ਕਾਰਪੋਰੇਟ ਘਰਾਣਿਆਂ ਦੀ ਪੰਜਾਬ ਵਿਚ ‘ਐਂਟਰੀ’ ਹੁੰਦਿਆਂ ਹੀ ਪੰਜਾਬ ਦਾ ਕਿਸਾਨ ਹੋ ਜਾਵੇਗਾ ਬਰਬਾਦ : ਆਪ ਆਗੂ


ਚੰਡੀਗੜ੍ਹ, 13 ਅਕਤੂਬਰ (ਸ.ਬ.) ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਦੇ ਹੱਕ ਵਿਚ ਖੜਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਵਿਧਾਇਕ ਅਮਨ ਅਰੋੜਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਨੂੰ ਵਿਧਾਨ ਸਭਾ ਦਾ ਸੈਸ਼ਨ 7 ਦਿਨਾਂ ਵਿਚ ਸੱਦਣ ਜਾਂ ਫਿਰ ਸੀ ਐਮ ਦੀ ਕੋਠੀ ਦਾ ਘਿਰਾਓ ਕਰਨ ਦੇ ਦਿੱਤੇ ਗਏ ਅਲਟੀਮੇਟਮ ਨੂੰ ਡਰਾਮਾ ਕਰਾਰ ਦਿੰਦਿਆਂ ਕਿਹਾ ਹੈ ਕਿ ਪੰਜਾਬ ਨੂੰ ਬਰਬਾਦ ਕਰਨ ਵਾਲੇ ਬਾਦਲ ਅਤੇ ਕੈਪਟਨ ਇੱਕ ਯੋਜਨਾ ਦੇ ਤਹਿਤ ਕਿਸਾਨਾਂ ਸਮੇਤ ਪੰਜਾਬ ਦੇ ਹਰ ਵਰਗ ਨਾਲ ਵੋਟ ਬੈਂਕ ਦੀ ਰਾਜਨੀਤੀ ਕਰ ਰਹੇ ਹਨ|
ਪਾਰਟੀ ਹੈੱਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਵਿੱਚ ਆਪ ਆਗੂਆਂ ਨੇ ਕਿਹਾ ਕਿ ਬਾਦਲ ਪਰਿਵਾਰ ਅਜਿਹੇ ਹੱਥ ਕੰਡੇ ਵਰਤ ਕੇ ਸੂਬੇ ਵਿਚ ਆਪਣੀ ਗੁਆਚ ਚੁੱਕੀ ਸਿਆਸੀ ਜ਼ਮੀਨ ਨੂੰ ਲੱਭ ਰਿਹਾ ਹੈ ਪਰੰਤੂ ਇਹ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ, ਕਿਉਂਕਿ ਪੰਜਾਬ ਦੇ ਕਿਸਾਨਾਂ ਸਮੇਤ ਹਰ ਵਰਗ ਦੇ ਲੋਕ ਬਾਦਲ ਪਰਿਵਾਰ ਦੀਆਂ ਚਾਲਾਂ ਨੂੰ ਭਲੀਭਾਂਤ ਜਾਣੂ ਚੁੱਕੇ ਹਨ| 
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਅਤੇ ਕਾਂਗਰਸ ਨੇ ਕਿਸਾਨਾਂ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਦੇ ਮਕਸਦ ਨਾਲ ਰੈਲੀਆਂ ਕੀਤੀਆਂ, ਸ਼ੰਭੂ ਬਾਰਡਰ ਤੇ ਨਾਅਰੇ ਲਗਵਾ ਕੇ ਡਰਾਮੇਬਾਜ਼ੀ ਕੀਤੀ, ਪਰੰਤੂ ਅਫ਼ਸੋਸ ਅਜਿਹੀਆਂ                   ਡਰਾਮੇਬਾਜ਼ੀਆਂ ਕਰਨ ਦੇ ਬਾਵਜੂਦ ਜਦੋਂ ਪੰਜਾਬ ਦੇ ਕਿਸਾਨਾਂ ਦਾ ਸੰਘਰਸ਼ ਇੱਕਜੁੱਟ ਜਾਰੀ ਹੈ ਤਾਂ ਹੁਣ ਸੁਖਬੀਰ ਅਤੇ ਕੈਪਟਨ ਇੱਕ ਦੂਸਰੇ ਦੇ ਖ਼ਿਲਾਫ਼ ਬਿਆਨਬਾਜ਼ੀ ਕਰਨ ਤੇ ਉਤਰ ਆਏ ਹਨ| ਉਹਨਾਂ ਕਿਹਾ ਕਿ ਮੋਦੀ ਸਰਕਾਰ ਇਨ੍ਹਾਂ ਤਿੰਨ ਮਾਰੂ ਆਰਡੀਨੈਂਸਾਂ ਰਾਹੀਂ ਵੱਡੀਆਂ ਪ੍ਰਾਈਵੇਟ ਕੰਪਨੀਆਂ ਅਤੇ ਅੰਬਾਨੀਆਂ-ਅਡਾਨੀਆਂ ਦਾ ਪੰਜਾਬ-ਹਰਿਆਣਾ ਦੇ ਖੇਤਾਂ ਅਤੇ ਮੰਡੀਆਂ ਤੇ ਕਬਜ਼ਾ ਕਰਾਉਣਾ ਚਾਹੁੰਦੇ ਹਨ| ਜਦ ਕਾਰਪੋਰੇਟ ਘਰਾਨਿਆਂ ਦੀ ਪੰਜਾਬ ਵਿਚ ‘ਐਂਟਰੀ’ ਹੋ ਗਈ ਤਾਂ ਮੱਕੀ, ਗੰਨੇ ਅਤੇ ਦਾਲਾਂ ਵਾਂਗ ਕਣਕ ਅਤੇ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ (ਐਮ ਐਸ ਪੀ) ਨਿਰਾਰਥਕ ਹੋ ਜਾਵੇਗਾ ਅਤੇ ਪੰਜਾਬ ਦੇ ਕਿਸਾਨ ਕੌਡੀਆਂ ਦੇ ਮੁੱਲ ਫ਼ਸਲਾਂ ਵੇਚਣ ਅਤੇ ਭੁਗਤਾਨ ਲਈ ਮਹੀਨੇ ਸਾਲ ਠੋਕਰਾਂ ਖਾਣ ਲਈ ਮਜਬੂਰ ਹੋਣਗੇ|
ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਇੱਕ ਦੂਸਰੇ ਦੇ ਖ਼ਿਲਾਫ਼ ਬਿਆਨਬਾਜ਼ੀ ਕਰਕੇ ਨਰਿੰਦਰ ਮੋਦੀ ਨੂੰ ਬਚਾ ਰਹੇ ਹਨ ਅਤੇ ਦੋਵੇਂ ਪਾਰਟੀਆਂ ਚਾਹੁੰਦੀਆਂ ਹਨ ਕਿ ਇਹ ਕਿਸਾਨ ਵਿਰੋਧੀ ਕਾਲੇ ਕਾਨੂੰਨ ਪੰਜਾਬ ਵਿਚ ਲਾਗੂ ਹੋਣ, ਕਿਉਂਕਿ ਕੈਪਟਨ-ਬਾਦਲ-ਮੋਦੀ ਦੀਆਂ ਤਾਰਾਂ ਕਾਰਪੋਰੇਟ ਘਰਾਣਿਆਂ ਨਾਲ ਜੁੜੀਆਂ ਹੋਇਆ ਹਨ| ਉਹਨਾਂ ਸਵਾਲ ਕੀਤਾ ਕਿ ਸੁਖਬੀਰ ਬਾਦਲ ਅੱਜ ਕਿਹੜੇ ਮੂੰਹ ਨਾਲ ਪੰਜਾਬ ਦੇ ਕਿਸਾਨਾਂ ਵਿਰੋਧੀ ਆਰਡੀਨੈਂਸਾਂ ਦੀ ਹਮਾਇਤ ਕਰ ਰਹੇ ਹਨ|

Leave a Reply

Your email address will not be published. Required fields are marked *