ਕਾਂਗਰਸ ਲਈ ਆਸਾਨ ਨਹੀਂ ਹੈ ਨਗਰ ਨਿਗਮ ਚੋਣਾਂ ਦਾ ਰਾਹ ਬਲਬੀਰ ਸਿੱਧੂ ਅਤੇ ਕੁਲਵੰਤ ਸਿੰਘ ਦਾ ਵਕਾਰ ਹੋਵੇਗਾ ਦਾਅ ਤੇ


ਭੁਪਿੰਦਰ ਸਿੰਘ
ਐਸ ਏ ਐਸ ਨਗਰ, 1 ਦਸੰਬਰ

ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਵਲੋਂ ਨਗਰ ਨਿਗਮ ਚੋਣਾਂ ਕਰਵਾਉਣ ਸੰਬੰਧੀ                 ਨੋਟਿਫਿਕੇਸ਼ਨ ਜਾਰੀ ਕੀਤੇ ਜਾਣ ਦੇ ਨਾਲ ਹੀ ਚੋਣ ਮੈਦਾਨ ਵੀ ਭਖ ਗਿਆ ਹੈ ਅਤੇ ਚੋਣ ਸਰਗਰਮੀਆਂ ਵੀ ਤੇਜੀ ਫੜਣ ਲੱਗ ਗਈਆਂ ਹਨ| ਇਸ ਦੌਰਾਨ ਜਿੱਥੇ ਪੰਜਾਬ ਦੇ ਸਿਹਤ ਮੰਤਰੀ ਅਤੇ ਹਲਕਾ ਵਿਧਾਇਕ ਵਲੋਂ ਪਿਛਲੇ ਇਕ ਮਹੀਨੇ ਤੋਂ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖ ਕੇ ਮਾਹੌਲ ਆਪਣੇ ਹੱਕ ਵਿੱਚ ਕਰਨ ਲਈ ਸਰਗਰਮੀਆਂ ਛੇੜੀਆਂ ਹੋਈਆਂ ਹਨ ਉੱਥੇ ਹੁਣ ਨਿਗਮ ਦੇ ਸਾਬਕਾ ਮੇਅਰ ਸ੍ਰ. ਕੁਲਵੰਤ ਸਿਘ ਦੀ ਅਗਵਾਈ ਵਿੱਚ ਅਕਾਲੀ ਦਲ ਵਲੋਂ ਵੀ ਸਰਗਰਮੀਆਂ ਆਰੰਭ ਦਿੱਤੀਆਂ ਗਈਆਂ ਹਨ ਜਿਸਦੇ ਤਹਿਤ ਕਾਂਗਰਸ ਦੀ ਘੇਰਾਬੰਦੀ ਕਰਨ ਅਤੇ ਵੱਧ ਤੋਂ ਵੱਧ ਸੀਟਾਂ ਜਿੱਤਣ ਦੀ ਰਣਨੀਤੀ ਤਿਆਰ ਕਰ ਲਈ ਗਈ ਹੈ| 
ਹਲਕਾ ਵਿਧਾਇਕ ਅਤੇ ਪੰਜਾਬ ਦੇ ਸਿਹਤ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਵਲੋਂ ਇਹਨਾਂ ਚੋਣਾਂ ਦੌਰਾਨ ਆਪਣੇ ਛੋਟੇ ਭਰਾ ਅਮਰਜੀਤ ਸਿਘ ਜੀਤੀ ਸਿੱਧੂ ਨੂੰ ਵਾਰਡ ਨੰਬਰ 10 ਤੋਂ ਚੋਣ ਲੜਾਈ ਜਾ ਰਹੀ ਹੈ ਅਤੇ ਕਾਂਗਰਸੀ ਹਲਕਿਆਂ ਵਿੱਚ ਇਹ ਆਮ ਚਰਚਾ ਹੈ ਕਿ ਅਮਰਜੀਤ ਸਿੰਘ ਜੀਤੀ ਸਿੱਧੂ ਹੀ ਨਿਗਮ ਦੇ ਅਗਲੇ ਮੇਅਰ ਬਣਨਗੇ ਪਰੰਤੂ ਅਕਾਲੀ ਦਲ ਵਲੋਂ ਕਮਰਕਸੇ ਕਰ ਲਏ ਜਾਣ ਨਾਲ ਕਾਂਗਰਸ ਲਈ ਜਿੱਤ ਦੀ ਰਾਹ ਇੰਨੀ ਆਸਾਨ ਵੀ ਨਹੀਂ ਲੱਗ ਰਹੀ ਅਤੇ ਦੋਵਾਂ ਧਿਰਾਂ ਵਿੱਚ ਤਕੜੀ ਟੱਕਰ ਹੋਣੀ ਤੈਅ ਹੈ| 
ਇਹਨਾਂ ਚੋਣਾਂ ਦੌਰਾਨ ਜਿੱਥੇ ਕੈਬਿਨਟ ਮੰਤਰੀ ਬਲਬੀਰ ਸਿਘ ਸਿੱਧੂ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਸ਼ਖਸ਼ੀਅਤ ਵਿਚਾਲੇ ਹੋਣ ਵਾਲੀ ਸਿੱਧੀ ਟੱਕਰ ਇਸ ਲਈ ਵੀ ਦਿਲਚਸਪ ਹੈ ਕਿਉਂਕਿ ਇਹ ਆਮ ਚਰਚਾ ਹੈ ਕਿ ਮੇਅਰ ਕੁਲਵੰਤ ਸਿੰਘ ਵਲੋਂ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਦੌਰਾਨ ਵੀ ਇੱਥੋਂ ਚੋਣ ਲੜੀ ਜਾਵੇਗੀ| ਇਸ ਦੌਰਾਨ ਇਹ ਵੀ ਕਿਹਾ ਜਾ ਰਿਹਾ ਹੈ ਕਿ ਨਿਗਮ ਚੋਣਾਂ ਵਿੱਚ ਇਹਨਾਂ ਦੋਵਾਂ ਆਗੂਆਂ ਵਿੱਚੋਂ ਜਿਸਦਾ ਵੀ ਪਲੜਾ ਭਾਰੀ ਰਹੇਗਾ| ਵਿਧਾਨਸਭਾ ਚੋਣਾਂ ਦੌਰਾਨ ਉਸਦਾ ਦਾਅਵਾ ਵੀ ਉੰਨਾ ਹੀ ਜਿਆਦਾ ਮਜਬੂਤ ਹੋਵੇਗਾ ਅਤੇ ਇਹ ਕਿਹਾ ਜਾ ਸਕਦਾ ਹੈ ਕਿ ਨਿਗਮ ਚੋਣਾਂ ਦੌਰਾਨ ਇਹਨਾਂ ਦੋਹਾਂ ਆਗੂਆਂ ਦਾ ਵਕਾਰ ਦਾਅ ਤੇ ਲੱਗ ਗਿਆ ਹੈ| 
ਕੈਬਿਨਟ ਮੰਤਰੀ ਸਿੱਧੂ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਸ਼ਹਿਰ ਦੀ ਰਾਜਨੀਤੀ ਤੇ ਮਜਬੂਤ ਪਕੜ ਹੈ ਅਤੇ ਪਿਛਲੀ ਤਿੰਨ ਵਾਰ ਤੋਂ ਲਗਾਤਾਰ ਵਿਧਾਇਕ ਚੁਣੇ ਜਾਣ ਕਾਰਨ ਉਹਨਾਂ ਦਾ ਆਪਣਾ ਇੱਕ ਨਿੱਜੀ ਸਮਰਥਕ ਵਰਗ ਹੈ ਜਿਹੜਾ ਉਹਨਾਂ ਲਈ ਕੁੱਝ ਵੀ ਕਰਨ ਲਈ ਤਿਆਰ ਰਹਿੰਦਾ ਹੈ| ਸ੍ਰ. ਸਿੱਧੂ ਵਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਇਹਨਾਂ ਚੋਣਾ ਦੌਰਾਨ ਹੂੰਝਾ ਫੇਰੂ ਜਿੱਤ ਹਾਸਿਲ ਕਰੇਗੀ ਪਰੰਤੂ ਦੂਜੇ ਪਾਸੇ               ਮੇਅਰ ਕੁਲਵੰਤ ਸਿੰਘ ਦਾ ਵੀ ਸ਼ਹਿਰ ਵਿੱਚ ਤਕੜਾ ਨਿੱਜੀ ਆਧਾਰ ਹੈ|             ਮੇਅਰ ਵਜੋਂ ਉਹਨਾਂ ਦੇ ਕਾਰਜਕਾਲ ਦੌਰਾਨ ਸ਼ਹਿਰ ਦੇ ਵਿਕਾਸ ਲਈ ਕੀਤੇ ਕੰਮ ਉਹਨਾਂ ਦੇ ਪੱਖ ਵਿੱਚ ਜਾਂਦੇ ਹਨ ਅਤੇ ਉਹਨਾਂ ਦਾ ਦਾਅਵਾ ਹੈ ਕਿ ਅਕਾਲੀ ਦਲ ਇਸ ਵਾਰ ਫਿਰ ਨਿਗਮ ਵਿੱਚ ਬਹੁਮਤ ਹਾਸਿਲ ਕਰੇਗਾ ਅਤੇ ਕਾਂਗਰਸ ਦੇ ਦਾਅਵੇ ਹਵਾ ਵਿੱਚ ਹੀ ਰਹਿ ਜਾਣੇ ਹਨ| 
ਇਸ ਸਾਰੇ ਘਟਨਾਚੱਕਰ ਵਿੱਚ ਖਾਸ ਗੱਲ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਵਲੋਂ ਪਾਰਟੀ ਨਿਸ਼ਾਨ ਤੇ ਚੋਣ ਨਾ ਲੜੇ ਜਾਣ ਕਾਰਨ ਜਿਆਦਾਤਰ ਵਾਰਡਾਂ ਵਿੱਚ ਅਕਾਲੀ ਦਲ ਅਤੇ ਕਾਂਗਰਸ ਵਿੱਚ ਸਿੱਧੀ ਟੱਕਰ ਹੋਣੀ ਹੈ ਅਤੇ ਆਮ ਲੋਕਾਂ ਵਿੱਚ ਸਰਕਾਰ ਦੀ ਕਾਰਗੁਜਾਰੀ ਖਿਲਾਫ ਗੁੱਸੇ ਦਾ ਫਾਇਦਾ ਵੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਹੀ ਮਿਲਣਾ ਹੈ ਜਿਸ ਕਾਰਕੇ ਕਾਂਗਰਸੀ ਉਮੀਦਵਾਰਾਂ ਲਈ ਇਹ ਲੜਾਈ ਹੋਰ ਵੀ ਸਖਤ ਹੋ ਜਾਣੀ ਹੈ| 
ਇਹ ਚੋਣਾਂ ਜਨਵਰੀ ਦੇ ਅਖੀਰਲੇ ਹਫਤੇ ਵਿੱਚ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਅਤੇ ਜਿਵੇਂ ਜਿਵੇਂ ਚੋਣਾਂ ਨੇੜੇ ਆਉਣੀਆਂ ਹਨ ਚੋਣ ਮਾਹੌਲ ਨੇ ਵੀ ਤੇਜੀ ਫੜਣੀ ਹੈ ਪਰੰਤੂ ਇੰਨਾ ਜਰੂਰ ਹੈ ਕਿ ਇਸ ਵਾਰ ਕਾਂਗਰਸ ਅਤੇ ਅਕਾਲੀ ਦਲ ਵਿੱਚ ਹੋਣ ਵਾਲੀ ਇਸ ਸਿੱਧੀ ਟੱਕਰ ਕਾਰਨ ਕਾਂਗਰਸ ਪਾਰਟੀ ਲਈ ਨਿਗਮ ਤੇ ਕਾਬਿਜ ਹੋਣਾ ਇੰਨਾ ਵੀ ਆਸਾਨ ਨਹੀਂ ਹੈ|

Leave a Reply

Your email address will not be published. Required fields are marked *