ਕਸ਼ਮੀਰ ਸਮੱਸਿਆ ਦੇ ਹੱਲ ਲਈ ਗੱਲਬਾਤ ਰਾਹੀਂ ਉਪਰਾਲੇ ਕੀਤੇ ਜਾਣ

ਜੰਮੂ – ਕਸ਼ਮੀਰ ਅੱਤਵਾਦ ਦੇ ਚਲਦੇ ਦਹਾਕਿਆਂ ਤੋਂ ਕਦੇ ਕਦੇ ਸੁਰਖੀਆਂ ਵਿੱਚ ਰਹਿੰਦਾ ਆਇਆ ਹੈ| ਪਰ ਬੀਤੇ ਦਿਨੀਂ ਇੱਕ ਅਜਿਹੀ ਘਟਨਾ ਵਾਪਰੀ, ਜੋ ਗੁੰਮਰਾਹ ਹੋ ਕੇ ਅੱਤਵਾਦੀ ਸੰਗਠਨਾਂ ਦੀ ਗ੍ਰਿਫਤ ਜਾਂ ਪ੍ਰਭਾਵ ਵਿੱਚ ਆ ਚੁੱਕੇ ਨੌਜਵਾਨਾਂ ਨੂੰ ਨਵੀਂ ਰਾਹ ਵਿਖਾ ਸਕਦੀ ਹੈ| ਕੁੱਝ ਦਿਨ ਪਹਿਲ ਲਸ਼ਕਰ-ਏ-ਤੋਇਬਾ ਵਿੱਚ ਸ਼ਾਮਿਲ ਹੋਏ ਕਾਲਜ ਵਿਦਿਆਰਥੀ ਅਤੇ ਫੁਟਬਾਲਰ ਅਰਸ਼ਿਦ ਮਾਜਿਦ ਖਾਨ ਨੇ ਸੁਰੱਖਿਆ ਦਸਤਿਆਂ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ| ਵੈਸੇ ਤਾਂ ਅਫਵਾਹ ਉਡਾਉਣਾ ਅਤੇ ਤਨਾਓ ਫੈਲਾਉਣ ਵਿੱਚ ਸੋਸ਼ਲ ਮੀਡੀਆ ਦੀ ਭੂਮਿਕਾ ਕਿਸੇ ਤੋਂ ਲੁਕੀ ਨਹੀਂ ਹੈ, ਪਰ ਇਸ ਮਾਮਲੇ ਵਿੱਚ ਉਸਦਾ ਇੱਕ ਵੱਡਾ ਸਕਾਰਾਤਮਕ ਇਸਤੇਮਾਲ ਦੇਖਣ ਵਿੱਚ ਆਇਆ| ਸੋਸ਼ਲ ਮੀਡੀਆ ਤੇ ਆਪਣੀ ਮਾਂ ਅਤੇ ਪਿਤਾ ਦੀ ਘਰ ਪਰਤਣ ਦੀ ਅਪੀਲ ਵਾਲਾ ਵੀਡੀਓ ਦੇਖਣ ਤੋਂ ਬਾਅਦ ਵੀਹ ਸਾਲਾ ਅਰਸ਼ਿਦ ਨੇ ਫੌਜ ਦੇ ਕੈਂਪ ਵਿੱਚ ਪਹੁੰਚ ਕੇ ਆਤਮਸਮਰਪਣ ਕਰ ਦਿੱਤਾ| ਆਮ ਜੀਵਨ ਵਿੱਚ ਆਪਣੇ ਇਕਲੌਤੇ ਬੇਟੇ ਦੀ ਵਾਪਸੀ ਨਾਲ ਮਾਤਾ-ਪਿਤਾ ਨੂੰ ਕਿੰਨੀ ਖੁਸ਼ੀ ਹੋਈ ਹੋਵੇਗੀ, ਸਹਿਜ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ| ਅਰਸ਼ਿਦ ਅਤੇ ਉਸਦੇ ਪਰਿਵਾਰ ਦੀ ਜਿੰਦਗੀ ਤਬਾਹ ਹੋਣ ਤੋਂ ਬੱਚ ਗਈ ਇਹ ਸੰਤੋਸ਼ ਦਾ ਵਿਸ਼ਾ ਤਾਂ ਹੈ ਹੀ, ਇਸ ਘਟਨਾ ਨੇ ਇਹ ਵੀ ਵਿਖਾਇਆ ਹੈ ਕਿ ਜੰਮੂ – ਕਸ਼ਮੀਰ ਵਿੱਚ ਸਥਾਈ ਸ਼ਾਂਤੀ ਦਾ ਇੱਕ ਸ਼ਾਂਤੀਪੂਰਨ ਰਸਤਾ ਵੀ ਹੋ ਸਕਦਾ ਹੈ| ਇਹ ਵੀ ਘੱਟ ਮਹੱਤਵਪੂਰਣ ਨਹੀਂ ਕਿ ਅਰਸ਼ਿਦ ਦੇ ਆਤਮਸਮਰਪਣ ਦੀ ਸ਼ਲਾਘਾ ਕਰਦਿਆਂ ਫੌਜ ਨੇ ਮੁੱਖਧਾਰਾ ਵਿੱਚ ਉਸਦੀ ਸੁਗਮ ਵਾਪਸੀ ਦਾ ਭਰੋਸਾ ਦਿਵਾਇਆ ਹੈ|
ਦੱਖਣ ਕਸ਼ਮੀਰ ਵਿੱਚ ਮਨੁੱਖੀ ਛੋਹ ਦੇ ਨਾਲ ਲੋਕਾਂ ਨਾਲ ਸੰਪਰਕ ਬਣਾਉਣ ਵਿੱਚ ਜੁਟੇ ਮੇਜਰ ਜਨਰਲ ਬੀਐਸ ਰਾਜੂ ਨੇ ਕਿਹਾ ਹੈ ਕਿ ਅਰਸ਼ਿਦ ਤੇ ਕੋਈ ਇਲਜ਼ਾਮ ਨਹੀਂ ਲਗਾਇਆ ਜਾਵੇਗਾ, ਉਸਨੂੰ ਆਪਣੇ ਕੈਰੀਅਰ ਅਤੇ ਆਪਣੀ ਖੇਡ- ਪ੍ਰਤਿਭਾ ਨੂੰ ਨਿਖਾਰਨ ਦਾ ਪੂਰਾ ਮੌਕਾ ਦਿੱਤਾ ਜਾਵੇਗਾ| ਇਹ ਭਰੋਸਾ ਕੀਮਤੀ ਹੈ, ਕਿਉਂਕਿ ਇੱਕ ਵਾਰ ਹਿੰਸਾ ਦਾ ਰਸਤਾ ਫੜ ਲੈਣ ਤੋਂ ਬਾਅਦ ਵਾਪਸੀ ਆਸਾਨ ਨਹੀਂ ਹੁੰਦੀ| ਗੁੰਮਰਾਹ ਹੋਏ ਜਵਾਨ ਨੂੰ ਲੱਗਦਾ ਹੈ ਕਿ ਉਹ ਪਰਤ ਵੀ ਆਏ, ਤਾਂ ਪੁਲੀਸ ਜਾਂ ਸੁਰੱਖਿਆ ਬਲ ਉਸਨੂੰ ਜਿਊਣ ਨਹੀਂ ਦੇਣਗੇ| ਬੀਐਸ ਰਾਜੂ ਨੇ ਇਹ ਵੀ ਕਿਹਾ ਹੈ ਕਿ ਅੱਤਵਾਦ ਨਾਲ ਜੁੜਣ ਤੋਂ ਬਾਅਦ ਭਾਵੇਂ ਹੀ ਕੁੱਝ ਨੌਜਵਾਨਾਂ ਨੇ ਛੋਟੇ – ਮੋਟੇ ਅਪਰਾਧ ਕੀਤੇ ਹੋਣ, ਮੈਂ ਉਨ੍ਹਾਂ ਨੂੰ ਭਰੋਸਾ ਦਿੰਦਾ ਹਾਂ ਕਿ ਉਨ੍ਹਾਂ ਦੇ ਪ੍ਰਤੀ ਨਰਮ ਰੁਖ ਰੱਖਿਆ ਜਾਵੇਗਾ| ਜੰਮੂ – ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਵੀ ਅਰਸ਼ਿਦ ਦੀ ਵਾਪਸੀ ਤੇ ਖੁਸ਼ੀ ਜਤਾਈ ਹੈ| ਦੂਜੇ ਪਾਸੇ ਲਸ਼ਕਰ – ਏ – ਤੋਇਬਾ ਨੇ ਆਪਣੀ ਪ੍ਰਤੀਕ੍ਰਿਆ ਵਿੱਚ ਕਿਹਾ ਹੈ ਕਿ ਅਰਸ਼ਿਦ ਦੀ ਮਾਂ ਦੀ ਅਪੀਲ ਨੂੰ ਵੇਖਦਿਆਂ ਉਸਨੂੰ ਜਾਣ ਦਿੱਤਾ ਗਿਆ| ਜੇ ਮੰਨ ਲਓ ਕਿ ਲਸ਼ਕਰ ਦਾ ਦਾਅਵਾ ਠੀਕ ਹੈ, ਮਤਲਬ ਆਤਮਸਮਰਪਣ ਕਰਨ ਦੇ ਅਰਸ਼ਿਦ ਦੇ ਫੈਸਲੇ ਦੀ ਜਾਣਕਾਰੀ ਉਸਨੂੰ ਸੀ, ਫਿਰ ਵੀ ਉਸਨੇ ਨਹੀਂ ਅੜੰਗਾ ਲਗਾਇਆ ਨਹੀਂ ਕੋਈ ਖ਼ਤਰਾ ਪੈਦਾ ਕੀਤਾ, ਫਿਰ ਵੀ ਕਈ ਸਵਾਲ ਉਠਦੇ ਹਨ|
ਬਾਕੀ ਉਨ੍ਹਾਂ ਮਾਂਵਾਂ ਦੀ ਫਿਕਰ ਲਸ਼ਕਰ ਨੂੰ ਕਿਉਂ ਨਹੀਂ ਹੈ, ਜਿਨ੍ਹਾਂ ਦੇ ਬੱਚਿਆਂ ਨੂੰ ਉਹ ਅੱਤਵਾਦ ਦੀ ਟ੍ਰੇਨਿੰਗ ਦੇ ਕੇ ਮਰਨ ਲਈ ਛੱਡ ਦਿੰਦਾ ਹੈ? ਅਖੀਰ ਦੂਜੇ ਕਿਸ਼ੋਰ ਜਾਂ ਜਵਾਨ ਵੀ ਆਪਣੇ ਮਾਤਾ – ਪਿਤਾ ਦੀ ਰਜਾਮੰਦੀ ਨਾਲ ਤਾਂ ਲਸ਼ਕਰ ਵਿੱਚ ਸ਼ਾਮਿਲ ਨਹੀਂ ਹੋਏ ਹੋਣਗੇ! ਉਨ੍ਹਾਂ ਦੇ ਪਰਿਵਾਰ ਵੀ ਰੋਏ -ਵਿਲਕੇ ਹੋਣਗੇ, ਉਨ੍ਹਾਂ ਦੇ ਪਰਤ ਆਉਣ ਦੀ ਦੂਆ ਕਰਦੇ ਹੋਣਗੇ, ਅਤੇ ਜੇਕਰ ਉਹ ਸਚਮੁੱਚ ਕਿਸੇ ਦਿਨ ਪਰਤ ਆਉਣ, ਤਾਂ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੋਵੇਗੀ| ਬਹਿਰਹਾਲ, ਲਸ਼ਕਰ ਤੋਂ ਉਨ੍ਹਾਂ ਦੇ ਅਜ਼ਾਦ ਹੋ ਸਕਣ ਦੀ ਉਮੀਦ ਕਰਨਾ, ਲਸ਼ਕਰ ਦੇ ਇਤਹਾਸ ਨੂੰ ਵੇਖਦਿਆਂ,ਬੇਕਾਰ ਹੈ| ਪਰ ਸਾਨੂੰ ਸੋਚਣਾ ਪਵੇਗਾ ਕਿ ਘਾਟੀ ਦੇ ਲੋਕਾਂ ਦਾ ਭਰੋਸਾ ਕਿਵੇਂ ਜਿੱਤਿਆ ਜਾਵੇ| ਇਸ ਸਾਲ ਦੇ ਆਜਾਦੀ ਦਿਹਾੜੇ ਦੇ ਮੌਕੇ ਤੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਕਸ਼ਮੀਰ ਸਮੱਸਿਆ ਦਾ ਹੱਲ ਨਾ ਗੋਲੀ ਨਾਲ ਨਿਕਲੇਗਾ ਨਹੀਂ ਗਾਲ ਨਾਲ, ਹੱਲ ਨਿਕਲੇਗਾ ਕਸ਼ਮੀਰੀਆਂ ਨੂੰ ਗਲੇ ਲਗਾਉਣ ਨਾਲ| ਤ੍ਰਾਸਦੀ ਇਹ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਹੀ ਕਈ ਲੋਕ ਇਸ ਤੋਂ ਉਲਟ ਭਾਸ਼ਾ ਬੋਲਦੇ ਰਹੇ ਹਨ|
ਰਜਤ ਕੁਮਾਰ

Leave a Reply

Your email address will not be published. Required fields are marked *