ਕਾਂਗਰਸੀ ਕਾਨੂੰਨ ਆਪਣੇ ਹੱਥ ਵਿਚ ਲੈਣ ਤੋਂ ਗੁਰੇਜ਼ ਕਰਨ: ਚੰਦੂਮਾਜਰਾ

ਪੰਜਾਬ ਵਿਚ ਰਾਜਸੀ ਬਦਲਾਖੋਰੀ ਦੀ ਅੱਗ ਭੜਕਾਉਣ ਦਾ  ਯਤਨ ਨਾ ਕੀਤਾ ਜਾਵੇ
ਐਸ ਏ ਐਸ ਨਗਰ, 16 ਅਪ੍ਰੈਲ (ਸ.ਬ.) ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਪਾਰਲੀਮੈਂਟ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਰਾ ਨੇ ਕਿਹਾ ਹੈ ਕਿ ਪੰਜਾਬ ਦੇ ਕਾਂਗਰਸੀ ਆਗੂ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣ ਤੋਂ ਗੁਰੇਜ਼ ਕਰਨ ਤਾਂ ਕਿ ਸੂਬੇ ਨੂੰ ਰਾਜਸੀ ਬਦਲਾਖੋਰੀ ਦੀ ਅੱਗ ਦੇ ਸੇਕ ਤੋਂ ਬਚਾਇਆ ਜਾ ਸਕੇ|
ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਆਪਣੇ ਸਾਰੇ ਵਾਅਦਿਆਂ ਤੋਂ ਉਲਟ ਜਾ ਕੇ ਕਾਂਗਰਸੀਆਂ ਦੀ ਸ਼ਹਿ ਉੱਤੇ ਪਿੰਡ ਸਨੇਟਾ ਦੀ ਸਰਪੰਚ ਸੁਖਵਿੰਦਰ ਕੌਰ ਦੇ ਖਿਲਾਫ ਨਾਜਾਇਜ਼ ਕੇਸ ਦਰਜ ਕਰ ਦਿੱਤਾ ਗਿਆ ਹੈ| ਇਸੇ ਤਰ੍ਹਾਂ ਪਿੰਡ ਪੱਤੋਂ ਦੇ ਸਰਪੰਚ ਹਰਮਿੰਦਰ ਸਿੰਘ ਉੱਤੇ ਇੱਕ ਕੇਸ ਵਿਚ ਗਵਾਹੀ ਨਾ ਦੇਣ ਲਈ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਗਵਾਹੀ ਦੇਣ ਤੋਂ ਨਾ ਟਲਣ ਦੀ ਸੂਰਤ ਵਿਚ ਉਸ ਨੂੰ ਨਾਜਾਇਜ਼ ਕੇਸ ਵਿਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ| ਇਸੇ ਤਰਾਂ ਹੀ ਪਿੰਡ ਦਾਉਂ ਦੇ ਸਰਪੰਚ ਅਵਤਾਰ ਸਿੰਘ ਨੂੰ ਵੀ ਡਰਾਇਆ ਧਮਕਾਇਆ ਜਾ ਰਿਹਾ ਹੈ|
ਪ੍ਰੋ. ਚੰਦੂਮਾਜਰਾ ਨੇ ਕਾਂਗਰਸ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹੀਆਂ ਧੱਕੇਸ਼ਾਹੀਆਂ ਕਰਨੀਆਂ ਬੰਦ ਕੀਤੀਆਂ ਜਾਣ ਨਹੀਂ ਤਾਂ ਅਕਾਲੀ ਦਲ ਨੂੰ ਸਰਕਾਰ ਵੱਲੋਂ ਚਲਾਏ ਜਾ ਰਹੇ ਇਸ ਦਮਨ ਚੱਕਰ ਖਿਲਾਫ ਸੜਕਾਂ ਤੇ ਉਤਰਨ ਲਈ ਮਜਬੂਰ ਹੋਣਾ ਪਵੇਗਾ| ਉਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਆਪਣੇ ਫਰਜ਼ ਅਤੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੁਰਾ ਕਰਨ ਅਤੇ ਕਾਂਗਰਸੀਆਂ ਵਲੋਂ ਕੀਤੀ ਜਾ ਰਹੀ ਗੁੰਡਾਗਰਦੀ ਨੂੰ ਨੱਥ ਪਾਉਣ|
ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਇੱਕ ਮਹਿਲਾ ਅਧਿਕਾਰੀ ਨੂੰ ਧਮਕੀਆਂ ਦੇਣ ਅਤੇ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੱਲੋਂ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣ ਦੇ ਸਾਹਮਣੇ ਆਏ ਮਾਮਲਿਆਂ ਉੱਤੇ ਟਿੱਪਣੀ ਕਰਦਿਆਂ, ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇੱਕ ਮਹੀਨੇ ਦੇ ਛੋਟੇ ਜਿਹੇ ਅਰਸੇ ਵਿਚ ਹੀ ਕਾਂਗਰਸੀਆਂ ਦੀ ਪੋਲ੍ਹ ਖੁੱਲ੍ਹ ਗਈ ਹੈ| ਉਹਨਾਂ ਦੋਸ਼ ਲਾਇਆ ਕਿ ਸਰਕਾਰ ਬਣਦਿਆਂ ਹੀ ਕਾਂਰਗਸੀਆਂ ਨੇ ਲੋਕਾਂ ਦੇ ਕਾਰੋਬਾਰਾਂ ‘ਤੇ ਜਬਰਨ ਕਬਜ਼ੇ ਕਰਨੇ ਸ਼ੁਰੁ ਕਰ ਦਿੱਤੇ ਹਨ| ਲੋਕਾਂ ਦੇ ਚੁਣੇ ਹੋਏ ਨੁਮਇੰਦਿਆਂ ‘ਤੇ ਨਾਜ਼ਾਇਜ਼ ਕੇਸ ਦਰਜ਼ ਕਰ ਕੇ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ| ਉਹਨਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਦਾ ਦਾਅਵਾ ਕਰਨ ਵਾਲੀ ਸਰਕਾਰ ਨੇ ਆਉਂਦੇ ਹੀ ਪਿੰਡਾਂ ਦੇ ਵਿਕਾਸ ਲਈ ਦਿੱਤੇ ਗਏ ਪੈਸੇ ਵਾਪਸ ਮੰਗਵਾ ਲਏ ਅਤੇ ਹੁਣ ਸਰਪੰਚਾਂ ਤੇ ਨਾਜਾਇਜ਼ ਕੇਸ ਪਾਉਣ ਸ਼ੁਰੂ ਕਰ ਦਿੱਤੇ ਹਨ|

Leave a Reply

Your email address will not be published. Required fields are marked *