ਕਾਂਗਰਸ ਸਰਕਾਰ ਦੇ ਇੱਕ ਸਾਲ ਦੌਰਾਨ ਵਿਕਾਸ ਕਾਰਜਾਂ ਦੇ ਨਾਮ ਤੇ ਲੱਗਦੇ ਰਹੇ ਝਟਕੇ

ਐਸ ਏ ਐਸ ਨਗਰ, 17 ਫਰਵਰੀ (ਭੁਪਿੰਦਰ ਸਿੰਘ)ਪਿਛਲੇ ਸਾਲ ਫਰਵਰੀ ਮਹੀਨੇ ਵਿੱਚ ਹੋਈਆਂ ਵਿਧਾਨਸਭਾ ਚੋਣਾਂ ਵਿੱਚ ਜਿੱਤ ਹਾਸਿਲ ਕਰਨ ਤੋਂ ਬਾਅਦ ਪੰਜਾਬ ਵਿੱਚ 10 ਸਾਲਾਂ ਤੋਂ ਚੱਲ ਰਹੀ ਅਕਾਲੀ ਭਾਜਪਾ ਸਰਕਾਰ ਨੂੰ ਚਲਦਾ ਕਰਕੇ ਹੋਂਦ ਵਿੱਚ ਆਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਦਾ ਪਹਿਲਾ ਸਾਲ ਐਸ ਏ ਐਸ ਨਗਰ ਦੇ ਵਸਨੀਕਾਂ ਨੂੰ ਨਵੇਂ ਪ੍ਰੋਜੈਕਟਾਂ ਅਤੇ ਵਿਕਾਸ ਕਾਰਜਾਂ ਦੇ ਨਾਮ ਤੇ ਝਟਕੇ ਦੇਣ ਵਾਲਾ ਹੀ ਸਾਬਿਤ ਹੋਇਆ ਹੈ ਅਤੇ ਇਸ ਦੌਰਾਨ ਜਿੱਥੇ ਖੁਦ ਕਾਂਗਰਸ ਸਰਕਾਰ ਵਲੋਂ ਸ਼ਹਿਰ ਵਿੱਚ ਪਹਿਲਾਂ ਐਲਾਨੇ ਮੈਡੀਕਲ ਕਾਲਜ ਦੀ ਉਸਾਰੀ ਦੇ ਪ੍ਰੋਜੈਕਟ ਨੂੰ ਇੱਥੋਂ ਤਬਦੀਲ ਕਰ ਦਿੱਤਾ ਗਿਆ ਹੈ ਉੱਥੇ ਸ਼ਹਿਰ ਵਾਸੀਆਂ ਨੂੰ ਜਨਤਕ ਆਵਾਜਾਈ ਦੀ ਸਹੂਲੀਅਤ ਦੇਣ ਲਈ ਨਗਰ ਨਿਗਮ ਵਲੋਂ ਬਣਾਇਆ ਗਿਆ ਸਿਟੀ ਬਸ ਸਰਵਿਸ ਦਾ ਪ੍ਰੋਜੈਕਟ ਵੀ ਸਥਾਨਕ ਸਰਕਾਰ ਵਲੋਂ ਰੱਦ ਕਰ ਦਿੱਤਾ ਗਿਆ ਹੈ| ਇਸ ਦੌਰਾਨ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਨਾ ਤਾਂ ਇੱਥੇ ਕੋਈ ਨਵਾਂ ਪ੍ਰੋਜੈਕਟ ਆਇਆ ਹੈ ਅਤੇ ਨਾ ਹੀ ਇੱਥੇ ਕੋਈ ਵੱਡਾ ਉਦਯੋਗ ਲੱਗਣਾ ਹੀ ਆਰੰਭ ਹੋਇਆ ਹੈ ਜਿਸ ਨਾਲ ਇਸ ਖੇਤਰ ਦੇ ਵਸਨੀਕਾਂ ਨੂੰ ਕੋਈ ਲਾਹਾ ਹਾਸਿਲ ਹੋ ਸਕੇ ਅਤੇ ਇੱਕ ਤੋਂ ਬਾਅਦ ਇੱਕ ਪ੍ਰੋਜੈਕਟਾਂ ਦੇ ਰੱਦ ਹੋਣ ਕਾਰਨ ਸ਼ਹਿਰ ਵਾਸੀਆਂ ਵਿੱਚ ਨਵੀਂ ਸਰਕਾਰ ਦੀ ਕਾਰਗੁਜਾਰੀ ਪ੍ਰਤੀ ਨਿਰਾਸ਼ਾ (ਅਤੇ ਰੋਸ) ਵੀ ਜਾਹਿਰ ਹੋਣ ਲੱਗ ਪਈ ਹੈ|
ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਤੋਂ ਹੀ ਇਹ ਚਰਚਾ ਆਰੰਭ ਹੋ ਗਈ ਸੀ ਕਿ ਹਲਕੇ ਤੋਂ ਤੀਜੀ ਵਾਰ ਚੋਣ ਜਿੱਤਣ ਵਾਲੇ ਕਾਂਗਰਸ ਪਾਰਟੀ ਦੇ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਅਤੇ ਨਗਰ ਨਿਗਮ ਦੇ ਅਕਾਲੀ ਮੇਅਰ ਸ੍ਰ. ਕੁਲਵੰਤ ਸਿੰਘ ਵਿਚਾਲੇ ਚਲਦੀ ਖਹਿਬਾਜੀ ਹੋਰ ਵੀ ਜੋਰ ਫੜ ਲਵੇਗੀ ਅਤੇ ਅਜਿਹਾ ਹੀ ਹੋਇਆ ਵੀ ਸੀ| ਤਿੰਨ ਸਾਲ ਪਹਿਲਾਂ ਅਕਾਲੀ ਦਲ ਤੋਂ ਬਾਗੀ ਹੋ ਕੇ ਅਤੇ ਆਪਣਾ ਵੱਖਰਾ ਗਰੁੱਪ ਬਣਾ ਕੇ ਚੋਣ ਲੜਣ ਵਾਲੇ ਮੇਅਰ ਸ੍ਰ. ਕੁਲਵੰਤ ਸਿੰਘ ਨੇ ਉਸ ਵੇਲੇ ਹਲਕਾ ਵਿਧਾਇਕ (ਕਾਂਗਰਸ) ਦੇ ਸਮਰਥਨ ਨਾਲ ਹੀ ਉਸ ਵੇਲੇ ਦੇ ਸੱਤਾਧਾਰੀ ਅਕਾਲੀ ਭਾਜਪਾ ਗਠਜੋੜ ਨੂੰ ਮਾਤ ਦੇ ਕੇ ਮੇਅਰ ਦੀ ਕੁਰਸੀ ਤੇ ਕਬਜਾ ਕੀਤਾ ਸੀ ਪਰੰਤੂ ਪਿਛਲੀ ਵਾਰ ਹੋਈਆਂ ਵਿਧਾਨਸਭਾ ਚੋਣਾਂ ਤੋਂ ਛੇ ਕੁ ਮਹੀਨੇ ਪਹਿਲਾਂ ਮੇਅਰ ਕੁਲਵੰਤ ਸਿੰਘ ਨੇ ਉਸ ਵੇਲੇ ਦੇ ਡਿਪਟੀ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਵਲੋਂ ਮਨਾਉਣ ਉਪਰੰਤ ਹਲਕਾ ਵਿਧਾਇਕ ਨਾਲ ਤੋੜ ਵਿਛੋੜਾ ਕਰਕੇ ਅਕਾਲੀ ਦਲ ਵਿੱਚ ਘਰ ਵਾਪਸੀ ਕਰ ਲਈ ਸੀ ਅਤੇ ਉਦੋਂ ਤੋਂ ਹੀ ਹਲਕਾ ਵਿਧਾਇਕ ਅਤੇ ਉਹਨਾਂ ਦੇ ਵਿਚਾਲੇ ਸਿਆਸੀ ਖਿੱਚੋਤਾਣ ਦਾ ਦੌਰ ਆਰੰਭ ਹੋ ਗਿਆ ਸੀ|
ਪੰਜਾਬ ਵਿੱਚ ਹੋਈ ਸੱਤਾ ਤਬਦੀਲੀ ਤੋਂ ਬਾਅਦ ਜਿੱਥੇ ਹਲਕਾ ਵਿਧਾਇਕ ਦੀ ਸਰਕਾਰੇ ਦਰਬਾਰੇ ਪਹੁੰਚ ਮਜਬੂਤ ਹੋ ਗਈ ਸੀ ਉੱਥੇ ਉਹਨਾਂ ਵਲੋਂ ਨਗਰ ਨਿਗਮ ਤੇ ਕਬਜੇ ਦੀਆਂ ਕੋਸ਼ਿਸ਼ਾਂ ਵੀ ਆਰੰਭ ਦਿੱਤੀਆਂ ਗਈਆਂ ਸਨ| ਇਸ ਦੌਰਾਨ ਨਿਗਮ ਦੇ ਵੱਖ ਵੱਖ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਬਦਲੀਆਂ ਦਾ ਵੀ ਦੌਰ ਆਰੰਭ ਹੋਇਆ ਅਤੇ ਇਹ ਚਰਚਾ ਜੋਰ ਫੜ ਗਈ ਕਿ ਹਲਕਾ ਵਿਧਾਇਕ ਵਲੋਂ ਨਿੱਜੀ ਦਿਲਚਸਪੀ ਲੈ ਕੇ ਮੇਅਰ ਦੇ ਵਫਾਦਾਰ ਸਮਝੇ ਜਾਂਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਬਦਲੀ ਕਰਵਾ ਕੇ ਆਪਣੇ ਵਫਾਦਾਰ ਕਰਮਚਾਰੀਆਂ ਦੀ ਤੈਨਾਤੀ ਕਰਵਾਈ ਜਾ ਰਹੀ ਹੈ| ਇਸ ਸਾਰੇ ਕੁੱਝ ਦਾ ਸਿੱਧਾ ਅਸਰ ਨਗਰ ਨਿਗਮ ਦੀ ਕਾਰਗੁਜਾਰੀ ਅਤੇ ਸ਼ਹਿਰ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਤੇ ਹੀ ਪਿਆ ਅਤੇ ਇਸ ਦੌਰਾਨ ਮੇਅਰ ਧੜੇ ਦੇ ਕੌਂਸਲਰਾਂ ਵਲੋਂ ਹਲਕਾ ਵਿਧਾਇਕ ਤੇ ਸ਼ਹਿਰ ਦੇ ਵਿਕਾਸ ਕਾਰਜਾਂ ਤੇ ਰੋਕ ਲਗਾਉਣ ਦੇ ਚਨਤਕ ਇਲਜਾਮ ਵੀ ਲਗਾਏ ਜਾਂਦੇ ਰਹੇ ਹਨ|
ਪੰਜਾਬ ਵਿੱਚ ਕਾਂਗਰਸ ਸਰਕਾਰ ਵਲੋਂ ਸੱਤਾ ਸੰਭਾਲਣ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਇੱਥੇ ਮੈਡੀਕਲ ਕਾਲਜ ਦੀ ਸਥਾਪਨਾ ਕਰਨ ਅਤੇ 250 ਬਿਸਤਰਿਆਂ ਵਾਲਾ ਹਸਪਤਾਲ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਅਤੇ ਇਸ ਸੰਬੰਧੀ ਹਲਕਾ ਵਿਧਾਇਕ ਵਲੋਂ ਇਸ ਪ੍ਰੋਜੈਕਟ ਦੇ ਫਾਇਦੇ ਗਿਣਵਾਉਂਦਿਆਂ ਵਾਹਵਾਹੀ ਵੀ ਖੱਟੀ ਗਈ ਸੀ ਪਰੰਤੂ ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਮੁਹਾਲੀ ਵਿੱਚ ਬਣਨ ਵਾਲੇ ਮੈਡੀਕਲ ਕਾਲਜ ਅਤੇ ਹਸਪਤਾਲ ਨੂੰ ਇੱਥੋਂ ਤਬਦੀਲ ਕਰਨ ਦਾ ਫੈਸਲਾ ਲੈ ਲਿਆ ਗਿਆ ਅਤੇ ਇਸ ਕਾਰਨ ਸ਼ਹਿਰ ਵਾਸੀਆਂ ਵਿੱਚ ਪੰਜਾਬ ਸਰਕਾਰ ਪ੍ਰਤੀ ਗੁੱਸਾ ਸਾਫ ਝਲਕਦਾ ਹੈ| ਹਲਕਾ ਵਿਧਾਇਕ ਵਲੋਂ ਭਾਵੇਂ ਇਸ ਮੁੱਦੇ ਤੇ ਕੁੱਝ ਵੀ ਕਹਿਣ ਤੋਂ ਪਰਹੇਜ ਕੀਤਾ ਜਾ ਰਿਹਾ ਹੈ ਪਰੰਤੂ ਉਹ ਵੀ ਸਰਕਾਰ ਦੇ ਇਸ ਫੈਸਲੇ ਕਾਰਨ ਦੁਖੀ ਦੱਸੇ ਜਾ ਰਹੇ ਹਨ|
ਇਸ ਦੌਰਾਨ ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਨੇ ਨਗਰ ਨਿਗਮ ਵਲੋਂ ਸ਼ਹਿਰ ਅਤੇ ਇਸਦੇ ਆਸਪਾਸ ਦੇ ਲੋਕਾਂ ਨੂੰ ਜਨਤਕ ਆਵਾਜਾਈ ਦੀ ਸਹੂਲੀਅਤ ਲਈ ਸਿਟੀ ਬਸ ਚਲਾਉਣ ਸੰਬੰਧੀ ਮਤੇ ਨੂੰ ਰੱਦ ਕਰ ਦਿੱਤਾ ਹੈ ਜਿਸਦਾ ਸ਼ਹਿਰ ਵਿੱਚ ਵਿਰੋਧ ਵੀ ਸ਼ੁਰੂ ਹੋ ਗਿਆ ਹੈ| ਇਸ ਸੰਬੰਧੀ ਅਕਾਲੀ ਦਲ ਦੇ ਆਗੂਆਂ ਵਲੋਂ ਸਿੱਧੇ ਤੌਰ ਤੇ ਹਲਕਾ ਵਿਧਾਇਕ ਤੇ ਨਿਸ਼ਾਨਾ ਲਗਾਇਆ ਜਾ ਰਿਹਾ ਹੈ ਕਿ ਉਹਨਾਂ ਨੇ ਨਗਰ ਨਿਗਮ ਦੇ ਮੇਅਰ ਨਾਲ ਚਲ ਰਹੀ ਸਿਆਸੀ ਖਿੱਚੋਤਾਣ ਕਾਰਨ ਅਤੇ ਮੇਅਰ ਨੂੰ ਨੀਵਾਂ ਵਿਖਾਉਣ ਲਈ ਹੀ ਸਥਾਨਕ ਸਰਕਾਰ ਵਿਭਾਗ ਦੇ ਅਧਿਕਾਰੀਆਂ ਤੇ ਦਬਾਓ ਬਣਾ ਕੇ ਸਿਟੀ ਬਸ ਸਰਵਿਸ ਦਾ ਇਹ ਮਤਾ ਰੱਦ ਕਰਵਾਇਆ ਹੈ|
ਇੱਥੇ ਇਹ ਵੀ ਜਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਮੇਅਰ ਸ੍ਰ. ਕੁਲਵੰਤ ਸਿੰਘ ਅਤੇ ਹਲਕਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਵਿਚਾਲੇ ਚਲਦੀ ਇਸ ਖਿੱਚੋਤਾਨ ਕਾਰਨ ਸ਼ਹਿਰ ਦੇ ਲਗਭਗ ਸਾਰੇ ਵਿਕਾਸ ਕਾਰਜ ਰੁਕ ਜਿਹੇ ਗਏ ਹਨ ਅਤੇ ਦੋਵੇਂ ਧਿਰਾਂ ਇਸ ਲਈ ਇੱਕ ਦੂਜੇ ਨੂੰ ਜਿੰਮੇਵਾਰ ਠਹਿਰਾ ਰਹੀਆਂ ਹਨ ਪਰੰਤੂ ਜੇਕਰ ਆਮ ਲੋਕਾਂ ਨਾਲ ਗੱਲ ਕੀਤੀ ਜਾਵੇ ਤਾਂ ਉਹ ਇਸ ਸਾਰੇ ਕੁੱਝ ਲਈ ਮੌਕੇ ਦੀ ਸਰਕਾਰ ਨੂੰ ਹੀ ਜਿੰਮੇਵਾਰ ਠਹਿਰਾਉਂਦੇ ਹਨ| ਇਹਨਾਂ ਦੋਵਾਂ ਆਗੂਆਂ ਵਿਚਾਲੇ ਚਲਦੀ ਇਸ ਖਿੱਚੋਤਾਨ ਕਾਰਨ ਸ਼ਹਿਰ ਦੇ ਵਿਕਾਸ ਕਾਰਜਾਂ ਤੇ ਪੈਣ ਵਾਲੇ ਅਸਰ ਦਾ ਹੀ ਨਤੀਜਾ ਹੈ ਕਿ ਪਿਛਲੀ ਵਾਰ ਸਵੱਛਤਾ ਸਖਵੇਖਣ ਦੌਰਾਨ ਪੰਜਾਬ ਵਿੱਚ ਅੱਵਲ ਰਹਿਣ ਵਾਲੇ ਸਾਡੇ ਸ਼ਹਿਰ ਦੇ ਇਸ ਵਾਰ ਕਾਫੀ ਪਿੱਛੇ ਰਹਿ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ|
ਇਸ ਦੌਰਾਨ ਨਗਰ ਨਿਗਮ ਵਲੋਂ ਖਰੀਦੀ ਜਾਣ ਵਾਲੀ ਦਰਖਤਾਂ ਦੀ ਛੰਗਾਈ ਕਰਨ ਵਾਲੀ ਵਿਦੇਸ਼ੀ ਮਸ਼ੀਨ ਦੇ ਮੁੱਦੇ ਤੇ ਸਥਾਨਕ ਸਰਕਾਰ ਵਿਭਾਗ ਵਲੋਂ ਮੇਅਰ ਨੂੰਕਾਰਨ ਦੱਸੋ ਨੋਟਿਸ ਜਾਰੀ ਕਰਨ ਅਤੇ ਫਿਰ ਮਾਣਯੋਗ ਅਦਾਲਤ ਵਲੋਂ ਮੇਅਰ ਨੂੰ ਰਾਹਤ ਦਿੱਤੇ ਜਾਣ ਤੋਂ ਬਾਅਦ ਮੇਅਰ ਵਲੋਂ ਪੰਜਾਬ ਦੇ ਸਥਾਨਕ ਸਰਕਾਰ ਵਿਭਾਗ ਦੇ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਮਾਨਹਾਨੀ ਦਾ ਕੇਸ ਕਰਨ ਦਾ ਵੀ ਐਲਾਨ ਕੀਤਾ ਜਾ ਚੁੱਕਿਆ ਹੈ ਅਤੇ ਮੌਜੂਦਾ ਸਰਕਾਰ ਨਾਲ ਉਹਨਾਂ ਦੀ ਇਹ ਸਿਆਸੀ ਲੜਾਈ ਹਾਲੇ ਲੰਬੀ ਚਲਣ ਦੀ ਸੰਭਾਵਨਾ ਹੈ| ਕੁਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਵਿੱਚ ਹੋਈ ਸੱਤਾ ਤਬਦੀਲੀ ਤੋਂ ਬਾਅਦ ਕਾਂਗਰਸ ਸਰਕਾਰ ਦੇ ਪਹਿਲੇ ਸਾਲ ਦੌਰਾਨ ਸ਼ਹਿਰ ਨੂੰ ਇੱਕ ਤੋਂ ਬਾਅਦ ਇੱਕ ਝਟਕੇ ਹੀ ਲੱਗਦੇ ਰਹੇ ਹਨ ਅਤੇ ਵੇਖਣਾ ਇਹ ਹੈ ਕਿ ਸਰਕਾਰ ਸ਼ਹਿਰ ਦੇ ਵਿਕਾਸ ਅਤੇ ਤਰੱਕੀ ਲਈ ਕੋਈ ਹੰਭਲਾ ਮਾਰਦੀ ਹੈ ਜਾਂ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹਿੰਦਾ ਹੈ|

Leave a Reply

Your email address will not be published. Required fields are marked *