ਕਾਨੂੰਨ ਦੀ ਜਿੱਤ ਦਾ ਪ੍ਰਤੀਕ ਹੈ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਗਈ ਸਜ਼ਾ

ਦੇਸ਼ ਦੀ ਅਦਾਲਤ ਨੇ ਇੱਕ ਵਾਰ ਫਿਰ ਸਾਬਤ ਕੀਤਾ ਹੈ ਕਿ ਅਪਰਾਧੀ ਕਿੰਨਾ ਵੀ ਰਸੂਖਦਾਰ ਕਿਉਂ ਨਾ ਹੋਵੇ, ਉਹ ਕਾਨੂੰਨ ਤੋਂ ਬਚ ਨਹੀਂ ਸਕਦਾ ਹੈ| ਅਦਾਲਤ ਨੇ ਇਹ ਵੀ ਸਾਬਤ ਕੀਤਾ ਕਿ ਇਨਸਾਫ ਦੇ ਮੰਦਿਰ ਵਿੱਚ ਦੇਰ ਹੈ, ਪਰ ਹਨੇਰ ਨਹੀਂ ਹੈ| ਕਿਸੇ ਵੀ ਅਪਰਾਧਿਕ ਮਾਮਲੇ ਦੀ ਜਾਂਚ ਜੇਕਰ ਠੀਕ ਤਰ੍ਹਾਂ ਹੋਵੇ, ਤਾਂ ਮੁਲਜਮਾਂ ਦਾ ਬਚਣਾ ਲਗਭਗ ਨਾਮੁਮਕਿਨ ਹੈ| ਹਰਿਆਣਾ ਦੇ ਪੱਤਰਕਾਰ ਰਾਮਚੰਦਰ ਛਤਰਪਤੀ ਹਤਿਆਕਾਂਡ ਕੇਸ ਵਿੱਚ ਅਜਿਹਾ ਹੀ ਹੋਇਆ ਹੈ| ਇਸ ਕੇਸ ਵਿੱਚ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ |ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸਿਰਸਾ ਦੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਤਿਆ ਦੇ ਮੁਕੱਦਮੇ ਵਿੱਚ ਰਾਮ ਰਹੀਮ ਗੁਰਮੀਤ ਸਿੰਘ ਸਮੇਤ ਚਾਰ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਹੈ| 2 ਜਨਵਰੀ ਨੂੰ ਸੀਬੀਆਈ ਕੋਰਟ ਨੇ 16 ਸਾਲ ਪੁਰਾਣੇ ਇਸ ਮਾਮਲੇ ਦੇ ਦੋਸ਼ੀ ਗੁਰਮੀਤ, ਨਿਰਮਲ, ਕੁਲਦੀਪ ਅਤੇ ਕਿਸ਼ਨ ਲਾਲ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਆਦੇਸ਼ ਦਿੱਤੇ ਸਨ| ਸੀਬੀਆਈ ਸਪੈਸ਼ਲ ਕੋਰਟ ਨੇ ਰਾਮ ਰਹੀਮ ਅਤੇ ਕਿਸ਼ਨ ਲਾਲ ਨੂੰ ਆਈਪੀਸੀ ਦੀ ਧਾਰਾ 120 ਬੀ, 302 ਦਾ ਦੋਸ਼ੀ ਠਹਿਰਾਇਆ, ਜਦੋਂਕਿ ਕੁਲਦੀਪ ਅਤੇ ਨਿਰਮਲ ਨੂੰ 120 ਬੀ, 302 ਅਤੇ ਆਰਮਸ ਐਕਟ ਦਾ ਦੋਸ਼ੀ ਠਹਿਰਾਇਆ ਹੈ| ਧਾਰਾ 302 ਵਿੱਚ ਘੱਟ ਤੋਂ ਘੱਟ ਉਮਰ ਕੈਦ ਅਤੇ ਜ਼ਿਆਦਾ ਤੋਂ ਜ਼ਿਆਦਾ ਫਾਂਸੀ ਦੀ ਸਜਾ ਹੋ ਸਕਦੀ ਹੈ| 17 ਜਨਵਰੀ ਨੂੰ ਸਜਾ ਸੁਣਾਈ ਜਾਵੇਗੀ| ਪੀੜਿਤ ਪੱਖ ਨੇ ਦੋਸ਼ੀਆਂ ਦੀ ਫ਼ਾਂਸੀ ਦੀ ਮੰਗ ਕੀਤੀ ਹੈ| ਗੁਰਮੀਤ ਸਿੰਘ ਸਾਧਵੀ ਸੈਕਸ ਸ਼ੋਸ਼ਣ ਮਾਮਲੇ ਵਿੱਚ 20 ਸਾਲ ਦੀ ਸਜਾ ਕੱਟ ਰਿਹਾ ਹੈ| ਖਾਸ ਗੱਲ ਹੈ ਕਿ ਜਿਸ ਸਾਧਵੀ ਦੇ ਗੁੰਮਨਾਮ ਪੱਤਰ ਦੇ ਆਧਾਰ ਤੇ ਗੁਰਮੀਤ ਨੂੰ ਉਮਰਕੈਦ ਦੀ ਸਜਾ ਹੋਈ, ਉਸ ਪੱਤਰ ਨੂੰ ਆਧਾਰ ਬਣਾਕੇ ਛਤਰਪਤੀ ਨੇ 30 ਮਈ 2002 ਨੂੰ ਆਪਣੇ ਸਥਾਨਕ ਅਖਬਾਰ ‘ਪੂਰਾ ਸੱਚ’ ਵਿੱਚ ਖਬਰ ਛਾਪੀ ਸੀ ਅਤੇ ਰਾਮ ਰਹੀਮ ਦੇ ਡੇਰੇ ਵਿੱਚ ਹੋ ਰਹੀਆਂ ਕਥਿਤ ਕਾਰਗੁਜਾਰੀਆਂ ਨੂੰ ਪ੍ਰਗਟ ਕੀਤਾ ਸੀ| ਇਸ ਤੋਂ ਇੱਕ ਦਿਨ ਪਹਿਲਾਂ ਸਿਰਸਾ ਦੇ ਬਾਜ਼ਾਰ ਵਿੱਚ ਸਾਧਵੀ ਦੇ ਪੱਤਰ ਦੀ ਕਾਪੀ ਵੰਡੀ ਸੀ| ਡੇਰੇ ਨੂੰ ਸ਼ਕ ਸੀ ਕਿ ਕੁਰੁਕਸ਼ੇਤਰ ਦੇ ਪਿੰਡ ਖਾਨਪੁਰ ਕੋਲੀਆਂ ਦੇ ਰਹਿਣ ਵਾਲੇ ਰਣਜੀਤ ਨੇ ਆਪਣੀ ਹੀ ਭੈਣ ਤੋਂ ਉਹ ਪੱਤਰ ਪ੍ਰਧਾਨ ਮੰਤਰੀ ਨੂੰ ਲਿਖਵਾਇਆ ਹੈ| ਇਸ ਮਾਮਲੇ ਉੱਤੇ ਕਾਰਵਾਈ ਕੀਤੀ ਜਾ ਰਹੀ ਸੀ ਕਿ 10 ਜੁਲਾਈ 2002 ਨੂੰ ਡੇਰਾ ਸੱਚਾ ਸੌਦਾ ਦੀ ਪ੍ਰਬੰਧਨ ਕਮੇਟੀ ਦੇ ਮੈਂਬਰ ਰਹੇ ਰਣਜੀਤ ਸਿੰਘ ਦੀ ਹੱਤਿਆ ਹੋ ਗਈ| 24 ਅਕਤੂਬਰ 2002 ਨੂੰ ਰਾਮਚੰਦਰ ਛਤਰਪਤੀ ਉੱਤੇ ਜਾਨਲੇਵਾ ਹਮਲਾ ਹੋਇਆ, 21 ਨਵੰਬਰ 2002 ਨੂੰ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਇਲਾਜ ਦੇ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ|
ਸੀਬੀਆਈ ਜਾਂਚ ਦੇ ਮੁਤਾਬਕ ਕੁਲਦੀਪ ਨੇ ਛਤਰਪਤੀ ਨੂੰ ਗੋਲੀ ਮਾਰੀ ਸੀ, ਉਸਦੇ ਨਾਲ ਬਾਇਕ ਤੇ ਨਿਰਮਲ ਵੀ ਸੀ| ਜਿਸ ਰਿਵਾਲਵਰ ਨਾਲ ਗੋਲੀਆਂ ਚਲਾਈਆਂ ਗਈਆਂ ਸਨ, ਉਸਦਾ ਲਾਇਸੈਂਸ ਡੇਰਾ ਸੱਚਾ ਸੌਦਾ ਦੇ ਮੈਨੇਜਰ ਕਿਸ਼ਨ ਲਾਲ ਦੇ ਨਾਮ ਉੱਤੇ ਸੀ| ਡੇਰਾ ਪ੍ਰਮੁੱਖ ਗੁਰਮੀਤ ਉੱਤੇ ਇਸ ਹੱਤਿਆ ਦੀ ਸਾਜਿਸ਼ ਰਚਣ ਦਾ ਇਲਜ਼ਾਮ ਲੱਗਿਆ, ਜੋ ਦੋਸ਼ ਸਿੱਧ ਹੋਇਆ| ਦੋਵੇਂ ਹੀ ਮਾਮਲੇ – ਸਾਧਵੀ ਸੈਕਸ ਸ਼ੋਸ਼ਣ ਅਤੇ ਛਤਰਪਤੀ ਹਤਿਆਕਾਂਡ ਵਿੱਚ ਸਾਬਤ ਹੋ ਗਿਆ ਕਿ ਗੁਰਮੀਤ ਆਪਣੀ ਸੰਸਥਾ ਡੇਰਾ ਸੱਚਾ ਸੌਦਾ ਵਿੱਚ ਧਰਮ, ਸ਼ਰਧਾ ਅਤੇ ਸੇਵਾ ਦੇ ਨਾਮ ਉੱਤੇ ਅਪਰਾਧ ਨੂੰ ਅੰਜਾਮ ਦੇ ਰਹੇ ਸਨ| ਉਸਦਾ ਕੱਚਾ ਚਿੱਠਾ ਹੁਣ ਦੁਨੀਆ ਦੇ ਸਾਹਮਣੇ ਹੈ| ਉਹ ਪਹਿਲਾ ਬਾਬਾ ਨਹੀਂ ਹੈ, ਜਿਸ ਨੇ ਆਪਣੇ ਪੈਰੋਕਾਰਾਂ ਦੇ ਵਿਸ਼ਵਾਸ ਨੂੰ ਤੋੜਿਆ ਹੋਵੇ| ਆਸਾਰਾਮ, ਨਰਾਇਣ ਸਾਈ, ਰਾਮਪਾਲ ਵਰਗੇ ਗੁਨਹਗਾਰ ਅਪਰਾਧੀ ਹੁਣੇ ਸਲਾਖਾਂ ਦੇ ਪਿੱਛੇ ਹਨ| ਕੁੱਝ ਮਹੀਨੇ ਪਹਿਲਾਂ ਸ਼ਨੀ ਦੇ ਨਾਮ ਤੇ ਆਸ਼ਰਮ ਚਲਾਉਣ ਵਾਲੇ ਬਾਬਾ ਮਦਨ ਉੱਤੇ ਔਰਤਾਂ ਦੇ ਸੋਸ਼ਣ ਦੇ ਇਲਜ਼ਾਮ ਲੱਗੇ ਹਨ| ਦਰਜਨਾਂ ਬਾਬੇ ਹਨ, ਜਿਨ੍ਹਾਂ ਉੱਤੇ ਆਪਣੇ ਭਗਤ ਔਰਤਾਂ ਦੇ ਸੈਕਸ ਸੋਸ਼ਣ ਦੇ ਇਲਜ਼ਾਮ ਲੱਗੇ ਹਨ| ਧਰਮ, ਸ਼ਰਧਾ ਅਤੇ ਵਿਸ਼ਵਾਸ ਦੇ ਨਾਮ ਤੇ ਆਪਰਾਧ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜਾ ਮਿਲਣੀ ਚਾਹੀਦੀ ਹੈ| ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਜਿਸ ਉੱਤੇ ਵਿਸ਼ਵਾਸ ਕਰਦੇ ਹਨ, ਪਹਿਲਾਂ ਉਨ੍ਹਾਂ ਦਾ ਚਾਲ ਚਲਣ ਵੇਖ ਲੈਣ ਅਤੇ ਆਪਣੇ ਪਰਿਵਾਰ ਦੀਆਂ ਔਰਤਾਂ ਦੀ ਸੁਰੱਖਿਆ ਯਕੀਨੀ ਕਰਨ| ਔਰਤਾਂ ਨੂੰ ਵੀ ਚਾਹੀਦੀ ਹੈ ਕਿ ਧਰਮ ਦੇ ਕਿਸੇ ਵੀ ਆਪੂੰ ਬਣੇ ਠੇਕੇਦਾਰ ਉੱਤੇ ਅੱਖਾਂ ਬੰਦ ਕਰਕੇ ਭਰੋਸਾ ਨਾ ਕਰ ਲੈਣ| ਦੇਸ਼ ਵਿੱਚ ਜਿਸ ਤਰ੍ਹਾਂ ਸ਼ਰਧਾ ਭੰਜਕ ਅਪਰਾਧੀ ਵੱਧ ਰਹੇ ਹਨ, ਉਸ ਵਿੱਚ ਹੁਣ ਇਹ ਮਹਿਸੂਸ ਹੋ ਰਿਹਾ ਹੈ ਕਿ ਸਰਕਾਰ ਧਾਰਮਿਕ ਸੰਸਥਾ ਚਲਾਉਣ ਅਤੇ ਧਰਮ-ਸ਼ਰਧਾ-ਪੰਥ ਦੇ ਗੁਰੂ ਬਨਣ ਲਈ ਸਖਤ ਨਿਯਮ-ਕਾਇਦਾ ਬਣਾਏ| ਗੁਰਮੀਤ ਨੂੰ ਸਜਾ ਕਾਨੂੰਨ ਦੀ ਜਿੱਤ ਤਾਂ ਹੋਵੇਗੀ ਹੀ, ਇਨਸਾਫ ਲਈ ਪੀੜਿਤ ਦੇ ਲੰਬੇ ਸੰਘਰਸ਼ ਦੀ ਵੀ ਜਿੱਤ ਹੋਵੇਗੀ ਅਤੇ ਲੱਖਾਂ ਭਗਤਾਂ ਲਈ ਸਬਕ ਵੀ ਹੋਵੇਗੀ|
ਸੰਤੋਸ਼ ਕੁਮਾਰ

Leave a Reply

Your email address will not be published. Required fields are marked *