ਕਸ਼ਮੀਰ, ਹਿਮਾਚਲ ਅਤੇ ਉੱਤਰਾਖੰਡ ਵਿੱਚ ਬਰਫਬਾਰੀ, ਜਨਜੀਵਨ ਪ੍ਰਭਾਵਿਤ

ਸ਼੍ਰੀਨਗਰ, 22 ਜਨਵਰੀ (ਸ.ਬ.) ਮੈਦਾਨੀ ਇਲਾਕਿਆਂ ਵਿਚ ਬਾਰਸ਼ ਅਤੇ ਪਹਾੜਾਂ ਤੇ ਹੋ ਰਹੀ ਭਾਰੀ ਬਰਫਬਾਰੀ ਕਾਰਨ ਠੰਡ ਵੱਧ ਗਈ ਹੈ| ਪਹਾੜੀ ਇਲਾਕੇ ਬਰਫ ਦੀ ਸਫੈਦ ਚਾਦਰ ਨਾਲ ਢੱਕੇ ਗਏ ਹਨ| ਸੜਕਾਂ, ਘਰ, ਦਰੱਖਤ ਬਰਫ ਨਾਲ ਢੱਕੇ ਨਜ਼ਰ ਆ ਰਹੇ ਹਨ| ਪੂਰੇ ਉੱਤਰ ਭਾਰਤ ਵਿੱਚ ਜਾਂਦੇ-ਜਾਂਦੇ ਠੰਡ ਨੇ ਇਕ ਵਾਰ ਫਿਰ ਲੋਕਾਂ ਨੂੰ ਕੰਬਣੀ ਛੇੜ ਦਿੱਤੀ ਹੈ| ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਇਸ ਸਮੇਂ ਭਾਰੀ ਬਰਫਬਾਰੀ ਹੋ ਰਹੀ ਹੈ|
ਰਸਤੇ ਬੰਦ ਹੋ ਗਏ ਹਨ| ਭਾਰੀ ਬਰਫਬਾਰੀ ਕਾਰਨ ਲੋਕਾਂ ਨੂੰ ਆਉਣ-ਜਾਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਭਾਰੀ ਬਰਫਬਾਰੀ ਕਾਰਨ ਪਹਾੜਾਂ ਦਾ ਨਜ਼ਾਰਾ ਬੇਹੱਦ ਦਿਲ ਖਿੱਚਵਾਂ ਹੋ ਗਿਆ ਹੈ|
ਉੱਤਰਾਖੰਡ ਵਿਚ ਖਰਾਬ ਮੌਸਮ ਕਾਰਨ 3 ਜ਼ਿਲਿਆਂ ਦੇਹਰਾਦੂਨ, ਹਰੀਦੁਆਰ ਅਤੇ ਉਧਮਸਿੰਘ ਵਿੱਚ ਸਕੂਲ-ਕਾਲਜ ਬੰਦ ਹਨ ਅਤੇ ਹਿਮਾਚਲ ਪ੍ਰਦੇਸ਼ ਵਿਚ 36 ਘੰਟੇ ਭਾਰੀ ਬਰਫਬਾਰੀ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ| ਦੇਹਰਾਦੂਨ, ਉੱਤਰਾਕਾਸ਼ੀ, ਚਮੋਲੀ, ਰੁਦਰਪ੍ਰਯਾਗ, ਨੈਨੀਤਾਲ ਅਤੇ ਪਿਥੌਰਾਗੜ੍ਹ ਦੇ ਮੈਦਾਨੀ ਇਲਾਕਿਆਂ ਵਿਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ|
ਉੱਥੇ ਹੀ ਕਸ਼ਮੀਰ ਵਿੱਚ ਸੋਮਵਾਰ ਤੋਂ ਬਾਅਦ ਅੱਜ ਵੀ ਭਾਰੀ ਬਰਫਬਾਰੀ ਹੋਈ ਹੈ| ਬਰਫਬਾਰੀ ਕਾਰਨ ਰਾਜੌਰੀ ਵਿਚ ਮੁਗਲ ਰੋਡ ਤੇ ਸਫੈਦ ਬਰਫ ਦੀ ਚਾਦਰ ਵਿਛ ਗਈ ਹੈ| ਇਸ ਵਜ੍ਹਾ ਕਰ ਕੇ ਆਵਾਜਾਈ ਠੱਪ ਹੋ ਗਈ ਹੈ| ਫਿਲਹਾਲ ਰਸਤਿਆਂ ਤੋਂ ਬਰਫ ਸਾਫ ਕੀਤੀ ਜਾ ਰਹੀ ਹੈ|
ਆਵਾਜਾਈ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ 270 ਕਿਲੋਮੀਟਰ ਲੰਬੇ ਹਾਈਵੇਅ ਤੇ ਕਸ਼ਮੀਰ ਦੇ ਪ੍ਰਵੇਸ਼ ਦੁਆਰ ਜਵਾਹਰ ਸੁਰੰਗ ਤੇ ਕਰੀਬ ਦੋ ਫੁੱਟ ਤਕ ਬਰਫਬਾਰੀ ਹੋਈ, ਜਿਸ ਕਾਰਨ ਅਧਿਕਾਰੀਆਂ ਨੂੰ ਮਜਬੂਰਨ ਇਸ ਮੁੱਖ ਮਾਰਗ ਨੂੰ ਆਵਾਜਾਈ ਲਈ ਬੰਦ ਕਰਨਾ ਪਿਆ|
ਅਧਿਕਾਰੀ ਨੇ ਦੱਸਿਆ ਕਿ ਆਵਾਜਾਈ ਲਈ ਹਾਈਵੇਅ ਦੇ ਜਲਦ ਖੁੱਲਣ ਦੀ ਸੰਭਾਵਨਾ ਬਹੁਤ ਘੱਟ ਹੈ, ਕਿਉਂਕਿ ਮੌਸਮ ਵਿਗਿਆਨੀਆਂ ਨੇ ਬੁੱਧਵਾਰ ਤਕ ਪੂਰੇ ਸੂਬੇ ਵਿੱਚ ਭਾਰੀ ਬਰਫਬਾਰੀ ਹੋਣ ਦਾ ਅਨੁਮਾਨ ਜ਼ਾਹਰ ਕੀਤਾ ਹੈ| ਖਰਾਬ ਮੌਸਮ ਕਾਰਨ ਹਵਾਈ ਯਾਤਰਾ ਤੇ ਵੀ ਅਸਰ ਪਿਆ ਹੈ|

Leave a Reply

Your email address will not be published. Required fields are marked *