ਕਾਂਗਰਸ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਆਉਣ ਤੋਂ ਬਾਅਦ ਰਾਜਸੀ ਸਰਗਰਮੀਆਂ ਤੇਜ਼

ਐਸ.ਏ.ਐਸ.ਨਗਰ, 16 ਦਸੰਬਰ (ਸ.ਬ.) ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਵੱਲੋਂ 61 ਉਮੀਦਵਾਰਾਂ ਦੀ ਪਲੇਠੀ ਸੂਚੀ ਜਾਰੀ ਕਰ ਦਿੱਤੀ ਗਈ ਹੈ, ਜਿਵੇਂ ਹੀ ਕਾਂਗਰਸੀ ਉਮੀਦਵਾਰਾਂ ਦਾ ਐਲਾਨ ਹੋਇਆ ਤਾਂ ਠੰਡ ਦੇ ਮੌਸਮ ਦੇ ਬਾਵਜੂਦ ਪੰਜਾਬ ਦੀ ਰਾਜਨੀਤੀ ਵਿੱਚ ਇਕਦਮ ਤੇਜ਼ੀ ਆ ਗਈ ਅਤੇ ਪੰਜਾਬ ਦਾ ਸਿਆਸੀ ਮਾਹੌਲ ਭਖ ਗਿਆ|
ਕਾਂਗਰਸ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ 31 ਮੌਜੂਦਾ ਵਿਧਾਇਕਾਂ ਨੂੰ ਹੀ ਟਿਕਟਾਂ ਦੇ ਕੇ ਨਿਵਾਜਿਆ ਹੈ, ਜਦੋਂ ਕਿ 5 ਨੌਜਵਾਨਾਂ ਅਤੇ 6 ਔਰਤਾਂ ਨੂੰ ਵੀ ਟਿਕਟਾਂ ਦਿੱਤੀਆਂ ਗਈਆਂ ਹਨ| ਅਸਲ ਵਿੱਚ ਕਾਂਗਰਸ ਪਾਰਟੀ ਨੇ ਪਹਿਲੀ ਸੂਚੀ ਹੀ ਜਾਰੀ ਕਰਕੇ ਸਾਰੇ ਵਰਗਾਂ ਨੂੰ ਹੀ ਖੁਸ਼ ਕਰਨ ਦਾ ਯਤਨ ਕੀਤਾ ਹੈ| ਕਾਂਗਰਸ ਦੀ ਇਸ ਸੂਚੀ ਦੀ ਖਾਸ ਗੱਲ ਇਹ ਹੈ ਕਿ ਮੌਜੂਦਾ ਵਿਧਾਨਕਾਰ ਗੁਰਇਕਬਾਲ ਕੌਰ ਬਬਲੀ ਦੇ ਬੇਟੇ25 ਸਾਲਾ ਅੰਗਦ ਸੈਣੀ ਸਭ ਤੋਂ ਛੋਟੀ ਉਮਰ ਦੇ ਉਮੀਦਵਾਰ ਹਨ|
ਜਿਵੇਂ ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਉਵੇ ਹੀ ਪੰਜਾਬ ਵਿੱਚ ਰਾਜਸੀ ਸਰਗਰਮੀਆਂ ਵੀ ਤੇਜ਼ ਹੋ ਰਹੀਆਂ ਹਨ ਅਸਲ ਵਿੱਚ ਪੰਜਾਬ ਵਿੱਚ ਤਾਂ ਪਿਛਲੇ ਇਕ ਸਾਲ ਤੋਂ ਹੀ ਚੌਣ ਮਾਹੌਲ ਬਣਿਆ ਹੋਇਆ ਹੈ| ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਪਟਿਆਲਾ ਸ਼ਹਿਰੀ ਹਲਕੇ ਤੋਂ ਟਿਕਟ ਦਿਤੀ ਗਈ ਹੈ ਇਸ ਤਰ੍ਹਾਂ ਉਹ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦੇ ਵੀ ਉਮੀਦਵਾਰ ਹਨ| ਕੈਪਟਨ ਅਮਰਿੰਦਰ ਸਿੰਘ ਕੁਝ ਸਮਾਂ ਪਹਿਲਾਂ ਆਪਣੀ ਲੋਕ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਚੁੱਕੇ ਹਨ, ਇਸ ਲਈ ਹੁਣ ਉਹ ਪੂਰੇ ਜ਼ੋਰ ਸ਼ੋਰ ਨਾਲ ਵਿਧਾਨ ਸਭਾ ਚੋਣਾਂ ਲੜ ਰਹੇ ਹਨ| ਕੈਪਟਨ ਅਮਰਿੰਦਰ ਸਿੰਘ ਇਕ ਅਜਿਹੇ ਕਾਂਗਰਸੀ ਆਗੂ ਹਨ ਜਿਹਨਾਂ ਨੂੰ ਪਟਿਆਲਾ ਹਲਕੇ ਦੇ ਕੱਟੜ ਹਿੰਦੂ ਵੀ ਆਪਣੀ ਹਮਾਇਤ ਦੇ ਦਿੰਦੇ ਹਨ, ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦਾ ਸਿੱਖਾਂ ਵਿੱਚ ਵੀ ਚੰਗਾ ਆਧਾਰ ਹੈ ਅਤੇ ਕਾਂਗਰਸ ਤੋਂ ਦੂਰ ਗਏ ਸਿੱਖਾਂ ਨੂੰ ਮੁੜ ਕਾਂਗਰਸ ਨਾਲ ਜੋੜਨ ਵਿੱਚ ਕੈਪਟਨ ਅਮਰਿੰਦਰ ਸਿੰਘ ਕਾਮਯਾਬ ਰਹੇ ਹਨ|
ਕਾਂਗਰਸੀ ਉਮੀਦਵਾਰਾਂ ਦੀ ਸੂਚੀ ਦੇ ਐਲਾਨ ਤੋਂ ਬਾਅਦ ਉਮੀਦਵਾਰਾਂ ਦੇ ਸਮਰਥਕਾਂ ਵੱਲੋਂ ਵਧਾਈ ਸੰਦੇਸ਼ ਛਪਵਾਉਣ ਵਿੱਚ ਵੀ ਹੋੜ ਜਿਹੀ ਲੱਗ ਗਈ ਹੈ ਅਤੇ ਵੱਖ ਵੱਖ ਉਮੀਦਵਾਰਾਂ ਦੇ ਸਮਰਥਕਾਂ ਨੇ ਅਖਬਾਰਾਂ ਵਿੱਚ ਜਾ ਕੇ ਆਪਣੇ ਉਮੀਦਵਾਰ ਨੂੰ ਟਿਕਟ ਮਿਲਣ ਦੀ ਖੁਸ਼ੀ ਵਿੱਚ ਵਧਾਈ ਸੰਦੇਸ਼ ਲਗਵਾਉਣੇ ਵੀ ਸ਼ੁਰੂ ਕਰ ਦਿਤੇ ਹਨ| ਇਸ ਤੋਂ ਇਲਾਵਾ ਟਿਕਟ ਮਿਲਣ ਤੋਂ ਬਾਅਦ ਕੁੱਝ ਕਾਂਗਰਸੀ ਉਮੀਦਵਾਰਾਂ ਵੱਲੋਂ ਇਕਦਮ ਹੀ ਰਾਜਸੀ ਸਰਗਰਮੀਆਂ ਤੇਜ ਕਰ ਦਿਤੀਆਂ ਗਈਆਂ ਹਨ ਅਤੇ ਕਈ ਉਮੀਦਵਾਰਾਂ ਨੇ ਤਾਂ ਅੱਜ ਹੀ ਆਪਣੇ ਚੋਣ ਪ੍ਰਚਾਰ ਲਈ ਵਿਉਂਤਾ ਬਨਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਕਈ ਕਾਂਗਰਸੀ ਉਮੀਦਵਾਰਾਂ ਨੇ ਤਾਂ ਵੱਖ-ਵੱਖ ਪ੍ਰੈਸਾਂ ਵਿੱਚ ਆਪਣੇ ਪੋਸਟਰ ਤੇ ਬੈਨਰ ਬਣਨ ਲਈ ਵੀ ਆਰਡਰ ਦੇ ਦਿਤੇ ਹਨ| ਕਾਂਗਰਸ ਦੀ ਇਸ ਸੂਚੀ ਨਾਲ ਪੰਜਾਬ ਵਿੱਚ ਸਿਆਸੀ ਜੰਗ ਤੇਜ ਹੋ ਗਈ ਹੈ|

Leave a Reply

Your email address will not be published. Required fields are marked *