ਕਾਂਗਰਸ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ : ਰਿਸ਼ਵ ਜੈਨ

ਐਸ ਏ ਐਸ ਨਗਰ, 28 ਜੂਨ (ਸ. ਬ.) ਨਗਰ ਨਿਗਮ ਮੁਹਾਲੀ ਦੇ ਸੀਨੀਅਰ ਡਿਪਟੀ ਮੇਅਰ ਅਤੇ ਸੀਨੀਅਰ ਕਾਂਗਰਸੀ ਆਗੂ ਸ੍ਰੀ ਰਿਸ਼ਵ ਜੈਨ ਨੇ ਕਿਹਾ ਹੈ ਕਿ ਕਾਂਗਰਸ ਮੁਹਾਲੀ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਕਾਂਗਰਸ ਕਦੇ ਵੀ ਅਜਿਹੇ ਕਿਸੇ ਮਤੇ ਦਾ ਵਿਰੋਧ ਨਹੀਂ ਕਰਦੀ, ਜਿਸ ਨਾਲ ਸ਼ਹਿਰ ਦੀ ਭਲਾਈ ਹੁੰਦੀ ਹੋਵੇ|
ਅੱਜ ਇਸ ਪੱਤਰਕਾਰ ਨਾਲ ਗਲਬਾਤ ਕਰਦਿਆਂ ਸ੍ਰੀ ਜੈਨ ਨੇ ਕਿਹਾ ਕਿ ਕਾਂਗਰਸ ਦਾ ਤਾਂ ਸਿਰਫ ਏਨਾ ਹੀ ਕਹਿਣਾ ਹੈ ਕਿ ਸ਼ਹਿਰ ਦੇ ਵਿਕਾਸ ਲਈ ਕੀਤਾ ਜਾ ਰਿਹਾ ਸਾਰਾ ਕੰਮ ਪਾਰਦਰਸੀ ਢੰਗ ਨਾਲ ਕੀਤਾ ਜਾਵੇ ਅਤੇ ਕੌਂਸਲਰਾਂ ਵਿਚ ਪਾਏ ਜਾ ਰਹੇ ਸ਼ੰਕੇ ਦੂਰ ਕੀਤੇ ਜਾਣ| ਉਹਨਾਂ ਕਿਹਾ ਕਿ ਬੀਤੇ ਦਿਨ ਨਗਰ ਨਿਗਮ ਦੀ ਹੋਈ ਮੀਟਿੰਗ ਵਿਚ ਕਾਂਗਰਸ ਨੇ ਸਮਾਰਟ ਬਿਨਾਂ ਦੇ ਮਤੇ ਦਾ ਵਿਰੋਧ ਨਹੀਂ ਸੀ ਕੀਤਾ ਸਗੋਂ ਵਿਧਾਇਕ ਸਿੱਧੂ ਵਲੋਂ ਇਹ ਹੀ ਕਿਹਾ ਗਿਆ ਸੀ ਕਿ ਇਸ ਮਤੇ ਬਾਰੇ ਚੰਗੀ ਤਰਾਂ ਸੋਚ ਵਿਚਾਰ ਲਿਆ ਜਾਵੇ ਅਤੇ ਸਾਰਾ ਕੰਮ ਪਾਰਦਰਸ਼ੀ ਢੰਗ ਨਾਲ ਕੀਤਾ ਜਾਵੇ|
ਉਹਨਾਂ ਕਿਹਾ ਕਿ ਜਦੋਂ ਸ਼ਹਿਰ ਵਿਚ  ਚੁਣੀ ਹੋਈ ਕੌਂਸਲ ਨਹੀਂ ਸੀ ਤਾਂ ਉਸ ਸਮੇਂ ਅਧਿਕਾਰੀਆਂ ਨੇ ਇਕ ਕੰਪਨੀ ਨੂੰ ਸ਼ਹਿਰ ਵਿੱਚ ਮਸ਼ੀਨਾਂ ਨਾਲ ਸਫਾਈ ਦਾ ਠੇਕਾ ਲੰਮੇਂ ਸਮੇਂ ਲਈ ਦੇ ਦਿਤਾ ਅਤੇ ਇਸ ਕੰਪਨੀ ਨੂੰ ਇਕ ਕਿਲੋਮੀਟਰ ਦੇ 92 ਹਜਾਰ ਰੁਪਏ ਦੇ ਹਿਸਾਬ ਨਾਲ ਦਿਤੇ ਜਾ ਰਹੇ ਹਨ| ਇਹ ਕੰਮ ਅਜੇ ਵੀ ਜਾਰੀ ਹੈ, ਇਸ ਤਰਾਂ ਕਰਨ ਨਾਲ ਨਿਗਮ ਨੂੰ ਕਰੋੜਾਂ ਦਾ ਚੂਨਾ ਲਗ ਚੁਕਿਆ ਹੈ| |
ਉਹਨਾਂ ਕਿਹਾ ਕਿ ਵਿਧਾਇਕ ਸਿੱਧੂ ਨੇ ਬੀਤੇ ਦਿਨ ਨਗਰ ਨਿਗਮ ਦੀ ਮੀਟਿੰਗ ਵਿਚ ਸ਼ਹਿਰ ਦੇ ਵਿਕਾਸ ਲਈ ਆਏ ਕਿਸੇ ਵੀ ਮਤੇ ਦਾ ਵਿਰੋਧ ਨਹੀਂ ਕੀਤਾ ਸਗੋਂ ਉਹਨਾਂ ਨੇ ਤਾਂ ਇਹ ਕਿਹਾ ਸੀ ਕਿ ਸ਼ਹਿਰ ਦੇ ਵਿਕਾਸ ਲਈ ਕੀਤੇ ਜਾਣ ਵਾਲੇ ਹਰ ਕੰਮ ਨੂੰ ਚੰਗੀ ਤਰਾਂ ਵਾਚ ਲਿਆ ਜਾਵੇ ਅਤੇ ਕੌਂਸਲਰਾਂ ਦੇ ਸਾਰੇ ਸ਼ੰਕੇ ਦੂਰ ਕੀਤੇ ਜਾਣ ਤਾਂ ਜੋ ਨਿਗਮ ਨੂੰ ਕੋਈ ਨੁਕਸਾਨ ਨਾ ਹੋਵੇ ਅਤੇ  ਜਨਤਾ ਦੇ ਪੈਸੇ ਦੀ ਬਰਬਾਦੀ ਨਾ ਹੋਵੇ|

Leave a Reply

Your email address will not be published. Required fields are marked *