀਆਂ ਪੱਗਾਂ ਉਤਾਰ ਕੇ ਦੂਰ ਸੁੱਟ ਦਿੱਤੀਆਂ ਸਨ ਅਤੇ ਸਿੱਖ ਧਰਮ ਤੇ ਸਿੱਖ ਭਾਈਚਾਰੇ ਸਬੰਧੀ ਬਹੁਤ ਮੰਦੀ ਸ਼ਬਦਾਵਲੀ ਵੀ ਬੋਲੀ ਸੀ ਪਰ ਪੁਲੀਸ ਵੱਲੋਂ ਦਰਜ ਮਾਮਲੇ ਵਿੱਚ ਇਹਨਾਂ ਨਾਲ ਸਬੰਧਿਤ ਧਾਰਾਵਾਂ ਨਹੀਂ ਲਗਾਈਆਂ ਗਈਆਂ| ਜਿਸ ਕਾਰਨ ਸਿੱਖ ਭਾਈਚਾਰੇ ਵਿੱਚ ਕਾਫੀ ਰੋਸ ਹੈ| ਉਹਨਾਂ ਮੰਗ ਕੀਤੀ ਕਿ ਇਸ ਕੇਸ ਵਿੱਚ ਜਬਰਦਸਤੀ ਪੱਗਾਂ ਉਤਾਰਨ, ਸਿੱਖ ਧਰਮ ਪ੍ਰਤੀ ਮੰਦੀ ਸ਼ਬਦਾਵਲੀ ਬੋਲਣ ਸੰਬੰਧੀ ਵੀ ਧਾਰਾਵਾਂ ਲਗਾਈਆਂ ਜਾਣ| ਇਸ ਮੌਕੇ ਐਸ ਐਸ ਪੀ ਨੇ ਭਰੋਸਾ ਦਿਤਾ ਕਿ ਉਹ ਇਸ ਸਬੰਧੀ ਯੋਗ ਕਾਰਵਾਈ ਕਰਨਗੇ|

Leave a Reply

Your email address will not be published. Required fields are marked *