ਕਾਂਗਰਸ ਰਾਜ ਦੌਰਾਨ ਹਮੇਸ਼ਾ ਕਿਸਾਨਾਂ ਦੀ ਫ਼ਸਲ ਦਾ ਦਾਣਾ-ਦਾਣਾ ਖ਼ਰੀਦਿਆ ਗਿਆ : ਮੱਛਲੀ ਕਲਾਂ


ਖਰੜ, 3 ਨਵੰਬਰ (ਸ.ਬ.)  ‘ਮਾਰਕੀਟ ਕਮੇਟੀ ਖਰੜ ਅਧੀਨ ਪੈਂਦੇ ਝੋਨਾ ਖ਼ਰੀਦ ਕੇਂਦਰਾਂ ਵਿੱਚ ਝੋਨੇ ਦੀ ਖ਼ਰੀਦ, ਚੁਕਾਈ ਅਤੇ ਪੈਸਿਆਂ ਦੀ ਅਦਾਇਗੀ ਦਾ ਕੰਮ ਬਹੁਤ ਹੀ ਸੁਚੱਜੇ ਅਤੇ ਤਸੱਲੀਬਖ਼ਸ਼ ਢੰਗ ਨਾਲ ਚੱਲ ਰਿਹਾ ਹੈ ਤੇ ਹੁਣ ਤਕ ਕਿਸੇ ਵੀ ਜ਼ਿਮੀਂਦਾਰ ਨੂੰ ਖੱਜਲ-ਖੁਆਰੀ ਜਾਂ ਹੋਰ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਿਆ| ਇਹ ਗੱਲ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਦਾਊਂ ਮਾਜਰਾ ਖ਼ਰੀਦ ਕੇਂਦਰ ਦੇ ਦੌਰੇ ਦੌਰਾਨ ਆਖੀ| ਉਹਨਾਂ ਕਿਹਾ ਕਿ ਜਦੋਂ ਵੀ ਸੂਬੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਹੁੰਦੀ ਹੈ, ਕਿਸੇ ਵੀ ਫ਼ਸਲ ਨੂੰ ਵੇਚਣ ਵਿੱਚ ਕਿਸਾਨਾਂ ਨੂੰ ਕੋਈ ਮੁਸ਼ਕਿਲ            ਪੇਸ਼ ਨਹੀਂ ਆਉਂਦੀ ਅਤੇ ਉਹਨਾਂ ਦੀ ਫਸਲ ਦਾ ਦਾਣਾ ਦਾਣਾ ਖਰੀਦ ਕੇ ਰਕਮ ਦੀਪ ਬਣਦੀ ਅਦਾਇਗੀ ਕੀਤੀ ਜਾਂਦੀ ਹੈ| 
ਇਸ ਮੌਕੇ ਉਨ੍ਹਾਂ ਮੰਡੀ ਵਿੱਚ ਮੌਜੂਦ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਵੀ ਦਿਤੀਆਂ| ਮੱਛਲੀ ਕਲਾਂ ਨੇ ਦਸਿਆ ਕਿ ਖਰੜ ਮਾਰਕੀਟ ਕਮੇਟੀ ਅਧੀਨ ਮੰਡੀਆਂ ਵਿੱਚ ਹੁਣ ਤਕ 399053 ਕੁਇੰਟਲ ਝੋਨੇ ਦੀ ਖਰੀਦ ਹੋ ਚੁੱਕੀ ਹੈ, ਇਸ ਵਿਚੋਂ ਖਰੜ ਦੀ ਅਨਾਜ ਮੰਡੀ ਵਿਚ ਹੁਣ ਤਕ 203260 ਕੁਇੰਟਲ ਝੋਨੇ ਦੀ ਖਰੀਦ ਹੋ ਚੁੱਕੀ ਹੈ ਜਦਕਿ ਚੱਪੜਚਿੜੀ ਮੰਡੀ ਵਿਚ 32204 ਕੁਇੰਟਲ, ਖਰੜ ਰਾਈਸ ਮਿੱਲ ਵਿਚ 10015 ਕੁਇੰਟਲ, ਗਰਗ ਰਾਈਸ ਮਿੱਲ ਵਿਚ 11386 ਕੁਇੰਟਲ, ਦਾਊਂ ਮਾਜਰਾ ਖ਼ਰੀਦ ਕੇਂਦਰ ਵਿਚ 34416 ਕੁਇੰਟਲ, ਪੱਕੀ ਰੁੜਕੀ ਖ਼ਰੀਦ ਕੇਂਦਰ ਵਿਚ 33657 ਕੁਇੰਟਲ, ਭਾਗੋ ਮਾਜਰਾ ਵਿਚ 43978 ਕੁਇੰਟਲ ਅਤੇ ਸਨੇਟਾ ਕੇਂਦਰ ਵਿਚ 30137 ਕੁਇੰਟਲ ਝੋਨੇ ਦੀ ਖਰੀਦ ਹੋ ਚੁੱਕੀ ਹੈ| ਇਸੇ ਤਰ੍ਹਾਂ ਖਰੜ ਮੰਡੀ ਵਿਚ ਹੁਣ ਤਕ 183093 ਕੁਇੰਟਲ ਝੋਨੇ ਦੀ ਚੁਕਾਈ ਹੋ ਚੁੱਕੀ ਹੈ ਜਦਕਿ ਚੱਪੜਚਿੜੀ ਮੰਡੀ ਵਿਚ 24637 ਕੁਇੰਟਲ, ਖਰੜ ਰਾਈਸ ਮਿੱਲ ਵਿਚ 10015 ਕੁਇੰਟਲ, ਗਰਗ ਰਾਈਸ ਮਿੱਲ ਵਿਚ 11386 ਕੁਇੰਟਲ, ਦਾਊਂ ਮਾਜਰਾ ਖ਼ਰੀਦ ਕੇਂਦਰ ਵਿਚ 34000 ਕੁਇੰਟਲ, ਪੱਕੀ ਰੁੜਕੀ ਖ਼ਰੀਦ ਕੇਂਦਰ ਵਿਚ 31981 ਕੁਇੰਟਲ, ਭਾਗੋ ਮਾਜਰਾ ਵਿਚ 42014 ਕੁਇੰਟਲ ਅਤੇ ਸਨੇਟਾ ਕੇਂਦਰ ਵਿਚ 27169 ਕੁਇੰਟਲ ਝੋਨੇ ਦੀ ਚੁਕਾਈ ਹੋ ਚੁੱਕੀ ਹੈ| 
ਇਸ ਮੌਕੇ ਮੰਡੀ ਸੁਪਰਵਾਇਜ਼ਰ ਹਰਜੀਤ ਸਿੰਘ, ਆਕਸ਼ਨ ਰੀਕਾਰਡਰ ਜਸਪ੍ਰੀਤ ਸਿੰਘ, ਆੜ੍ਹਤੀ ਪਵਨ ਕੁਮਾਰ ਅਤੇ ਰੰਜੀਵ ਕੁਮਾਰ ਤੋਂ ਇਲਾਵਾ ਕਿਸਾਨ ਅਤੇ ਹੋਰ ਪਤਵੰਤੇ ਮੌਜੂਦ ਸਨ|

Leave a Reply

Your email address will not be published. Required fields are marked *