ਕਾਂਗਰਸ ਸਰਕਾਰ ਬਣਨ ਤੇ ਚਾਰ ਹਫਤਿਆਂ ਵਿੱਚ ਖਤਮ ਹੋਵੇਗਾ ਨਸ਼ਾ: ਕੈਪਟਨ ਅਮਰਿੰਦਰ ਸਿੰਘ ਸਾਬਕਾ ਵਿਧਾਇਕ ਰਮੇਸ਼ ਸਿੰਗਲਾ ਤੇ ਕੌਂਸਲਰ ਬਿੱਟੂ ਕਾਂਗਰਸ ਵਿੱਚ ਸ਼ਾਮਿਲ

ਨਵੀਂ ਦਿੱਲੀ, 28 ਦਸੰਬਰ (ਸ.ਬ.) ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿੱਚ ਆਉਣ ਤੋਂ ਚਾਰ ਹਫਤਿਆਂ ਅੰਦਰ ਸੂਬੇ ਵਿੱਚੋਂ ਨਸ਼ਾਖੋਰੀ ਨੂੰ ਖਤਮ ਕਰਨ ਦੇ ਐਲਾਨ ਦੇ ਨਾਲ ਨਸ਼ਾ ਮਾਫੀਆ ਖਿਲਾਫ ਸਖ਼ਤ ਕਾਰਵਾਈ ਲਈ ਇਕ ਵਿਸ਼ੇਸ਼ ਕਾਨੂੰਨ ਲਿਆਉਣ ਦਾ ਵਾਅਦਾ ਕੀਤਾ ਹੈ ਤੇ ਕਿਹਾ ਹੈ ਕਿ ਦੋਸ਼ੀ ਪਾਏ ਜਾਣ ਵਾਲੇ ਸਾਰੇ ਲੋਕਾਂ ਨੂੰ ਤੁਰੰਤ ਜੇਲ੍ਹ ਭੇਜਿਆ ਜਾਵੇਗਾ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਜਬਤ ਕੀਤਾ ਜਾਵੇਗਾ|
ਇਸ ਲੜੀ ਹੇਠ ਨਵੇਂ ਕਾਨੂੰਨ ਹੇਠ ਨਸ਼ਿਆਂ ਨਾਲ ਸਬੰਧਤ ਸਾਰਿਆਂ ਮਾਮਲਿਆਂ ਵਿੱਚ ਫਾਸਟ ਟ੍ਰੈਕ ਪੱਧਰ ਤੇ ਕੰਮ ਕੀਤਾ ਜਾਵੇਗਾ ਤੇ ਇਹ ਕਾਨੂੰਨ ਸਰਕਾਰ ਬਣਨ ਤੋਂ ਤੁਰੰਤ ਬਾਅਦ ਲਿਆਇਆ ਜਾਵੇਗਾ|
ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਖੁਦ ਬਾਦਲ ਜਾਂ ਬਿਕ੍ਰਮ ਸਿੰਘ ਮਜੀਠੀਆ ਵਰਗੇ ਉਨ੍ਹਾਂ ਦੇ ਸਾਥੀ ਹੀ ਕਿਉਂ ਨਾ ਹੋਣ, ਜਿਨ੍ਹਾਂ ਦੀ ਸੂਬੇ ਅੰਦਰ ਨਸ਼ਾ ਮਾਫੀਆ ਨਾਲ ਮਿਲੀਭੁਗਤ ਹੋਣ ਦਾ ਦੋਸ਼ ਹੈ|
ਇਥੇ ਜ਼ਾਰੀ ਬਿਆਨ ਵਿੱਚ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਦੇ 9 ਪੁਆਇੰਟਾਂ ਤੇ ਅਧਾਰਿਤ ਏਜੰਡੇ ਹੇਠ ਪ੍ਰਸਤਾਵਿਤ ਇਸ ਕਾਨੂੰਨ ਅਧੀਨ ਨਸ਼ਿਆਂ ਰਾਹੀਂ ਪੰਜਾਬ ਦੇ ਨੌਜ਼ਵਾਨਾਂ ਨੂੰ ਬਰਬਾਦ ਕਰਨ ਦੇ ਸਾਰੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ ਤੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਜਬਤ ਕੀਤਾ ਜਾਵੇਗਾ|
ਕੈਪਟਨ ਅਮਰਿੰਦਰ ਨੇ ਬਾਦਲ ਸਰਕਾਰ ਉਪਰ ਆਪਣੇ ਵਿਸ਼ੇਸ਼ ਹਿੱਤਾਂ ਲਈ ਸੂਬੇ ਵਿੱਚ ਨਸ਼ਿਆਂ ਦੇ ਬੇਰੋਕ ਪ੍ਰਸਾਰ ਦੀ ਇਜ਼ਾਜਤ ਦੇਣ ਲਈ ਵਰ੍ਹਦਿਆਂ ਕਿਹਾ ਕਿ ਇਸਨੂੰ ਬਾਦਲਾਂ ਤੇ ਉਨ੍ਹਾਂ ਦੇ ਨਜ਼ਦੀਕੀਆਂ ਦੀ ਸ਼ੈਅ ਮਿੱਲਣ ਕਾਰਨ, ਨਸ਼ਿਆਂ ਨੇ ਇਕ ਪੂਰੀ ਯੁਵਾ ਪੀੜ੍ਹੀ ਨੂੰ ਤਬਾਹ ਕਰ ਦਿੱਤਾ ਹੈ|
ਉਨ੍ਹਾਂ ਸਪੱਸ਼ਟ ਕੀਤਾ ਕਿ ਨਸ਼ਿਆਂ ਨਾਲ ਸਬੰਧਤ ਮਾਮਲਿਆਂ ਵਿੱਚ ਕਾਰਵਾਈ ਕਰਦਿਆਂ ਪਹਿਲ ਦੇ ਅਧਾਰ ਤੇ ਸਾਰੇ ਲੋੜੀਂਦੇ ਕਦਮ ਚੁੱਕੇ ਜਾਣਗੇ ਤੇ ਪੁਖਤਾ ਕੀਤਾ ਜਾਵੇਗਾ ਕਿ ਨਸ਼ੇ ਦੇ ਵਪਾਰੀਆਂ, ਤਸਕਰਾਂ ਤੇ ਵੰਡਣ ਵਾਲਿਆਂ ਨੂੰ ਸਖ਼ਤ ਸ਼ਜਾ ਮਿਲੇ, ਜਿਸ ਤੋਂ ਹੋਰ ਲੋਕ ਵੀ ਡਰਨ| ਇਸ ਦਿਸ਼ਾ ਵਿੱਚ ਉਨ੍ਹਾਂ ਨੇ ਨਸ਼ਾਖੋਰੀ ਦੇ ਸ਼ਿਕਾਰ ਹੋਏ ਨੌਜ਼ਵਾਨਾਂ ਨੂੰ ਵਿਕਾਸ ਦੀ ਮੁੱਖ ਧਾਰਾ ‘ਤੇ ਲਿਆਉਣ ਦਾ ਸੰਕਲਪ ਲਿਆ ਹੈ, ਤਾਂ ਜੋ ਪੁਖਤਾ ਕੀਤਾ ਜਾ ਸਕੇ ਕਿ ਉਹ ਵੀ ਸਿਹਤਮੰਦ, ਸ਼ਾਂਤਮਈ ਤੇ ਸੁਖੀ ਜੀਵਨ ਜਿਉਣ|
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਹਰ ਘਰ ਵਿੱਚ ਕੈਪਟਨ, ਮੁਹਿੰਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਪ੍ਰੋਗਰਾਮ ਨਾ ਸਿਰਫ ਬੇਰੁਜ਼ਗਾਰ ਨੌਜ਼ਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਉਣ ਵਿੱਚ ਸਹਾਇਤਾ ਕਰੇਗਾ, ਸਗੋਂ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਕਰੇਗਾ| ਉਹਨਾਂ ਨੇ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਵਿੱਚ ਨਸ਼ਿਆਂ ਦੇ ਪ੍ਰਸਾਰ ‘ਤੇ ਲਗਾਮ ਲਗਾਉਣ ਵਾਸਤੇ ਨਾਰਕੋਟਿਕਸ ਕੰਟਰੋਲ ਅਫਸਰਾਂ ਦੀ ਇਕ ਵਿਸ਼ੇਸ਼ ਟੀਮ ਗਠਿਤ ਕਰਨ ਸਬੰਧੀ ਲਏ ਫੈਸਲੇ ਦਾ ਸਵਾਗਤ ਕੀਤਾ ਹੈ|
ਕੈਪਟਨ ਅਮਰਿੰਦਰ ਨੇ ਚੋਣ ਕਮਿਸ਼ਨ ਵੱਲੋਂ ਸੂਬੇ ਵਿੱਚ ਨਿਰਪੱਖ ਤੇ ਸੁਤੰਤਰ ਚੋਣਾਂ ਸੁਨਿਸ਼ਚਿਤ ਕਰਨ ਲਈ ਨਸ਼ਿਆਂ ਦੇ ਇਸਤੇਮਾਲ ਨੂੰ ਕੰਟਰੋਲ ਕਰਨ ਹਿੱਤ ਪੰਜਾਬ ਪੁਲੀਸ ਦੇ ਬਰਾਬਰ ਇਕ ਵਿਸ਼ੇਸ਼ ਫੋਰਸ ਤੈਨਾਤ ਕਰਨ ਸਬੰਧੀ ਲਏ ਫੈਸਲੇ ਦੀ ਸ਼ਲਾਘਾ ਕੀਤੀ ਹੈ| ਉਨ੍ਹਾਂ  ਕਿਹਾ ਕਿ ਨਸ਼ਿਆਂ ਉਪਰ ਚੋਣ ਕਮਿਸ਼ਨ ਦਾ ਕਦਮ ਸਾਫ ਤੌਰ ਤੇ ਕਾਂਗਰਸ ਦੇ ਪੱਖ ਨੂੰ ਸਾਬਤ ਕਰਦਾ ਹੈ ਕਿ ਬਾਦਲ ਸ਼ਾਸਨ ਵਿੱਚ ਪੰਜਾਬ ਅੰਦਰ ਨਸ਼ਾਖੋਰੀ ਤੇਜ਼ੀ ਨਾਲ ਫੈਲੀ ਹੈ|
ਇਸੇ ਦੌਰਾਨ ਸ੍ਰੋਮਣੀ ਅਕਾਲੀ ਦਲ ਨੂੰ ਇਕ ਹੋਰ ਝਟਕਾ ਦਿੰਦੇ ਹੋਏ ਅੱਜ ਦੋ ਹੋਰ ਅਕਾਲੀ ਆਗੂ ਕੈਪਟਨ ਅਮਰਿੰਦਰ ਸਿੰਘ ਦੀ ਮੌਜ਼ੂਦਗੀ ਹੇਠ ਪੰਜਾਬ ਕਾਂਗਰਸ ਵਿੱਚ ਸ਼ਾਮਿਲ ਹੋ ਗਏ| ਜਿਨ੍ਹਾਂ ਦਾ ਕੈਪਟਨ ਅਮਰਿੰਦਰ ਨੇ ਘਰ ਵਾਪਿਸੀ ਤੇ ਸਵਾਗਤ ਕੀਤਾ|
ਕੈਪਟਨ ਅਮਰਿੰਦਰ ਨੇ ਨਾਭਾ ਤੋਂ ਮਜ਼ਬੂਤ ਲੀਡਰ ਤੇ ਸਾਬਕਾ ਵਿਧਾਇਕ ਰਮੇਸ਼ ਸਿੰਗਲਾ ਅਤੇ ਇਕ ਅਕਾਲੀ ਆਗੂ ਤੇ ਨਿਗਮ ਕੌਂਸਲਰ ਅਸ਼ੋਕ ਬਿੱਟੂ ਨੂੰ ਪਾਰਟੀ ਵਿੱਚ ਸ਼ਾਮਿਲ ਕਰਦਿਆਂ ਕਿਹਾ ਕਿ ਅਕਾਲੀ ਦਲ ਪੰਜਾਬ ਵਿੱਚ ਇਕ ਡੁੱਬਦਾ ਹੋਇਆ ਜਹਾਜ਼ ਹੈ| ਦੋਵੇਂ ਆਗੂ ਨਾਭਾ ਤੋਂ ਵਿਧਾਇਕ ਸਾਧੂ ਸਿੰਘ ਧਰਮਸੋਤ ਦੀ ਮੌਜ਼ੂਦਗੀ             ਹੇਠ ਬਗੈਰ ਕਿਸੇ ਸ਼ਰਤ ਕਗਰਸ ਵਿੱਚ ਸ਼ਾਮਿਲ ਹੋਏ|
ਨਾਭਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਤੇ ਸਾਬਕਾ ਪੰਜਾਬ ਯੂਥ ਕਾਂਗਰਸ ਪ੍ਰਧਾਨ ਰਮੇਸ਼ ਸਿੰਗਲਾ ਸਾਲ 2014 ਵਿੱਚ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਸਨ| ਇਸੇ ਤਰ੍ਹਾਂ, ਨਾਭਾ ਤੋਂ ਪੰਜ ਵਾਰ ਕੌਂਸਲਰ ਬਣ ਚੁੱਕੇ, ਬਿੱਟੂ ਵੀ 2014 ਵਿੱਚ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਸਨ|

Leave a Reply

Your email address will not be published. Required fields are marked *