ਕਾਨੂੰਨ ਦੀ ਪਾਲਣਾ ਯਕੀਨੀ ਬਣਾਈ ਜਾਵੇ

ਮਸ਼ਹੂਰ ਫਿਲਮ ਅਦਾਕਾਰ ਸਲਮਾਨ ਖਾਨ ਨੂੰ ਕਾਲੇ ਹਿਰਨ ਦਾ ਸ਼ਿਕਾਰ ਕਰਨ ਦੇ ਦੋਸ਼ ਹੇਠ ਸੁਣਾਈ ਗਈ ਪੰਜ ਸਾਲ ਦੀ ਸਜਾ ਤੋਂ ਬਾਅਦ ਭਾਵੇਂ ਉਹਨਾਂ ਦੀ ਜਮਾਨਤ ਹੋ ਗਈ ਹੈ ਅਤੇ ਉਹ ਵਾਪਸ ਆਪਣੇ ਘਰ ਪਹੁੰਚ ਗਏ ਹਨ ਪਰੰਤੂ ਇਸ ਸਜਾ ਦੇ ਐਲਾਨ ਨਾਲ ਘੱਟੋ ਘੱਟ ਇਹ ਮੁੜ ਸਥਾਪਿਤ ਹੋਇਆ ਹੈ ਕਾਨੂੰਨ ਸਭ ਤੋਂ ਉਪਰ ਹੈ| ਹਾਲਾਂਕਿ ਅਦਾਲਤ ਦਾ ਫੈਸਲਾ ਆਉਣ ਤੱਕ ਇਹ ਚਰਚਾ ਵੀ ਚਲ ਰਹੀ ਸੀ ਕਿ ਸਲਮਾਨ ਖਾਨ ਆਪਣਾ ਪ੍ਰਭਾਵ ਵਰਤਦੇ ਹੋਏ ਇਸ ਅਦਾਲਤ ਵਿਚੋਂ ਬਰੀ ਹੋ ਜਾਣਗੇ| ਅਜਿਹੀ ਚਰਚਾ ਇਸ ਕਾਰਨ ਵੀ ਜੋਰ ਫੜਦੀ ਦਿਖੀ ਸੀ ਕਿਉਂਕਿ ਇਸ ਤੋਂ ਪਹਿਲਾਂ ਸਲਮਾਨ ਖਾਨ ਦੋ ਹੋਰਨਾਂ ਕੇਸਾਂ ਵਿਚੋਂ ਕਿਸੇ ਨਾ ਕਿਸੇ ਤਰੀਕੇ ਬਰੀ ਹੋ ਚੁੱਕੇ ਹਨ| ਜਦੋਂ ਅਦਾਲਤ ਦਾ ਫੈਸਲਾ ਆਇਆ ਅਤੇ ਉਸਨੇ ਸਲਮਾਨ ਖਾਨ ਨੂੰ ਪੰਜ ਸਾਲ ਦੀ ਸਜਾ ਸੁਣਾਈ ਤਾਂ ਸਲਮਾਨ ਖਾਨ ਦੀਆਂ ਭੈਣਾਂ ਅਤੇ ਸਲਮਾਨ ਖਾਨ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਆਏ| ਆਪਣਾ ਫੈਸਲਾ ਸੁਣਾਉਣ ਵੇਲੇ ਅਦਾਲਤ ਨੇ ਕਿਸੇ ਪ੍ਰਭਾਵ ਵਿੱਚ ਆਉਣ ਦੀ ਥਾਂ ਇਸ ਸਾਫ ਕਰ ਦਿੱਤਾ ਕਿ ਕਾਨੂੰਨ ਸਭ ਲਈ ਇੱਕ ਬਰਾਬਰ ਹੈ ਭਾਵੇਂ ਉਹ ਗਰੀਬ ਆਦਮੀ ਹੋਵੇ ਜਾਂ ਫਿਰ ਸਲਮਾਨ ਖਾਨ ਵਰਗਾ ਅਰਬਪਤੀ ਤੇ ਕਲਾਕਾਰ ਹੀ ਕਿਊਂ ਨਾ ਹੋਵੇ|
ਅਜਿਹਾ ਅਕਸਰ ਵੇਖਣ ਵਿੱਚ ਆਉਂਦਾ ਹੈ ਕਿ ਵੱਖ ਵੱਖ ਮਾਮਲਿਆਂ ਵਿੱਚ ਫਸੇ ਵੱਡੇ ਅਤੇ ਪ੍ਰਭਾਵਸ਼ਾਲੀ ਵਿਅਕਤੀ ਅਦਾਲਤੀ ਫੈਸਲਿਆਂ ਉਪਰ ਆਪਣਾ ਪ੍ਰਭਾਵ ਪਾਉਣ ਵਿਚ ਕਾਮਯਾਬ ਹੋ ਜਾਂਦੇ ਹਨ| ਇੱਥੇ ਦਿੱਲੀ ਵਿੱਚ 1984 ਵਿਚ ਹੋਏ ਸਿੱਖ ਕਤਲੇਆਮ ਦੀ ਮਿਸਾਲ ਵੀ ਦਿੱਤੀ ਜਾ ਸਕਦੀ ਹੈ| ਇਸ ਕਤਲੇਆਮ ਦੇ ਦੋਸ਼ੀਆਂ ਨੂੰ ਕਿਸੇ ਅਦਾਲਤ ਨੇ ਅੱਜ ਤੱਕ ਸਜਾ ਨਹੀਂ ਸੁਣਾਈ ਜਿਸ ਕਰਕੇ ਪੀੜਤਾਂ ਦਾ ਅਦਾਲਤਾਂ ਤੋਂ ਭਰੋਸਾ ਉਠਦਾ ਜਾ ਰਿਹਾ ਹੈ| ਜਿਥੋਂ ਤੱਕ ਸਰਕਾਰਾਂ ਦੀ ਜਿੰਮੇਵਾਰੀ ਹੈ ਤਾਂ ਹਾਲ ਇਹ ਹੈ ਕਿ ਹਰ ਸਰਕਾਰ ਹੀ ਇਸ ਕਤਲੇਆਮ ਦੀ ਜਾਂਚ ਲਈ ਨਵਾਂ ਕਮਿਸ਼ਨ ਬਣਾ ਦਿੰਦੀ ਹੈ ਪਰ ਠੋਸ ਰੂਪ ਵਿੱਚ ਹੁੰਦਾ ਕੁਝ ਨਹੀਂ| ਅਕਸਰ ਹੀ ਇਹ ਵੀ ਚਰਚਾ ਹੁੰਦੀ ਰਹਿੰਦੀ ਹੈ ਕਿ ਸਿੱਖ ਕਤਲੇਆਮ ਦੇ ਦੋਸ਼ੀ ਆਪਣੇ ਵੱਡੇ ਰੁਤਬੇ ਅਤੇ ਪ੍ਰਭਾਵ ਕਾਰਨ ਹੀ ਅਦਾਲਤੀ ਫੈਸਲਿਆਂ ਨੂੰ ਪ੍ਰਭਾਵਿਤ ਕਰ ਰਹੇ ਹਨ|
ਕਾਨੂੰਨ ਦੀ ਦੇਵੀ ਦੀਆਂ ਅੱਖਾਂ ਉਪਰ ਕਾਲੀ ਪੱਟੀ ਬੰਨੀ ਹੁੰਦੀ ਹੈ| ਇਸਦਾ ਭਾਵ ਇਹ ਹੈ ਕਿ ਕਾਨੂੰਨ ਦੀ ਨਜ਼ਰ ਵਿਚ ਸਭ ਇਕ ਬਰਾਬਰ ਹਨ ਅਤੇ ਉਹ ਕੋਈ ਰਿਸਤੇਦਾਰੀ ਨਹੀਂ ਵੇਖਦਾ| ਇਸੇ ਕਾਰਨ ਭਾਰਤੀ ਕਾਨੂੰਨ ਨੂੰ ਅੰਨਾ ਕਾਨੂੰਨ ਵੀ ਕਿਹਾ ਜਾਂਦਾ ਹੈ| ਜਦੋਂ ਕਿਸੇ ਧਿਰ ਨੂੰ ਲਗਾਤਾਰ ਚਾਰਾਜੋਈ ਕਰਨ ਦੇ ਬਾਵਜੂਦ ਇਨਸਾਫ ਨਾ ਮਿਲੇ ਤਾਂ ਉਸਨੂੰ ਇਹ ਮਹਿਸੂਸ ਹੋਣ ਲੱਗਦਾ ਹੈ ਕਿ ਭਾਰਤੀ ਕਾਨੂੰਨ ਤਾਂ ਸੱਚ ਮੁੱਚ ਹੀ ਅੰਨਾ ਹੈ| ਇਸ ਦੌਰਾਨ ਅਦਾਲਤਾਂ ਵਿਚ ਹੁੰਦੇ ਭ੍ਰਿਸਟਾਚਾਰ ਦੀ ਚਰਚਾ ਵੀ ਆਮ ਹੈ| ਚੰਡੀਗੜ੍ਹ ਦੀ ਇਕ ਮਹਿਲਾ ਜੱਜ ਕਿਸੇ ਮੁਲਜਮ ਦੇ ਸਾਥੀਆਂ ਕੋਲੋਂ ਆਪਣੇ ਘਰ ਵਿਚ ਲੱਖਾਂ ਰੁਪਏ ਮੰਗਵਾਉਣ ਦੇ ਇਲਜਾਮ ਵਿੱਚ ਦੋਸ਼ੀ ਠਹਿਰਾਈ ਜਾ ਚੁੱਕੀ ਹੈ| ਅਦਾਲਤਾਂ ਵਿਚ ਹਾਲ ਇਹ ਹੈ ਕਿ ਪੇਸ਼ੀ ਭੁਗਤਣ ਆਏ ਲੋਕਾਂ ਨੂੰ ਆਵਾਜਾਂ ਮਾਰਨ ਵਾਲੇ ਅਦਾਲਤ ਦੇ ਕੁਝ ਕਰਿੰਦੇ ਵੀ ਅਕਸਰ ਹੀ ਲੋਕਾਂ ਤੋਂ ਹਰ ਕਿਸੇ ਦੀ ਅੱਖ ਬਚਾ ਕੇ ਇਕ ਦੋ ਨੋਟ ਝਾੜ ਲੈਂਦੇ ਹਨ| ਇਸ ਤੋਂ ਇਲਾਵਾ ਅਦਾਲਤ ਵਿੱਚ ਹੀ ਕੰਮ ਕਰਦੇ ਕਲਰਕ, ਚਪੜਾਸੀ, ਨਾਇਬ ਕੋਰਟ ਉਪਰ ਆਮ ਇਲਜਾਮ ਲੱਗਦਾ ਹੈ ਕਿ ਉਹ ਪੇਸ਼ੀ ਭੁਗਤਣ ਆਏ ਲੋਕਾਂ ਤੋਂ ਉਹਨਾਂ ਦੀ ਕੋਈ ਸਹਾਇਤਾ ਕਰਨ ਬਦਲੇ ਆਪਣੀ ‘ਫੀਸ’ ਵਸੂਲ ਕਰਦੇ ਹਨ| ਰਹਿੰਦੀ ਕਸਰ ਵਕੀਲਾਂ ਦੇ ਮੁਨਸ਼ੀ ਅਤੇ ਸੇਵਾਦਾਰ ਪੂਰੀ ਕਰ ਦਿੰਦੇ ਹਨ ਜੋ ਕਿ ਆਪਣੇ ਵਕੀਲ ਸਾਹਿਬ ਦੇ ਹਰ ਕਲਾਂਇੰਟ ਤੋਂ ਚਾਹ ਪਾਣੀ ਲੈਣਾ ਆਪਣਾ ਕਾਨੂੰਨੀ ਹੱਕ ਸਮਝਦੇ ਹਨ| ਇਸ ਤਰ੍ਹਾਂ ਅਦਾਲਤਾਂ ਵਿੱਚ ਭ੍ਰਿਸ਼ਟਾਚਾਰ ਵੀ ਪੂਰੀ ਤਰ੍ਹਾਂ ਜੜਾ ਫੈਲਾ ਚੁੱਕਿਆ ਹੈ|
ਸਲਮਾਨ ਖਾਨ ਨੂੰ ਸੁਣਾਏ ਫੈਸਲੇ ਨਾਲ ਮਾਣਯੋਗ ਅਦਾਲਤ ਨੇ ਆਪਣੀ ਸਰਵਉਂਚਤਾ ਇੱਕ ਵਾਰ ਫਿਰ ਸਾਬਿਤ ਕਰ ਦਿੱਤੀ ਹੈ| ਨਿਆਂ ਪ੍ਰਣਾਲੀ ਵਿੱਚ ਆਮ ਲੋਕਾਂ ਦਾ ਭਰੋਸਾ ਬਰਕਰਾਰ ਰਹੇ ਇਸ ਲਈ ਜਰੂਰੀ ਹੈ ਕਿ ਅਦਾਲਤਾਂ ਵਿੱਚ ਵੱਧਦੇ ਭ੍ਰਿਸਟਾਚਾਰ ਨੂੰ ਖਤਮ ਕੀਤਾ ਜਾਵੇ ਅਤੇ ਅਦਾਲਤਾਂ ਵਿੱਚ ਛੇਤੀ ਇਨਸਾਫ ਮਿਲਣਾ ਯਕੀਨੀ ਬਣਾਇਆ ਜਾਵੇ| ਸਲਮਾਨ ਖਾਨ ਨੂੰ ਵੀ ਇਹ ਸਜਾ 20 ਸਾਲ ਤਕ ਕੇਸ ਚਲਣ ਤੋਂ ਬਾਅਦ ਹੀ ਸਜਾ ਮਿਲੀ ਹੈ, ਜਦੋਂ ਕਿ ਚਾਹੀਦਾ ਇਹ ਹੈ ਕਿ ਹਰ ਕੇਸ ਦਾ ਛੇਤੀ ਨਿਪਟਾਰਾ ਕੀਤਾ ਜਾਵੇ ਅਤੇ ਕਾਨੂੰਨ ਦੀ ਪਾਲਣਾ ਹਰ ਹਾਲ ਵਿੱਚ ਯਕੀਨੀ ਬਣਾਈ ਜਾਵੇ|

Leave a Reply

Your email address will not be published. Required fields are marked *