ਕਾਂਗਰਸੀ ਉਮੀਦਵਾਰਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ ਆਮ ਲੋਕਾਂ ਅਤੇ ਸਰਕਾਰੀ ਮੁਲਾਜਮਾਂ ਦਾ ਸਰਕਾਰ ਪ੍ਰਤੀ ਗੁੱਸਾ ਵੋਟਰਾਂ ਦੀ ਚੁੱਪੀ ਵਿੱਚ ਲੁਕਿਆ ਹੈ ਨਿਗਮ ਤੇ ਕਾਬਿਜ ਹੋਣ ਵਾਲੀ ਧਿਰ ਦਾ ਭਵਿੱਖ

ਭੁਪਿੰਦਰ ਸਿੰਘ

ਐਸ ਏ ਐਸ ਨਗਰ, 13 ਫਰਵਰੀ

ਨਗਰ ਨਿਗਮ ਦੀਆਂ ਚੋਣਾਂ ਲਈ ਭਲਕੇ ਵੋਟਾਂ ਪੈਣੀਆਂ ਹਨ ਅਤੇ ਇਸ ਸੰਬੰਧੀ ਪ੍ਰਸ਼ਾਸ਼ਨ ਵਲੋਂ ਤਿਆਰੀਆਂ ਮੁਕੰਮਲ ਕਰ ਲਈ ਗਈਆਂ ਹਨ। ਇਸ ਦੌਰਾਨ ਵੱਡੀ ਗਿਣਤੀ ਵੋਟਰ ਅਜਿਹੇ ਹਨ ਜਿਹਨਾਂ ਵਲੋਂ ਹੁਣ ਤਕ ਆਪਣਾ ਦਿਲ ਨਹੀਂ ਖੋਲ੍ਹਿਆ ਗਿਆ ਹੈ ਅਤੇ ਪੂਰੀ ਤਰ੍ਹਾਂ ਚੁੱਪੀ ਧਾਰਨ ਵਾਲੇ ਇਹ ਵੋਟਰ ਨਗਰ ਨਿਗਮ ਚੋਣਾਂ ਦੇ ਨਤੀਜੇ ਦੌਰਾਨ ਵੱਡਾ ਉਲਟਫੇਰ ਕਰ ਸਕਦੇ ਹਨ।

ਇਸ ਦੌਰਾਨ ਪੰਜਾਬ ਸਰਕਾਰ ਦੀ ਕਾਰਗੁਜਾਰੀ ਤੋਂ ਦੁਖੀ ਹੋ ਕੇ ਸੰਘਰਸ਼ ਦੇ ਰਾਹ ਪਏ ਸਰਕਾਰੀ ਮੁਲਾਜਮਾਂ ਅਤੇ ਪੈਂਸ਼ਨਰਾਂ ਦੀ ਬੀਤੇ ਕੱਲ ਹੋਈ ਸੂਬਾ ਪੱਧਰੀ ਰੈਲੀ ਦੌਰਾਨ ਮੰਚ ਤੇ ਆਗੂਆਂ ਵਲੋਂ ਪੰਜਾਬ ਦੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੌਰਾਨ ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਦੀ ਥਾਂ ਆਜਾਦ ਉਮੀਦਵਾਰਾਂ ਨੂੰ ਵੋਟਾਂ ਪਾਉਣ ਅਤੇ ਨਗਰ ਨਿਗਮ ਮੁਹਾਲੀ ਦੀ ਚੋਣ ਦੌਰਾਨ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਾਲੇ ਆਜਾਦ ਗਰੁੱਪ ਨੂੰ ਵੋਟਾਂ ਪਾਉਣ ਸੰਬੰਧੀ ਕੀਤੀ ਗਈ ਅਪੀਲ ਕਾਂਗਰਸੀ ਉਮੀਦਵਾਰਾਂ ਤੇ ਭਾਰੀ ਪੈ ਸਕਦੀ ਹੈ। ਇਸਦਾ ਕਾਰਨ ਇਹ ਹੈ ਕਿ ਮੁਹਾਲੀ ਦੀਆਂ ਜਿਆਦਾਤਰ ਸੀਟਾਂ ਤੇ ਕਾਂਗਰਸ ਅਤੇ ਆਜਾਦ ਗਰੁੱਪ ਦੇ ਉਮੀਦਵਾਰਾਂ ਵਿਚਾਲੇ ਫਸਵੀਂ ਟੱਕਰ ਹੈ ਅਤੇ ਥੋੜ੍ਹੀਆਂ ਜਿਹੀਆਂ ਵੋਟਾਂ ਦਾ ਫਰਕ ਵੀ ਉਮੀਦਵਾਰ ਦੀ ਜਿੱਤ ਨੂੰ ਹਾਰ ਵਿੱਚ ਬਦਲਣ ਦਾ ਸਮਰਥ ਹੋ ਸਕਦਾ ਹੈ। ਇਹਨਾਂ ਹਾਲਾਤਾਂ ਵਿੱਚ ਜੇਕਰ ਸਰਕਾਰੀ ਮੁਲਾਜਮਾਂ ਅਤੇ ਪੈਂਸ਼ਨਰਾਂ ਦੇ ਇੱਕ ਹਿੱਸੇ ਵਲੋਂ ਵੀ ਇਸ ਅਪੀਲ ਤੇ ਅਮਲ ਕਰਦਿਆਂ ਕਾਂਗਰਸ ਅਤੇ ਅਕਾਲੀ ਦਲ ਦੀ ਥਾਂ ਆਜਾਦ ਗਰੁੱਪ ਨੂੰ ਵੋਟਾਂ ਭੁਗਤਾ ਦਿੱਤੀਆਂ ਗਈਆਂ ਤਾਂ ਇਸਦਾ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ।

ਦੂਜੇ ਪਾਸੇ ਜੇਕਰ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਲੋਕ ਵੈਸੇ ਵੀ ਰਵਾਇਤੀ ਪਾਰਟੀਆਂ ਤੋਂ ਅੱਕੇ ਬੈਠੇ ਹਨ ਅਤੇ ਉਹਨਾਂ ਵਿੱਚ ਮੌਜੂਦਾ ਸਿਆਸੀ ਢਾਂਚੇ ਪ੍ਰਤੀ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਪਿਛਲੇ ਛੇ ਮਹੀਨਿਆਂ ਤੋਂ ਚਲ ਰਹੇ ਕਿਸਾਨ ਅੰਦੋਲਨ ਅਤੇ ਦਿੱਲੀ ਬਾਰਡਰ ਤੇ ਤਿੰਨ ਮਹੀਨਿਆਂ ਤੋਂ ਚਲ ਰਹੇ ਕਿਸਾਨ ਧਰਨੇ ਕਾਰਨ ਸਿਆਸੀ ਪਾਰਟੀਆਂ ਆਮ ਲੋਕਾਂ ਦਾ ਭਰੋਸਾ ਗਵਾ ਚੁੱਕੀਆਂ ਹਨ ਅਤੇ ਇਹਨਾਂ ਪਾਰਟੀਆਂ ਦੀ ਕਾਰਗੁਜਾਰੀ ਤੋਂ ਦੁਖੀ ਆਏ ਲੋਕ ਇਸ ਵਾਰ ਕੋਈ ਵੱਡਾ ਉਲਟ ਫੇਰ ਵੀ ਕਰ ਸਕਦੇ ਹਨ।

ਨਗਰ ਨਿਗਮ ਚੋਣਾਂ ਲਈ ਭਲਕੇ ਵੋਟਾਂ ਪੈਣੀਆਂ ਹਨ ਅਤੇ ਇਸ ਦੌਰਾਨ ਜੇਕਰ ਵੋਟਿੰਗ ਦਾ ਫੀਸਦੀ ਆਮ ਨਾਲੋਂ ਵੱਧ ਰਿਹਾ ਤਾਂ ਇਸਦਾ ਸਿੱਧਾ ਫਾਇਦਾ ਆਜਾਦ ਗਰੁੱਪ ਨੂੰ ਹੋਣਾ ਤੈਅ ਹੈ। ਹੁਣ ਤਕ ਚੁੱਪੀ ਧਾਰ ਕੇ ਬੈਠੇ ਵੋਟਰ ਦੀ ਮੁੱਠੀ ਵਿੱਚ ਕੀ ਲੁਕਿਆ ਹੈ ਇਸਦਾ ਪਤਾ ਤਾਂ ਵੋਟਾਂ ਦੀ ਗਿਣਤੀ ਵਾਲੇ ਦਿਨ ਹੀ ਲੱਗਣਾ ਹੈ ਪਰੰਤੂ ਇੰਨਾ ਤੈਅ ਹੈ ਕਿ ਜਿਹਨਾਂ ਵਾਰਡਾਂ ਵਿੱਚ ਉਮੀਦਵਾਰਾਂ ਦੀ ਜਿੱਤ ਹਾਰ ਦਾ ਫਰਕ ਜਿਆਦਾ ਨਹੀਂ ਦਿਖ ਰਿਹਾ ਉਹਨਾਂ ਵਾਰਡਾਂ ਵਿੱਚ ਕੁੱਝ ਵੀ ਹੋ ਸਕਦਾ ਹੈ ਅਤੇ ਕਿਸੇ ਵੱਡੇ ਉਲਟਫੇਰ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

Leave a Reply

Your email address will not be published. Required fields are marked *