ਕਸ਼ਮੀਰ ਦੀਆਂ ਜੇਲ੍ਹਾਂ ਵਿੱਚ ਪੜਾਇਆ ਜਾਂਦਾ ਹੈ ਕੱਟੜਵਾਦ ਦਾ ਪਾਠ
ਕਿਸੇ ਮੁਕੱਦਮੇ ਵਿੱਚ ਸਜਾ ਪੂਰੀ ਕਰਨ ਲਈ ਜਾਂ ਫਿਰ ਵਿਚਾਰਾਧੀਨ ਕੈਦੀਆਂ ਨੂੰ ਜਦੋਂ ਜੇਲ੍ਹ ਵਿੱਚ ਰੱਖਿਆ ਜਾਂਦਾ ਹੈ ਤਾਂ ਇੱਕ ਮੁੱਖ ਮਕਸਦ ਉਨ੍ਹਾਂ ਦੇ ਅੰਦਰ ਸੁਧਾਰ ਲਿਆਉਣਾ ਵੀ ਹੁੰਦਾ ਹੈ| ਪਰੰਤੂ ਜੇਕਰ ਕੋਈ ਜੇਲ੍ਹ ਮਾਮੂਲੀ ਗੁਨਾਹਾਂ ਲਈ ਬੰਦ ਨੌਜਵਾਨਾਂ ਨੂੰ ਹੋਰ ਜ਼ਿਆਦਾ ਖਤਰਨਾਕ ਅਪਰਾਧੀ ਬਨਣ ਲਈ ਪ੍ਰੇਰਿਤ ਕਰਨ ਦਾ ਅੱਡਾ ਬਣ ਜਾਵੇ ਤਾਂ ਇਹ ਸਰਕਾਰ ਅਤੇ ਸਬੰਧਤ ਮਹਿਕਮੇ ਦੀ ਕਾਰਜਸ਼ਕਤੀ ਤੇ ਸਵਾਲੀਆ ਨਿਸ਼ਾਨ ਹੈ| ਖਬਰ ਦੇ ਮੁਤਾਬਕ ਇੱਕ ਅਧਿਕਾਰਿਕ ਰਿਪੋਰਟ ਵਿੱਚ ਇਹ ਤੱਥ ਪ੍ਰਗਟ ਹੋਏ ਕਿ ਸ਼੍ਰੀਨਗਰ ਦੀ ਕੇਂਦਰੀ ਜੇਲ੍ਹ ਦੇ ਅੰਦਰ ਛੋਟੇ – ਮੋਟੇ ਅਪਰਾਧ ਦੀ ਸਜਾ ਕੱਟ ਰਹੇ ਅਤੇ ਵਿਚਾਰਾਧੀਨ ਕੈਦੀਆਂ ਨੂੰ ਕੱਟਰਪੰਥ ਦਾ ਪਾਠ ਪੜਾਉਣ ਵਰਗੀਆਂ ਕਵਾਇਦਾਂ ਚੱਲ ਰਹੀਆਂ ਹਨ| ਜੇਲ੍ਹ ਕੰਪਲੈਕਸ ਵਿੱਚ ਕਰੀਬ ਤਿੰਨ ਸੌ ਮੋਬਾਇਲ ਫੋਨਾਂ ਦਾ ਸੰਚਾਲਨ ਹੋ ਰਿਹਾ ਹੈ|
ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਥੇ ਦਿੱਤੇ ਜਾਣ ਵਾਲੇ ਭਾਸ਼ਣਾਂ ਵਿੱਚ ਧਰਮ ਦੇ ਮੂਲ ਸਿੱਧਾਂਤਾਂ ਨੂੰ ਕਿਨਾਰੇ ਰੱਖ ਕੇ ਕੱਟਰਪੰਥ ਦੇ ਪਹਿਲੂਆਂ ਤੇ ਜ਼ੋਰ ਦਿੱਤਾ ਜਾਂਦਾ ਹੈ, ਜਿਸਦਾ ਕੈਦੀਆਂ ਦੇ ਮਨੋਵਿਗਿਆਨ ਤੇ ਗਹਿਰਾ ਪ੍ਰਭਾਵ ਪੈਂਦਾ ਹੈ| ਇਸ ਵਿੱਚ ਜਿਆਦਾ ਗੰਭੀਰ ਗੱਲ ਇਹ ਹੈ ਕਿ ਇਸ ਖਤਰਨਾਕ ਯੋਜਨਾ ਵਿੱਚ ਨੌਜਵਾਨ ਕੈਦੀਆਂ ਨੂੰ ਨਿਸ਼ਾਨੇ ਤੇ ਜ਼ਿਆਦਾ ਲਿਆ ਜਾ ਰਿਹਾ ਹੈ| ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਮਾਮੂਲੀ ਗੁਨਾਹਾਂ ਦੇ ਤਹਿਤ ਜੇਲ੍ਹ ਵਿੱਚ ਸਜਾ ਪੂਰੀ ਕਰਕੇ ਜੋ ਨੌਜਵਾਨ ਫਿਰ ਤੋਂ ਸਮਾਜ ਦੀ ਮੁੱਖਧਾਰਾ ਵਿੱਚ ਪਰਤ ਕੇ ਆਮ ਜੀਵਨ ਜੀ ਸਕਦਾ ਸੀ, ਉਹ ਜੇਲ੍ਹ ਵਿੱਚ ਚੱਲ ਰਹੀਆਂ ਉਨ੍ਹਾਂ ਬੇਲੋੜੀਆਂ ਗਤੀਵਿਧੀਆਂ ਦੇ ਅਸਰ ਵਿੱਚ ਕਿਵੇਂ ਇੱਕ ਜ਼ਿਆਦਾ ਖਤਰਨਾਕ ਅਪਰਾਧੀ ਬਣ ਸਕਦਾ ਹੈ ਜਾਂ ਫਿਰ ਕਿਸੇ ਅੱਤਵਾਦੀ ਸੰਗਠਨ ਦੀ ਚਪੇਟ ਵਿੱਚ ਆ ਸਕਦਾ ਹੈ|
ਸਵਾਲ ਹੈ ਕਿ ਦੇਸ਼ ਦੀ ਸਭ ਤੋਂ ਸੁਰੱਖਿਅਤ ਮੰਨੀ ਜਾਣ ਵਾਲੀ ਜੇਲ੍ਹ ਵਿੱਚ ਜੇਕਰ ਇੱਕ ਤਰ੍ਹਾਂ ਨਾਲ ਸੁਨਯੋਜਿਤ ਅਤੇ ਸੰਗਠਿਤ ਤਰੀਕੇ ਨਾਲ ਕੱਟਰਪੰਥ ਨੂੰ ਬੜਾਵਾ ਦੇਣ ਵਾਲੀਆਂ ਗਤੀਵਿਧੀਆਂ ਸੰਚਾਲਿਤ ਕੀਤੀਆਂ ਜਾ ਰਹੀਆਂ ਹਨ ਤਾਂ ਇਸਦੀ ਜ਼ਿੰਮੇਵਾਰੀ ਕਿਸ ਤੇ ਹੋਣੀ ਚਾਹੀਦੀ ਹੈ| ਜੇਲ੍ਹਾਂ ਵਿੱਚ ਕੈਦੀਆਂ ਉਤੇ ਨਿਗਰਾਨੀ ਕਰਨ ਤੋਂ ਲੈ ਕੇ ਤਕਨੀਕੀ ਸੰਸਾਧਨਾਂ ਰਾਹੀਂ ਸੁਰੱਖਿਆ ਵਿਵਸਥਾ ਯਕੀਨੀ ਕਰਨ ਵਿੱਚ ਕਸਰ ਲਈ ਕੌਣ ਜਵਾਬਦੇਹ ਹੈ? ਹਾਲਾਂਕਿ ਜੇਲ੍ਹਾਂ ਵਿੱਚ ਕੈਦੀਆਂ ਦੇ ਮੋਬਾਈਲ ਜਾਂ ਦੂਜੀਆਂ ਸੁਵਿਧਾਵਾਂ ਹਾਸਿਲ ਕਰ ਲੈਣ ਜਾਂ ਮਨਮਾਨੀ ਕਰਨ ਦਾ ਇਹ ਕੋਈ ਇਕੱਲਾ ਉਦਾਹਰਣ ਨਹੀਂ ਹੈ| ਹਫਤੇ ਭਰ ਪਹਿਲਾਂ ਰਾਜਸਥਾਨ ਦੀ ਜੋਧਪੁਰ ਜੇਲ੍ਹ ਵਿੱਚ ਅਸਭਿਆ ਤਰੀਕੇ ਨਾਲ ਇੱਕ ਵਿਅਕਤੀ ਦੀ ਹੱਤਿਆ ਕਰਨ ਦੇ ਮਾਮਲੇ ਵਿੱਚ ਬੰਦ ਸ਼ੰਭੂਲਾਲ ਰੇਗਰ ਨਾਮ ਦੇ ਇੱਕ ਕੈਦੀ ਨੇ ਬਕਾਇਦਾ ਮੋਬਾਈਲ ਨਾਲ ਇੱਕ ਖਾਸ ਭਾਈਚਾਰੇ ਦੇ ਖਿਲਾਫ ਨਫਰਤ ਨਾਲ ਭਰੇ ਸੁਨੇਹੇ ਦਾ ਵੀਡੀਓ ਬਣਾ ਕੇ ਲੋਕਾਂ ਨੂੰ ਭੇਜ ਦਿੱਤਾ| ਇਸ ਤਰ੍ਹਾਂ ਦੀਆਂ ਘਟਨਾਵਾਂ ਇਹ ਦੱਸਣ ਲਈ ਕਾਫ਼ੀ ਹਨ ਕਿ ਜੇਲ੍ਹਾਂ ਵਿੱਚ ਸੁਰੱਖਿਆ ਵਿਵਸਥਾ ਅਤੇ ਕੈਦੀਆਂ ਦੀ ਨਿਗਰਾਨੀ ਦੀ ਵਿਵਸਥਾ ਵਿੱਚ ਕਿਵੇਂ ਦੀ ਲਾਪਰਵਾਹੀ ਵਰਤੀ ਜਾਂਦੀ ਹੈ|
ਵੈਸੇ ਦੇਸ਼ ਦੀਆਂ ਜਿਆਦਾਤਰ ਜੇਲ੍ਹਾਂ ਵਿੱਚ ਨਿਰਧਾਰਤ ਸਮਰੱਥਾ ਤੋਂ ਕਾਫ਼ੀ ਜ਼ਿਆਦਾ ਗਿਣਤੀ ਵਿੱਚ ਕੈਦੀਆਂ ਨੂੰ ਰੱਖੇ ਜਾਣ ਤੋਂ ਲੈ ਕੇ ਉਨ੍ਹਾਂ ਦੇ ਰਹਿਣ- ਸਹਿਣ ਜਾਂ ਖਾਣ-ਪੀਣ ਦੀ ਬਦਹਾਲੀ ਦੀ ਤਸਵੀਰ ਕੋਈ ਲੁਕੀ ਗੱਲ ਨਹੀਂ ਹੈ| ਦੂਜੇ ਪਾਸੇ, ਅਜਿਹੀਆਂ ਖਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ ਜਿਨ੍ਹਾਂ ਵਿੱਚ ਕਿਸੇ ਜੇਲ੍ਹ ਵਿੱਚ ਕੁੱਝ ਖਾਸ ਜਾਂ ਉਚੇ ਰਸੂਖ ਵਾਲੇ ਕੈਦੀਆਂ ਲਈ ਚਾਰਦਿਵਾਰੀ ਦੇ ਅੰਦਰ ਵੀ ਵਿਸ਼ੇਸ਼ ਸਹੂਲਤਾਂ ਦਾ ਇੰਤਜਾਮ ਹੋ ਜਾਂਦਾ ਹੈ| ਉਹ ਮੋਬਾਈਲ ਦਾ ਇਸਤੇਮਾਲ ਹੋਵੇ ਜਾਂ ਫਿਰ ਦੂਜੀਆਂ ਕਈ ਸੁਵਿਧਾਵਾਂ, ਉਨ੍ਹਾਂ ਨੂੰ ਆਮ ਘਰੇਲੂ ਜੀਵਨ ਜਿਊਣ ਵਿੱਚ ਕੋਈ ਮੁਸ਼ਕਿਲ ਨਹੀਂ ਹੁੰਦੀ| ਜਦੋਂ ਇੱਕ ਅੱਧੀ ਅਜਿਹੀ ਖਬਰ ਤੂਲ ਫੜ ਲੈਂਦੀ ਹੈ ਉਦੋਂ ਸਰਕਾਰ ਜਾਂ ਸਬੰਧਿਤ ਮਹਿਕਮੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਕਹਿੰਦੇ ਹਨ| ਪਰੰਤੂ ਸੱਚ ਇਹ ਹੈ ਕਿ ਜੇਲ੍ਹ ਵਿੱਚ ਤੈਨਾਤ ਸੁਰੱਖਿਆਕਰਮੀਆਂ ਤੋਂ ਲੈ ਕੇ ਅਧਿਕਾਰੀਆਂ ਤੱਕ ਦੇ ਪੱਧਰ ਉਤੇ ਕਈ ਵਾਰ ਕੁੱਝ ਖਾਸ ਕੈਦੀਆਂ ਦੇ ਨਾਲ ਮਿਲੀਭੁਗਤ ਹੁੰਦੀ ਹੈ ਜਾਂ ਫਿਰ ਇਸ ਮਾਮਲੇ ਵਿੱਚ ਵਿਆਪਕ ਕਸਰ ਵਰਤੀ ਜਾਂਦੀ ਹੈ| ਪਰੰਤੂ ਜੇਕਰ ਮੁਲਜਮਾਂ ਦੀ ਸਜਾ ਕੱਟਣ ਜਾਂ ਉਨ੍ਹਾਂ ਦੇ ਅੰਦਰ ਸੁਧਾਰ ਕਰਨ ਦੀ ਬਜਾਏ ਜੇਲ੍ਹਾਂ ਵਿੱਚ ਉਨ੍ਹਾਂ ਦੇ ਹੋਰ ਜ਼ਿਆਦਾ ਖਤਰਨਾਕ ਹੋਣ ਦੇ ਹਾਲਾਤ ਬਣਾਏ ਜਾ ਰਹੇ ਹਨ ਤਾਂ ਭਵਿੱਖ ਵਿੱਚ ਅੱਤਵਾਦ ਜਾਂ ਦੂਜੇ ਮਾੜੇ ਹਲਾਤਾਂ ਲਈ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ?
ਨਵੀਨ ਕੁਮਾਰ