ਕਾਫੀ ਲੰਬਾ ਚਲ ਸਕਦਾ ਹੈ ਖੇਤੀ ਕਾਨੂੰਨਾਂ ਵਿਰੁੱਧ ਕੀਤਾ ਜਾ ਰਿਹਾ ਕਿਸਾਨ ਸੰਘਰਸ਼


ਐਸ ਏ ਐਸ ਨਗਰ, 9 ਨਵੰਬਰ (ਸ.ਬ.) ਝੋਨੇ ਦੀ ਕਟਾਈ ਦਾ ਸੀਜਨ ਹੋਣ ਦੇ  ਬਾਵਜੂਦ ਪੰਜਾਬ ਦੇ ਕਿਸਾਨ ਕੇਂਦਰ ਸਰਕਾਰ ਵਲੋਂ ਬਣਾਏ ਤਿੰਨ            ਖੇਤੀ ਕਾਨੂੰਨਾਂ ਖਿਲਾਫ ਸੰਘਰਸ ਕਰ ਰਹੇ ਹਨ| ਦੂਜੇ ਪਾਸੇ ਕੇਂਦਰ ਸਰਕਾਰ ਇਹਨਾਂ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਲਈ ਅੜੀ ਹੋਈ ਹੈ, ਜਿਸ ਕਾਰਨ ਜਿਥੇ ਇਕ ਪਾਸੇ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਟਕਰਾਓ ਪੈਦਾ ਹੋ ਗਿਆ ਹੈ, ਉਥੇ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਨ ਨਾਲ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਿਚਾਲੇ ਸੰਬੰਧ ਵੀ ਤਨਾਓਪੂਰਨ ਹੋ ਗਏ ਹਨ|
ਪੰਜਾਬ ਦੇ ਕਿਸਾਨ ਆਪਣਾ ਸੰਘਰਸ਼ ਤੇਜ ਕਰਨ ਲਈ ਦ੍ਰਿੜ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤਕ ਕੇਂਦਰ ਸਰਕਾਰ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਦੀ, ਕਿਸਾਨਾਂ ਵਲੋਂ ਸੰਘਰਸ਼ ਜਾਰੀ ਰੱਖਿਆ ਜਾਵੇਗਾ| ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਤੋਂ ਬਾਅਦ ਕਿਸਾਨਾਂ ਵਲੋਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ, ਜਿਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਕਿਸਾਨਾਂ ਦਾ ਸੰਘਰਸ਼ ਲੰਮਾਂ ਸਮਾਂ ਚੱਲ ਸਕਦਾ ਹੈ|
ਕਿਸਾਨਾਂ ਦੇ ਇਸ ਸੰਘਰਸ਼ ਦਾ ਰਾਜਸੀ ਅਸਰ ਪੈਣ ਦੇ ਨਾਲ ਨਾਲ ਆਰਥਿਕ ਪ੍ਰਭਾਵ ਵੀ ਪੈਣਾ ਹੈ| ਕਿਸਾਨਾਂ ਵਲੋਂ ਭਾਵੇਂ ਮਾਲ ਗੱਡੀਆਂ ਦੀ ਆਵਾਜਾਈ ਲਈ ਰਾਹ ਦੇਣ ਦਾ ਐਲਾਨ ਕੀਤਾ ਹੋਇਆ ਹੈ ਪਰੰਤੂ                      ਕੇਂਦਰ ਸਰਕਾਰ ਵਲੋਂ ਪੰਜਾਬ ਵਿਚ ਮਾਲ ਗੱਡੀਆਂ ਦੀ ਆਵਾਜਾਈ ਪੂਰੀ ਤਰਾਂ ਠੱਪ ਕਰ ਦਿਤੀ ਗਈ ਹੈ| ਮਾਲ ਗੱਡੀਆਂ ਦੇ ਪੰਜਾਬ ਵਿਚ ਨਾ ਆਉਣ ਕਾਰਨ ਪੰਜਾਬ ਦੇ ਥਰਮਲ ਪਲਾਟਾਂ ਕੋਲ ਕੋਲੇ ਦੀ ਘਾਟ ਆ ਗਈ ਹੈ, ਜਿਸ ਕਾਰਨ ਅੰਦਾਜੇ ਲਗਾਏ ਜਾ ਰਹੇ ਹਨ ਕਿ ਪੰਜਾਬ ਵਿਚ ਕਿਸੇ ਸਮੇਂ ਵੀ ਬਲੈਕ ਆਉਟ ਹੋ ਸਕਦਾ ਹੈ|
ਕਿਸਾਨ ਆਗੂ ਅਤੇ ਵੱਖ-ਵੱਖ ਵਰਗਾਂ ਦੇ ਲੋਕ ਦੋਸ਼ ਲਗਾ ਰਹੇ ਹਨ ਕਿ ਕੇਂਦਰ ਸਰਕਾਰ ਮਾਲ ਗੱਡੀਆਂ ਦੀ ਆਵਾਜਾਈ ਬੰਦ ਕਰਕੇ ਪੰਜਾਬ ਦੀ ਆਰਥਿਕ ਨਾਕਾਬੰਦੀ ਕਰ ਰਹੀ ਹੈ| ਦੂਜੇ ਪਾਸੇ ਕੇਂਦਰ ਸਰਕਾਰ ਅਤੇ ਰੇਲਵੇ ਵਿਭਾਗ ਦਾ ਤਰਕ ਹੈ ਕਿ ਪੰਜਾਬ ਵਿਚ ਸਿਰਫ ਮਾਲ ਗੱਡੀਆਂ ਚਲਾਉਣੀਆਂ ਸੰਭਵ ਨਹੀਂ ਹਨ ਅਤੇ ਜੇ ਸਵਾਰੀ ਗੱਡੀਆਂ ਚੱਲਣਗੀਆਂ ਤਾਂ ਹੀ ਮਾਲ ਗੱਡੀਆਂ ਚਲਾਈਆਂ ਜਾ ਸਕਦੀਆਂ ਹਨ| ਪੰਜਾਬ ਸਰਕਾਰ ਅਤੇ ਪੰਜਾਬ ਦੇ ਸੰਸਦ ਮੈਂਬਰ ਰੇਲ ਮੰਤਰੀ ਅਤੇ ਪ੍ਰਧਾਨ ਮੰਤਰੀ ਤੋਂ ਪੰਜਾਬ ਵਿਚ ਰੇਲ ਗੱਡੀਆਂ ਚਲਾਉਣ ਲਈ ਅਪੀਲ ਕਰ ਚੁਕੇ ਹਨ ਪਰ ਕੇਂਦਰ ਸਰਕਾਰ ਵਲੋਂ ਪੰਜਾਬ ਵਿੱਚ ਰੇਲ ਗੱਡੀਆਂ ਚਲਾਉਣ ਲਈ ਕੋਈ ਹੁੰਗਾਰਾ ਨਹੀਂ ਭਰਿਆ ਗਿਆ| 
ਦੂਜੇ ਪਾਸੇ ਕਿਸਾਨਾਂ ਨੇ ਮਾਲ ਗੱਡੀਆਂ ਦੇ ਲਾਂਘੇ ਲਈ ਭਾਵੇਂ ਰੇਲਵੇ ਟਰੈਕ ਖਾਲੀ ਕਰ ਦਿਤੇ ਹਨ, ਪਰੰਤੂ ਕਿਸਾਨ  ਸਵਾਰੀ ਗੱਡੀਆਂ ਦੀ ਆਵਾਜਾਈ ਪਹਿਲਾਂ ਵਾਂਗ ਠੱਪ ਰੱਖਣ ਲਈ ਬਜਿੱਦ ਹਨ| ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਖੁਦ ਬਿਆਨ ਦੇ ਚੁਕੇ ਹਨ ਕਿ ਪੰਜਾਬ ਵਿਚ ਕਿਸਾਨਾਂ ਨੇ ਸਿਰਫ ਮਾਲ ਗੱਡੀਆਂ ਨੂੰ  ਲਾਂਘਾ ਦੇਣ ਦਾ  ਐਲਾਨ ਕੀਤਾ ਹੈ ਗਿਆ ਹੈ ਅਤੇ ਸਵਾਰੀ ਗੱਡੀਆਂ ਨੂੰ ਨਹੀਂ| ਇਸ ਨਾਲ ਸਪਸ਼ਟ ਹੋ ਜਾਂਦਾ ਹੈ ਕਿ ਪੰਜਾਬ ਵਿਚ ਸਵਾਰੀ ਅਤੇ ਮਾਲ ਗੱਡੀਆਂ ਦੀ ਆਵਾਜਾਈ ਨੂੰ ਅਜੇ ਕੁਝ ਦਿਨ ਹੋਰ ਸ਼ੁਰੂ ਹੋਣ ਦੀ ਸੰਭਾਵਨਾ ਨਹੀਂ ਹੈ|

Leave a Reply

Your email address will not be published. Required fields are marked *