ਕਾਂਗਰਸ ਘਾਹ ਦੇ ਖਾਤਮੇ ਲਈ ਉਪਰਾਲੇ ਕੀਤੇ ਜਾਣ

ਸਾਡੇ ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰ ਵਿੱਚ ਇਸ ਵੇਲੇ ਜਿਸ ਪਾਸੇ ਵੀ ਨਜਰ ਮਾਰੋ, ਹਰ ਪਾਸੇ ਕਾਂਗਰਸ ਘਾਹ (ਗਾਜਰ ਬੂਟੀ) ਦੀ ਭਰਮਾਰ ਨਜਰ ਆਉਂਦੀ ਹੈ| ਸ਼ਹਿਰ ਵਿੱਚ ਪਈਆਂ ਖਾਲੀ ਥਾਵਾਂ, ਸੜਕਾਂ ਦੇ ਕਿਨਾਰੇ, ਖਾਲੀ ਪਲਾਟਾਂ, ਪਾਰਕਾਂ ਆਦਿ ਲਗਭਗ ਸਾਰੀਆਂ ਹੀ ਥਾਂਵਾਂ ਤੇ ਇਹ ਕਾਂਗਰਸ ਘਾਹ ਖੜ੍ਹੀ ਦਿਖਦੀ ਹੈ ਅਤੇ ਅਜਿਹਾ ਲੱਗਦਾ ਹੈ ਕਿ ਪ੍ਰਸ਼ਾਸ਼ਨ ਵਲੋਂ ਕਦੇ ਵੀ ਇਸਦੇ ਖਾਤਮੇ ਲਈ ਕੋਈ ਕਾਰਵਾਈ ਹੀ ਨਹੀਂ ਕੀਤੀ ਗਈ ਬਲਕਿ ਇਸ ਸੰਬੰਧੀ ਲੋੜੀਂਦੀ ਕਾਰਵਾਈ ਕਰਨ ਦੀ ਥਾਂ ਇਸ ਪਾਸੋਂ ਆਪਣੀਆਂ ਅੱਖਾਂ ਹੀ ਬੰਦ ਕਰ ਲਈਆਂ ਗਈਆਂ ਹਨ|
ਸ਼ਹਿਰ ਵਿੱਚ ਥਾਂ ਥਾਂ ਤੇ ਲੱਗੀਆਂ ਕਾਂਗਰਸ ਘਾਹ ਦੀਆਂ ਇਹ ਝਾੜੀਆਂ ਆਮ ਲੋਕਾਂ ਲਈ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਰਨ ਬਣਦੀਆਂ ਹਨ| ਜਿਹੜਾ ਵੀ ਵਿਅਕਤੀ ਕਾਂਗਰਸ ਘਾਹ ਦੇ ਸੰਪਰਕ (ਜਾਂ ਲਪੇਟ) ਵਿੱਚ ਆ ਜਾਂਦਾ ਹੈ, ਉਸਨੂੰ ਚਮੜੀ ਅਤੇ ਸਾਹ ਦੀ ਬਿਮਾਰੀ ਹੋਣ ਦਾ ਖਤਰਾ ਹੁੰਦਾ ਹੈ| ਇਹ ਕਾਂਗਰਸ ਘਾਹ ਕਈ ਤਰ੍ਹਾਂ ਦੀਆਂ ਐਲਰਜੀਆਂ ਦਾ ਵੀ ਕਾਰਨ ਬਣਦੀ ਹੈ ਪਰੰਤੂ ਇਸਦੇ ਬਾਵਜੂਦ ਪ੍ਰਸ਼ਾਸਨ ਵਲੋਂ ਇਸਦੇ ਖਾਤਮੇ ਲਈ ਲੋੜੀਂਦੀ ਕਾਰਵਾਈ ਕਰਨ ਦੀ ਥਾਂ ਇਸਨੂੰ ਪੂਰੀ ਤਰ੍ਹਾਂ ਅਣਦੇਖਿਆ ਕੀਤਾ ਜਾਂਦਾ ਰਿਹਾ ਹੈ ਜਿਸ ਕਾਰਨ ਕਾਂਗਰਸ ਘਾਹ ਦੀ ਇਹ ਸਮੱਸਿਆ ਲਗਾਤਾਰ ਗੰਭਾਰ ਹੁੰਦੀ ਜਾ ਰਹੀ ਹੈ ਅਤੇ ਇਸਦੀ ਹਰ ਪਾਸੇ ਭਰਮਾਰ ਹੋ ਗਈ ਹੈ|
ਬਰਸਾਤਾਂ ਦੇ ਮੌਸਮ ਦੌਰਾਨ ਹਰ ਸਾਲ ਸ਼ਹਿਰ ਵਿੱਚ ਗਾਜਰ ਬੂਟੀ ਦੀਆਂ ਇਹਨਾਂ ਝਾੜੀਆਂ ਦੀ ਭਰਮਾਰ ਹੋ ਜਾਂਦੀ ਹੈ ਅਤੇ ਪ੍ਰਸ਼ਾਸ਼ਨ ਵਲੋਂ ਇਸਦੀ ਸਮੇਂ ਸਿਰ ਕਟਾਈ ਨਾ ਕਰਵਾਏ ਜਾਣ ਕਾਰਨ ਇਹ ਸਮੱਸਿਆ ਹਰ ਸਾਲ ਵੱਧਦੀ ਹੀ ਰਹਿੰਦੀ ਹੈ| ਇਹ ਕਾਂਗਰਸ ਘਾਹ ਸਿਰਫ ਮਨੁੱਖਾਂ ਹੀ ਨਹੀਂ ਬਲਕਿ ਪਸ਼ੂਆਂ ਲਈ ਵੀ ਬਹੁਤ ਖਤਰਨਾਕ ਹੈ ਅਤੇ ਜਿਹੜੇ ਪਸ਼ੂ ਇਸ ਕਾਂਗਰਸ ਘਾਹ ਦੀ ਲਪੇਟ ਵਿੱਚ ਆ ਜਾਂਦੇ ਹਨ ਉਹਨਾਂ ਨੂੰ ਵੀ ਖੁਜਲੀ ਅਤੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ| ਇਸ ਕਾਂਗਰਸ ਘਾਹ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਸਦਾ ਬੀਜ ਭਾਰਤ ਸਰਕਾਰ ਵਲੋਂ ਅਮਰੀਕਾ ਤੋਂ ਮੰਗਵਾਈ ਗਈ ਕਣਕ ਦੇ ਨਾਲ ਹੀ ਭਾਰਤ ਆਇਆ ਸੀ| ਉਸ ਵੇਲੇ ਭਾਰਤ ਵਿੱਚ ਕਾਂਗਰਸ ਦੀ ਸਰਕਾਰ ਹੋਣ ਕਾਰਨ ਅਸਮ ਲੋਕਾਂ ਵਿੱਚ ਇਸਦਾ ਨਾਮ ਕਾਂਗਰਸ ਘਾਹ ਵਜੋਂ ਪਕ ਗਿਆ ਸੀ ਅਤੇ ਇਹ ਕਾਂਗਰਸ ਘਾਹ ਪੂਰੇ ਦੇਸ਼ ਵਿੱਚ ਲੋਕਾਂ ਲਈ ਭਾਰੀ ਪਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ|
ਜਿੱਥੋਂ ਤਕ ਸਰਕਾਰ ਵਲੋਂ ਇਸ ਕਾਂਗਰਸ ਘਾਹ ਨੂੰ ਖਤਮ ਕਰਨ ਲਈ ਲੋੜੀਂਦੀ ਕਾਰਵਾਈ ਕਰਨ ਦੀ ਗੱਲ ਹੈ ਤਾਂ ਸਰਕਾਰ ਇਸ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ| ਇਸਦਾ ਇੱਕ ਕਾਰਨ ਇਹ ਵੀ ਹੈ ਕਿ ਸਰਕਾਰੀ ਅਦਾਰਿਆਂ ਵਲੋਂ ਇਸ ਕਾਂਗਰਸ ਘਾਹ ਦੀ ਕਟਾਈ ਦਾ ਕੰਮ ਉਦੋਂ ਸ਼ੁਰੂ ਕੀਤਾ ਜਾਂਦਾ ਹੈ ਜਦੋਂ ਇਸਦੇ ਬੂਟੇ ਵੱਡੇ ਹੋ ਜਾਂਦੇ ਹਨ ਅਤੇ ਉਹਨਾਂ ਵਿੱਚੋਂ ਲੱਗੇ ਫੁੱਲਾਂ ਤੋਂ ਬੀਜ ਝੜਣ ਲੱਗ ਜਾਂਦੇ ਹਨ| ਜਮੀਨ ਤੇ ਡਿੱਗਣ ਵਾਲੇ ਇਹਨਾਂ ਬੀਜਾਂ ਤੋਂ ਬਾਅਦ ਵਿੱਚ ਨਵੇਂ ਬੂਟੇ ਉੱਗ ਜਾਂਦੇ ਹਨ ਅਤੇ ਇਹ ਸਮੱਸਿਆ ਸਾਲ ਦਰ ਸਾਲ ਲੋਕਾਂ ਨੂੰ ਪਰੇਸ਼ਾਨ ਕਰਦੀ ਰਹਿੰਦੀ ਹੈ|
ਇਸ ਸੰਬੰਧੀ ਕਈ ਵਾਰ ਕੁੱਝ ਜੱਥੇਬੰਦੀਆਂ ਵਲੋਂ ਕਦੇ ਕਦੇ ਆਪਣੇ ਇਲਾਕੇ ਵਿੱਚ ਕਾਂਗਰਸ ਘਾਹ ਦਾ ਸਫਾਇਆ ਕਰਨ ਦਾ ਕੰਮ ਵੀ ਆਰੰਭਿਆ ਜਾਂਦਾ ਹੈ ਪਰੰਤੂ ਇਹਨਾਂ ਜਥੇਬੰਦੀਆਂ ਦੇ ਆਗੂਆਂ ਦਾ ਧਿਆਨ ਫੋਟੋਆਂ ਖਿਚਵਾ ਕੇ ਅਖਬਾਰਾਂ ਵਿੱਚ ਛਪਵਾਉਣ ਵੱਲ ਵਧੇਰੇ ਹੁੰਦਾ ਹੈ ਅਤੇ ਉਹਨਾਂ ਵਲੋਂ ਵੀ ਪੂਰੀ ਗੰਭੀਰਤਾ ਨਾਲ ਇਹ ਕੰਮ ਮੁਕੰਮਲ ਨਹੀਂ ਕੀਤਾ ਜਾਂਦਾ| ਇਸਦਾ ਨਤੀਜਾ ਇਹ ਹੁੰਦਾ ਹੈ ਕਿ ਕਾਂਗਰਸ ਘਾਹ ਦੀ ਚੰਗੀ ਤਰ੍ਹਾਂ ਕਟਾਈ ਨਾ ਹੋਣ ਕਾਰਨ ਇਹ ਕੁਝ ਦਿਨਾਂ ਬਾਅਦ ਮੁੜ ਵੱਧ ਜਾਂਦੀ ਹੈ ਅਤੇ ਇਹ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ|
ਇਸ ਸਮੱਸਿਆ ਦੇ ਹਲ ਲਈ ਜਰੂਰੀ ਹੈ ਕਿ ਨਗਰ ਨਿਗਮ ਵਲੋਂ ਇਸਦੇ ਖਾਤਮੇ ਲਈ ਜੰਗੀ ਪੱਧਰ ਤੇ ਮੁਹਿੰਮ ਆਰੰਭੀ ਜਾਵੇ ਅਤੇ ਇਸਦਾ ਸਿਰੇ ਤੋਂ ਖਾਤਮਾ ਕਰਨ ਲਈ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ| ਇਸ ਸੰਬੰਧੀ ਪ੍ਰਸ਼ਾਸ਼ਨ ਵਲੋਂ ਤਾਂ ਲੋੜੀਂਦੀ ਕਾਰਵਾਈ ਕੀਤੀ ਹੀ ਜਾਣੀ ਚਾਹੀਦੀ ਹੈ ਬਲਕਿ ਇਸਦੇ ਨਾਲ ਨਾਲ ਸ਼ਹਿਰ ਵਾਸੀਆਂ ਨੂੰ ਵੀ ਕਾਂਗਰਸ ਘਾਹ ਦੇ ਖਾਤਮੇ ਲਈ ਆਪਣਾ ਬਣਦਾ ਯੋਗਦਾਨ ਦੇਣਾ ਚਾਹੀਦਾ ਹੈ ਅਤੇ ਆਪਣੇ ਘਰਾਂ ਦੇ ਆਸ ਪਾਸ ਅਤੇ ਮੁਹੱਲਿਆਂ ਵਿੱਚਲੇ ਛੋਟੇ ਪਾਰਕਾਂ ਵਿੱਚ ਖੜ੍ਹੀ ਕਾਂਗਰਸ ਘਾਹ ਦੀਆਂ ਇਹਨਾਂ ਝਾੜੀਆਂ ਦੀ ਸਫਾਈ ਕਰਨੀ ਚਾਹੀਦੀ ਹੈ| ਇਹ ਸਮੱਸਿਆ ਦੇ ਹਲ ਲਈ ਸਭ ਨੂੰ ਮਿਲ ਕੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਇਸ ਕਾਰਨ ਹੋਣ ਵਾਲੇ ਨੁਕਸਾਨ ਤੋਂ ਸ਼ਹਿਰ ਵਾਸੀਆਂ ਨੂੰ ਬਚਾਇਆ ਜਾ ਸਕੇ|

Leave a Reply

Your email address will not be published. Required fields are marked *