ਕਾਮਰੇਡਾਂ ਵਲੋਂ ਦੱਪਰ ਵਿਖੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਵਿਰੁੱਧ ਪ੍ਰਦਰਸ਼ਨ

ਡੇਰਾਬੱਸੀ, 27 ਜੂਨ (ਪਵਨ ਰਾਵਤ) ਸੀ.ਪੀ.ਆਈ. ਪੰਜਾਬ ਕੌਂਸਲ ਦੇ ਸੱਦੇ ਤੇ ਅੱਜ ਡੇਰਾਬੱਸੀ ਇਲਾਕੇ ਦੇ ਕਾਮਰੇਡਾਂ ਵਲੋਂ ਦੱਪਰ ਵਿਖੇ ਮੀਟਿੰਗ ਕਰਕੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਵਿਰੁੱਧ ਰੋਹ ਭਰਪੂਰ ਪ੍ਰਦਰਸ਼ਨ ਕੀਤਾ ਗਿਆ|
ਇਸ ਮੌਕੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ. ਬਲਾਕ ਡੇਰਾਬੱਸੀ ਦੇ ਸਕੱਤਰ ਅਵਤਾਰ ਸਿੰਘ ਦੱਪਰ, ਸ੍ਰੀ ਬਲਵਿੰਦਰ ਸਿੰਘ ਜੜੌਤ ਜ਼ਿਲ੍ਹਾ ਸਕੱਤਰ,             ਕਾਮਰੇਡ ਵਿਨੋਦ ਚੁੱਗ,  ਜ਼ਿਲ੍ਹਾ ਕੌਂਸਲ ਮੈਂਬਰ  ਕਾਮਰੇਡ ਜਸਪਾਲ ਸਿੰਘ ਦੱਪਰ, ਕਾਮਰੇਡ  ਭੁਪਿੰਦਰ ਸਿੰਘ ਜੰਡਲੀ, ਕਾਮਰੇਡ ਅਸ਼ਵਨੀ ਮਿਨਹਾਸ ਲਾਲੜੂ, ਸ੍ਰੀ ਜਸਮੇਰ ਸਿੰਘ ਰਾਣਾ ਮਗਰਾ ਨੇ  ਕਿਹਾ ਕਿ ਮੋਦੀ ਅਤੇ ਸੂਬਾ ਸਰਕਾਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਕੇ ਗਰੀਬ ਲੋਕਾਂ ਨੂੰ ਲੁੱਟ ਰਹੀ ਹੈ| 
ਉਹਨਾਂ ਕਿਹਾ ਕਿ ਪਿਛਲੇ 19 ਦਿਨਾਂ ਤੋਂ ਲਗਾਤਾਰ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਹਨ ਅਤੇ ਇਸ ਨਾਲ ਪ੍ਰਾਈਵੇਟ ਕੰਪਨੀਆਂ ਮਾਲੋ-ਮਾਲ ਹੋ ਗਈਆਂ ਹਨ| ਇਸ ਨਾਲ            ਕੇਂਦਰ ਅਤੇ ਸੂਬਾ ਸਰਕਾਰਾਂ ਨੇ ਵੀ ਆਪਣੇ ਖਜਾਨੇ ਭਰ ਲਏ ਹਨ| ਉਹਨਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਦੇ ਕੱਚੇ ਤੇਲ ਦੀਆਂ ਕੀਮਤਾਂ ਬਹੁਤ ਘੱਟ ਹਨ ਪਰ ਫਿਰ ਵੀ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਤੇਲ ਦੀਆਂ ਕੀਮਤਾਂ ਵਿੱਚ ਅਥਾਹ ਵਾਧਾ ਕਰ ਦਿੱਤਾ ਗਿਆ ਹੈ| ਤੇਲ ਦੀਆਂ ਕੀਮਤਾਂ ਦੇ ਵੱਧਣ ਨਾਲ ਸਾਰੇ ਦੇਸ਼ ਵਿੱਚ ਮਹਿੰਗਾਈ ਵੀ ਸਿਖਰਾਂ ਤੇ ਪਹੁੰਚ ਗਈ ਹੈ ਜਦਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਰਕਾਰ ਨੂੰ ਚਾਹੀਦਾ ਤਾਂ ਇਹ ਸੀ ਕਿ ਆਮ ਲੋਕਾਂ ਨੂੰ ਤੇਲ ਸਸਤਾ ਮੁਹੱਈਆ ਕਰਵਾਉਂਦੀ ਪਰ ਸਰਕਾਰ ਨੇ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਲੋਕਾਂ ਉੱਤੇ ਹੋਰ ਆਰਥਿਕ ਬੋਝ ਪਾ ਦਿੱਤਾ ਹੈ| 
ਇਸ ਮੌਕੇ ਆਗੂਆਂ ਨੇ ਮੰਗ ਕੀਤੀ ਹੈ ਕਿ ਤੇਲ ਦੀਆਂ ਕੀਮਤਾਂ ਨੂੰ ਘੱਟ ਕਰਕੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਕੁਝ ਰਾਹਤ ਦਿੱਤੀ ਜਾਵੇ| ਆਗੂਆਂ ਨੇ ਦੱਸਿਆ ਕਿ ਸੀ.ਪੀ.ਆਈ. ਪਾਰਟੀ ਮੁਹਾਲੀ ਅਤੇ  ਹੋਰ ਕਮਿਊਨਿਸਟ ਪਾਰਟੀਆਂ ਵੱਲੋਂ ਮੋਦੀ ਸਰਕਾਰ ਦੀ ਫਾਸੀਵਾਦੀ ਨੀਤੀ, ਮਜਦੂਰਾਂ ਅਤੇ ਕਿਸਾਨਾਂ ਨੂੰ ਉਜਾੜਨ ਵਾਸਤੇ ਹੋ ਰਹੇ ਹਮਲਿਆਂ ਅਤੇ ਤੇਲ ਦੀਆਂ ਕੀਮਤਾਂ ਦੇ ਵਾਧੇ ਵਿਰੁੱਧ ਆਉਣ ਵਾਲੀ 8 ਜੁਲਾਈ ਨੂੰ ਮੁਹਾਲੀ ਵਿਖੇ ਜ਼ਿਲ੍ਹਾ ਪੱਧਰ  ਤੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ|

Leave a Reply

Your email address will not be published. Required fields are marked *