ਕਾਂਗਰਸ ਇਕਜੁੱਟ, ਵਿਰੋਧੀ ਖਿਚੜੀ ਦੀ ਤਰ੍ਹਾਂ : ਬਲਬੀਰ ਸਿੱਧੂ ਵਿਰੋਧੀ ਧਿਰਾਂ ਦੇ 40 ਨੇਤਾ ਅਤੇ ਵਰਕਰ ਕਾਂਗਰਸ ਵਿੱਚ ਸ਼ਾਮਿਲ
ਐਸ.ਏ.ਐਸ.ਨਗਰ, 4 ਫਰਵਰੀ (ਸ.ਬ.) ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਮੌਜੂਦਗੀ ਵਿੱਚ ਗੁਰੂ ਨਾਨਕ ਮਾਰਕੀਟ, ਫੇਜ਼ 1 ਵਿੱਚ ਆਯੋਜਿਤ ਇੱਕ ਸਮਾਗਮ ਦੇ ਦੌਰਾਨ ਵੱਖ ਵੱਖ ਸਿਆਸੀ ਧਿਰਾਂ ਨਾਲ ਸੰਬੰਧਿਤ 40 ਨੇਤਾ ਅਤੇ ਵਰਕਰ ਕਾਂਗਰਸ ਵਿੱਚ ਸ਼ਾਮਲ ਹੋ ਗਏ। ਕਾਂਗਰਸ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਗੁਰੂ ਨਾਨਕ ਮਾਰਕੀਟ ਫੇਜ਼ 1 ਦੇ ਪ੍ਰਧਾਨ ਰਾਕੇਸ਼ ਕੁਮਾਰ ਰਿੰਕੂ, ਰਜਿੰਦਰ ਸਿੰਘ ਭੁੱਲਰ, ਸ਼ਮਸ਼ੇਰ ਸਿੰਘ, ਪਰਮਿੰਦਰ ਸਿੰਘ, ਵਿਜੇ ਪਾਲ, ਨੀਕਾ ਰਾਮ, ਜਤਿਨ ਰਾਜਪਾਲ, ਮਨਜੀਤ ਸਿੰਘ, ਮਿੱਕੂ, ਚਰਨਜੀਤ ਸਿੰਘ ਸੈਣੀ ਅਤੇ ਜਸਵਿੰਦਰ ਸਿੰਘ ਕਾਕਾ ਦੇ ਨਾਲ ਸ਼ਾਮਿਲ ਹਨ।
ਇਸ ਮੌਕੇ ਸz. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੁਹਾਲੀ ਨਗਰ ਨਿਗਮ ਚੋਣਾਂ ਸਿੱਧੇ ਤੌਰ ਤੇ ਮੁਹਾਲੀ ਦੇ ਵਿਕਾਸ ਨਾਲ ਸਬੰਧਤ ਹਨ, ਇਸ ਲਈ ਇਹ ਲੋਕਾਂ ਦੀ ਜਿੰਮੇਦਾਰੀ ਬਣਦੀ ਹੈ ਕਿ ਉਹ ਆਪਣੀਆਂ ਆਸਾਂ ਦੇ ਅਨੁਸਾਰ ਪ੍ਰਦਰਸ਼ਨ ਕਰਨ ਵਾਲੇ ਉਮੀਦਵਾਰਾਂ ਨੂੰ ਚੁਣਨ। ਉਹਨਾਂ ਕਿਹਾ ਕਿ ਲੋਕਾਂ ਦੀ ਇਹ ਜਿੰਮੇਦਾਰੀ ਹੈ ਕਿ ਉਹ ਉਨ੍ਹਾਂ ਉਮੀਦਵਾਰਾਂ ਨੂੰ ਵੋਟ ਪਾਉਣ ਜਿਹੜੇ ਸ਼ਹਿਰ ਅਤੇ ਸ਼ਹਿਰ ਦੇ ਲੋਕਾਂ ਲਈ ਈਮਾਨਦਾਰੀ ਨਾਲ ਕੰਮ ਕਰਨ, ਨਾ ਕਿ ਆਪਣੇ ਨਿੱਜੀ ਲਾਭਾਂ ਦੇ ਲਈ।
ਇਸ ਮੌਕੇ ਹਾਜਿਰ ਵਾਰਡ ਨੰਬਰ 47 ਦੇ ਕਾਂਗਰਸੀ ਉਮੀਦਵਾਰ ਸੁਮਨ ਗਰਗ, ਵਾਰਡ ਨੰਬਰ 46 ਤੋਂ ਰਵਿੰਦਰ ਸਿੰਘ ਅਤੇ ਵਾਰਡ ਨੰਬਰ 45 ਤੋਂ ਮੀਨਾ ਕੌਂਡਲ ਬਾਰੇ ਸz. ਸਿੱਧੂ ਨੇ ਕਿਹਾ ਕਿ ਇਹ ਉਮੀਦਵਾਰ ਲੰਮੇਂ ਸਮੇਂ ਤੋਂ ਲੋਕ ਭਲਾਈ ਦੇ ਕੰਮਾਂ ਵਿੱਚ ਸ਼ਾਮਿਲ ਹਨ ਅਤੇ ਆਪਣੇ ਖੇਤਰ ਵਿੱਚ ਲੋਕ ਭਲਾਈ ਦੇ ਪ੍ਰਤੀ ਸਮਰਪਣ ਦੇ ਲਈ ਜਾਣੇ ਜਾਂਦੇ ਹਨ। ਇੱਥੋਂ ਤੱਕ ਕਿ ਪਹਿਲੀ ਵਾਰ ਚੋਣ ਲੜ ਰਹੇ ਰਵਿੰਦਰ ਵੀ ਲੰਮੇਂ ਸਮੇਂ ਤੋਂ ਲੋਕ ਸੇਵਾ ਕਰ ਰਹੇ ਹਨ।
ਉਹਨਾਂ ਕਿਹਾ ਕਿ ਚੋਣਾਂ ਵਿਚ ਕਾਂਗਰਸ ਇਕੱਲੀ ਅਜਿਹੀ ਪਾਰਟੀ ਹੈ ਜਿਸਨੇ ਨਗਰ ਨਿਗਮ ਚੋਣਾਂ ਵਿਚ ਇਕੱਤਰਤਾ ਦਿਖਾਈ ਹੈ, ਜਦੋਂ ਕਿ ਦੂਜੇ ਪਾਸੇ ਵਿਰੋਧੀ ਖਿਚੜੀ ਦੀ ਤਰ੍ਹਾਂ ਹਨ ਜਿੱਥੇ ਕੁਝ ਇੱਕ ਪਾਸੇ ਚਲੇ ਗਏ ਅਤੇ ਕੁਝ ਦੂਜੇ ਪਾਸੇ। ਉਹਨਾਂ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਹੁੰਝਾਫੇਰੂ ਜਿੱਤ ਹਾਸਿਲ ਕਰਕੇ ਆਪਣਾ ਮੇਅਰ ਬਣਾਏਗੀ ਅਤੇ ਸ਼ਹਿਰ ਦਾ ਸਰਬਪੱਖੀ ਵਿਕਾਸ ਯਕੀਨੀ ਕੀਤਾ ਜਾਵੇਗਾ।