ਕਾਂਗਰਸ ਪਾਰਟੀ ਕਿਸੇ ਨਾਲ ਸਿਆਸੀ ਧੱਕਾ ਨਹੀਂ ਕਰੇਗੀ : ਜਲਾਲਪੁਰ

ਘਨੌਰ, 6 ਸਤੰਬਰ ( ਅਭਿਸ਼ੇਕ ਸੂਦ) ਸਥਾਨਕ ਹਲਕੇ ਦੇ ਜ਼ਿਲ੍ਹਾ ਪ੍ਰੀਸ਼ਦ ਚੋਣ ਦੇ ਹਰਪਾਲਪੁਰ ਜ਼ੋਨ ਦੀਆਂ ਸਿਆਸੀ ਸਰਗਰਮੀਆਂ ਨੂੰ ਤੇਜ਼ ਕਰਦੇ ਹੋਏ ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਗਗਨਦੀਪ ਸਿੰਘ ਜੌਲੀ ਜਲਾਲਪੁਰ ਦੇ ਹੱਕ ਵਿੱਚ ਪ੍ਰੈਸ ਕਾਨਫਰੰਸ ਕੀਤੀ| ਅਕਾਲੀ ਦਲ ਦੇ ਸੰਭਾਵੀ ਉਮੀਦਵਾਰ ਹਰਵਿੰਦਰ ਸਿੰਘ ਹਰਪਾਲਪੁਰ ਦੁਆਰਾ ਲਗਾਏ ਗਏ ਦੋਸ਼ ਤੇ ਕੀਤੇ ਗਏ ਦਾਅਵੇ ਕਿ ਉਸ (ਹਰਪਾਲਪੁਰ) ਨੂੰ ਵੋਟ ਬਣਾਉਣ ਨਹੀਂ ਦਿੱਤੀ ਜਾ ਰਹੀ ਨੂੰ ਸਿਰੇ ਤੋਂ ਖਾਰਜ ਕਰਦਿਆਂ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਹਰਵਿੰਦਰ ਸਿੰਘ ਹਰਪਾਲਪੁਰ ਨੂੰ ਸਿਆਸੀ ਡਰਾਮਾ ਛੱਡ ਕੇ ਕਾਂਗਰਸ ਪਾਰਟੀ ਦੀ ਚੁਣੌਤੀ ਅਤੇ ਵਰਕਰ ਅਤੇ ਹਲਕੇ ਦੇ ਵੋਟਰਾਂ ਵਿੱਚਲੇ ਅਕਾਲੀ ਦਲ ਦੇ ਪ੍ਰਤੀ ਫੈਲੇ ਰੋਹ ਦਾ ਸਾਹਮਣਾ ਕਰਨ ਲਈ ਕਿਹਾ|
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਿਸੇ ਨਾਲ ਸਿਆਸੀ ਧੱਕਾ ਨਹੀਂ ਕਰੇਗੀ| ਵਿਧਾਇਕ ਜਲਾਲਪੁਰ ਨੇ ਦਾਅਵਾ ਕੀਤਾ ਕਿ ਹਰਵਿੰਦਰ ਹਰਪਾਲਪੁਰ ਹਰ ਵਾਰ ਸਿਆਸੀ ਲਾਹਾ ਖੱਟਣ ਲਈ ਆਪਣੀ ਦਾਅਵੇਦਾਰੀ ਪੇਸ਼ ਕਰਦੇ ਹਨ, ਉਹ ਤਾਂ ਵਿਧਾਨ ਸਭਾ ਚੋਣਾਂ ਵੇਲੇ ਵੀ ਘਨੌਰ ਤੋਂ ਮੇਰੇ (ਜਲਾਲਪੁਰ) ਖਿਲਾਫ ਦਾਅਵੇਦਾਰੀ ਪੇਸ਼ ਕਰ ਚੁੱਕੇ ਹਨ , ਪਰ ਹਲਕੇ ਵਾਸੀਆਂ ਦੇ ਵਿਰੋਧ ਦਾ ਸਾਹਮਣਾ ਕਰਨ ਤੋਂ ਡਰਦੇ ਹਨ, ਕਿਉਂ ਜੋ ਉਨ੍ਹਾਂ ਨੇ ਕਥਿਤ ਤੌਰ ਤੇ ਹਲਕੇ ਵਿੱਚ ਨਾਜਾਇਜ਼ ਕਬਜ਼ੇ ਅਤੇ ਧੱਕੇਸ਼ਾਹੀਆਂ ਕੀਤੀਆਂ ਹੋਈਆਂ ਹਨ|
ਸ੍ਰ. ਜਲਾਲਪੁਰ ਨੇ ਕਿਹਾ ਕਿ ਗਗਨਦੀਪ ਸਿੰਘ ਜੌਲੀ ਜਲਾਲਪੁਰ ਦੀ ਵੋਟ ਤਾਂ ਚਾਰ ਮਹੀਨੇ ਪਹਿਲਾਂ ਹੀ ਚੋਣ ਕਮਿਸ਼ਨ ਵੱਲੋਂ ਨਿਯੁਕਤ ਕੀਤੇ ਗਏ ਬੀ.ਐਲ.ਓ. ਵੱਲੋਂ ਬਣਾਈ ਗਈ ਹੈ ਜਦੋਂ ਕਿ ਅਕਾਲੀ ਦਲ ਝੂਠ ਦੀ ਪੰਡ ਬੰਨ੍ਹ ਕੇ ਸਿਆਸੀ ਡਰਾਮਾ ਕਰ ਰਿਹਾ ਹੈ| ਉਨ੍ਹਾਂ ਕਿਹਾ ਕਿ ਅੱਜ ਕੋਈ ਵੀ ਸੀਨੀਅਰ ਟਕਸਾਲੀ ਅਕਾਲੀ ਆਗੂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਚੋਣਾਂ ਨਹੀਂ ਲੜ ਰਿਹਾ, ਕਿਉਂ ਜੋ ਬਰਗਾੜੀ ਦੀ ਬੇਹੱਦ ਨਿੰਦਣਯੋਗ ਤੇ ਦੁੱਖਦ ਘਟਨਾ ਲਈ ਲੋਕ ਇਨ੍ਹਾਂ ਨੂੰ ਕਦੇ ਮੁਆਫ ਨਹੀਂ ਕਰਨਗੇ|
ਇਸ ਮੌਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਗਗਨਦੀਪ ਸਿੰਘ ਜੌਲੀ ਜਲਾਲਪੁਰ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਅਤੇ ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਡੇਢ ਸਾਲ ਦੇ ਵਿਕਾਸ ਕਾਰਜਾਂ ਤੇ ਚੋਣ ਲੜਨਗੇ ਅਤੇ ਕਿਸੇ ਵੀ ਚੁਣੌਤੀ ਲਈ ਤਿਆਰ ਹਨ | ਇਸ ਮੌਕੇ ਬੀਬੀ ਅਮਰਜੀਤ ਕੌਰ ਜਲਾਲਪੁਰ, ਨਰਪਿੰਦਰ ਸਿੰਘ ਭਿੰਦਾ, ਰਜਿੰਦਰ ਪਾਲ ਜਲਾਲਪੁਰ, ਬਲਜੀਤ ਸਿੰਘ ਗਿੱਲ , ਰਾਜੇਸ਼ ਕੁਮਾਰ ਨੰਦਾ, ਜਗਦੀਪ ਸਿੰਘ ਚਪੜ , ਮਨਜੀਤ ਸਿੰਘ ਚਪੜ, ਛੋਟਾ ਸਿੰਘ ਸੀਲ, ਦਰਬਾਰਾ ਸਿੰਘ ਹਰਪਾਲਪੁਰ, ਰਾਜਵਿੰਦਰ ਸਿੰਘ ਹਰਪਾਲਪੁਰ, ਗਗਨਦੀਪ ਸਿੰਘ ਹਸਨਪੁਰ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *