ਕਾਂਗਰਸ ਵਲੋਂ ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਹੱਕ ਵਿੱਚ ਵੱਡਾ ਪ੍ਰਦਰਸ਼ਨ ਕੋਰੋਨਾ ਵਾਇਰਸ ਤੋਂ ਬਾਅਦ ਮੋਦੀ ਸਰਕਾਰ ਵਿੱਚ ਆਇਆ ਹੰਕਾਰ ਵਾਲਾ ਵਾਇਰਸ : ਜਾਖੜ


ਸ਼ੰਭੂ ਬੈਰੀਅਰ, 14 ਦਸੰਬਰ (ਅਭਿਸ਼ੇਕ ਸੂਦ) ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਦੇ ਸਮਰਥਨ ਵਿੱਚ ਪੰਜਾਬ ਕਾਂਗਰਸ ਵੱਲੋਂ ਸ਼ੰਭੂ ਬਾਰਡਰ ਵਿਖੇ ਧਰਨਾ ਲਾਇਆ ਗਿਆ ਅਤੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਉਹ ਕਿਸਾਨ ਵਿਰੋਧੀ ਸਾਜਿਸ਼ਾਂ ਰਚਣ ਤੋਂ ਬਾਜ ਆਏ ਅਤੇ ਖੇਤੀ ਕਾਨੂੰਨ ਰੱਦ ਕਰੇ| 
ਇਸ ਧਰਨੇ ਦੌਰਾਨ ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਹਰੀਸ਼ ਰਾਵਤ ਸਮੇਤ ਪੰਜਾਬ ਦੇ ਕਾਂਗਰਸੀ ਮੰਤਰੀਆਂ ਅਤੇ ਆਗੂਆਂ ਵਲੋਂ ਸ਼ਿਰਕਤ ਕੀਤੀ ਗਈ| 
ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਅਗਵਾਈ ਹੇਠ ਲਗਾਏ ਗਏ ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ        ਕੇਂਦਰ ਸਰਕਾਰ ਨੇ ਅੱਜ ਪੰਜਾਬੀ ਕੌਮ ਨੂੰ ਵੰਗਾਰਿਆ ਹੈ, ਜਿਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ| ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਆਪਣੀ ਭੜਾਸ ਕੱਢਦਿਆਂ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਪਹਿਲਾਂ ਨੋਟਬੰਦੀ ਕੀਤੀ, ਫਿਰ ਸਿਟੀਜ਼ਨਸ਼ਿਪ ਐਕਟ ਅਤੇ ਉਸ ਤੋਂ ਬਾਅਦ ਧਾਰਾ-370 ਹਟਾਈ ਅਤੇ ਪ੍ਰਧਾਨ ਮੰਤਰੀ ਮੋਦੀ ਹੁਣ ਕਾਲੇ ਕਾਨੂੰਨ ਲਿਆ ਕੇ ਪੰਜਾਬੀਆਂ ਦੀ ਈਨ ਭੰਨਣੀ ਚਾਹੁੰਦੇ ਹਨ| ਜਾਖੜ ਨੇ ਕਿਹਾ ਕਿ ਪੰਜਾਬੀਆਂ ਕੋਲ ਆਪਣੇ ਸਵੈਮਾਨ ਤੋਂ ਇਲਾਵਾ ਕੁੱਝ ਨਹੀਂ ਹੈ ਅਤੇ ਹੋਰ ਭਾਵੇਂ ਕੁੱਝ ਵੀ ਹੋ ਜਾਵੇ ਪਰ ਪੰਜਾਬੀ ਆਪਣੇ ਸਵੈਮਾਨ ਤੇ ਕਿਸੇ ਨੂੰ ਹੱਥ ਨਹੀਂ ਪਾਉਣ                         ਦੇਣਗੇ| ਸੁਨੀਲ ਜਾਖੜ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਾਅਦ ਮੋਦੀ ਸਰਕਾਰ ਵਿੱਚ ਹੰਕਾਰ ਵਾਲਾ ਵਾਇਰਸ ਆ ਗਿਆ ਹੈ ਅਤੇ ਇਸ ਵਾਇਰਸ ਨੂੰ ਟੀਕਾ ਲਾ ਕੇ ਖ਼ਤਮ ਕਰਨਾ ਪੰਜਾਬੀ ਚੰਗੀ ਤਰ੍ਹਾਂ ਜਾਣਦੇ ਹਨ|
ਇਸ ਮੌਕੇ ਬੁਲਾਰਿਆਂ ਨੇ ਕੇਂਦਰ ਸਰਕਾਰ ਵਲੋਂ ਇਸ ਮਾਮਲੇ ਨੂੰ ਬਿਨਾ ਵਜ੍ਹਾ ਲੰਬਾ ਖਿੱਚਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਕਿਸਾਨਾਂ ਦੇ ਧਰਨੇ ਤਕਰੀਬਨ ਜੂਨ ਤੋਂ ਹੀ ਸ਼ੁਰੂ ਹੋ ਗਏ ਸਨ, ਜਿਸ ਦੌਰਾਨ ਸੜਕਾਂ ਜਾਮ ਕੀਤੀਆਂ ਗਈਆਂ,              ਰੇਲ ਗੱਡੀਆਂ ਰੋਕੀਆਂ ਗਈਆਂ, ਟੋਲ ਖੋਲ੍ਹ ਦਿੱਤੇ ਗਏ ਪਰੰਤੂ ਕੇਂਦਰ ਸਰਕਾਰ ਬਿਨਾ ਵਜ੍ਹਾ ਅੜੀ ਹੋਈ ਹੈ| 
ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਦੇ ਧਰਨੇ ਦੌਰਾਨ ਭਾਵੇਂ ਕਾਰੋਬਾਰੀਆਂ ਅਤੇ ਵਪਾਰੀਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਪਰ ਫਿਰ ਵੀ ਸਭ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੇਂਦਰ ਖ਼ਿਲਾਫ਼ ਖੜ੍ਹੇ ਹਨ| ਇਸ ਦੌਰਾਨ ਵੱਡੀ ਗਿਣਤੀ ਵਿੱਚ ਹਲਕੇ ਦੇ ਲੋਕ ਆਗੂਆਂ ਦੇ ਵਿਚਾਰ ਸੁਣਨ ਲਈ ਇੱਥੇ ਪਹੁੰਚੇ ਹੋਏ ਸਨ|

Leave a Reply

Your email address will not be published. Required fields are marked *