ਕਾਲੇਜਾਂ ਦੀ ਸੰਸਥਾ ਵਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਜਾਂਚ 15 ਦਿਨਾਂ ਵਿਚ ਪੂਰੀ ਕਰਨ ਦੀ ਮੰਗ

ਐਸ.ਏ.ਐਸ.ਨਗਰ, 5 ਸਤੰਬਰ (ਸ.ਬ.) ਪੰਜਾਬ ਸਰਕਾਰ ਦੇ ਐਸ.ਸੀ. ਵਿਦਿਆਰਥੀਆਂ ਦੇ ਸਕਾਲਰਸ਼ਿਪ ਮਾਮਲੇ ਵਿੱਚ ਪੰਜਾਬ ਦੇ 1650 ਕਾਲਜਾਂ ਦੀ ਜੋਇੰਟ ਐਸੋਸੀਏਸ਼ਨ ਆਫ ਕਾਲਜਿਸ (ਜੈਕ) ਨੇ ਸਰਕਾਰ ਨੂੰ ਮਾਮਲੇ ਦੀ ਜਾਂਚ 15 ਦਿਨਾਂ ਵਿੱਚ ਮੁਕੰਮਲ ਕਰਕੇ ਸਥਿਤੀ ਸਪਸ਼ੱਟ ਕਰਨ ਦਾ ਅਲਟੀਮੇਟਮ ਦਿੱਤਾ ਹੈ| ਐਸੋਸੀਏਸ਼ਨ ਦੇ ਪ੍ਰਧਾਨ ਸ੍ਰ.  ਜਗਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੁਦ ਹੀ ਐਸ.ਸੀ. ਸਕਾਲਰਸ਼ਿਪ ਮਾਮਲੇ ਵਿੱਚ ਸੈਸ਼ਨ 2017 ਤੋਂ ਲਗਾਤਾਰ ਘਪਲਿਆਂ ਦੇ ਬਿਆਨ ਦੇਣਾ ਅਤੇ ਵਾਰ-ਵਾਰ ਆਡਿਟ ਅਤੇ ਜਾਂਚ ਬਹਾਨੇ ਵਿਦਿਆਰਥੀਆਂ ਦੀ ਸਕਾਲਰਸ਼ਿਪ ਨੂੰ ਰੋਕ ਕੇ ਰੱਖਣਾ ਸਰਕਾਰ ਦੀ ਨੀਤੀ ਬਣ ਚੁੱਕੀ ਹੈ ਅਤੇ ਸਰਕਾਰ ਘਪਲਿਆਂ ਵਰਗੇ ਭੰਬਲਭੂਸੇ ਪੈਦਾ ਕਰਕੇ ਐਸ.ਸੀ. ਵਿਦਿਆਰਥੀਆਂ ਦੀ ਸਕਾਲਰਸ਼ਿਪ ਜਾਰੀ ਨਹੀਂ ਕਰਨਾ ਚਾਹੁੰਦੀ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ|
ਜੈਕ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਐਸ.ਸੀ. ਸਕਾਲਰਸ਼ਿਪ ਜਾਰੀ ਕਰਨ ਲਈ ਸਰਕਾਰ ਵਲੋਂ ਅਨੇਕਾਂ ਆਡਿਟ ਕਰਵਾਏ ਜਾ ਚੁੱਕੇ ਹਨ ਅਤੇ ਸਰਕਾਰ ਇਸ ਸੰਬੰਧੀ ਜਾਂਚ 15 ਦਿਨਾਂ ਵਿੱਚ ਮੁਕੰਮਲ ਕਰ ਕੇ ਵਿਦਿਆਰਥੀਆਂ ਦਾ ਤਿੰਨ ਸਾਲਾਂ ਤੋਂ ਲਟਕਦਾ 1850 ਕਰੋੜ ਰੁਪਏ ਦਾ ਬਕਾਇਆ ਪੀਐਮਐਸ ਤੁਰੰਤ ਜਾਰੀ ਕਰੇ| ਜੈਕ ਦੇ ਜਨਰਲ ਸਕੱਤਰ ਐਸ.ਐਸ. ਚੱਠਾ ਨੇ ਕਿਹਾ ਕਿ 2016-17 ਤੱਕ ਇਹ ਸਕਾਲਰਸ਼ਿਪ ਸਕੀਮ ਲਈ 100 ਫੀਸਦੀ ਪੈਸਾ ਜਾਰੀ ਕਰਨਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਸੀ ਪ੍ਰੰਤੂ ਸੈਸ਼ਨ 2017-18, 2018-19, 2019-20 ਦੇ ਪੜ੍ਹ ਚੁੱਕੇ ਵਿਦਿਆਰਥੀਆਂ ਦੀ ਸਕਾਲਰਸ਼ਿਪ ਦੀ ਜ਼ਿੰਮੇਵਾਰੀ ਨਾ ਕੇਂਦਰ ਸਰਕਾਰ ਅਤੇ ਨਾ ਹੀ ਪੰਜਾਬ ਸਰਕਾਰ ਲੈ ਰਹੀ ਹੈ ਅਤੇ ਨਾ ਹੀ ਸੈਸ਼ਨ 2020-21 ਲਈ ਸਰਕਾਰ ਨੇ ਕੋਈ ਨੀਤੀ ਸਪੱਸ਼ਟ ਕੀਤੀ ਹੈ ਜਿਸ ਕਰਕੇ ਲੱਖਾਂ ਐਸ.ਸੀ. ਵਿਦਿਆਰਥੀਆਂ ਅਤੇ ਵਿਦਿਅਕ ਸੰਸਥਾਵਾਂ ਦਾ ਭਵਿੱਖ ਦਾਅ ਤੇ ਲੱਗਾ ਹੋਇਆ ਹੈ| 
ਇਸ ਮੌਕੇ ਜੈਕ ਦੇ ਮੁੱਖ ਸਰਪ੍ਰਸਤ ਸਤਨਾਮ ਸਿੰਘ ਸੰਧੂ ਤੋਂ ਇਲਾਵਾ ਸਰਪ੍ਰਸਤ ਚਰਨਜੀਤ ਸਿੰਘ ਵਾਲੀਆ, ਮਨਜੀਤ ਸਿੰਘ ਕੌ ਚੇਅਰਮੈਨ, ਡਾ. ਅੰਸ਼ੂ ਕਟਾਰੀਆ ਸੀਨੀਅਰ ਮੀਤ ਪ੍ਰਧਾਨ, ਨਿਰਮਲ ਸਿੰਘ ਵਿੱਤ ਸਕੱਤਰ, ਸਿਮਾਂਸ਼ੂ ਗੁਪਤਾ ਸਕੱਤਰ, ਰਜਿੰਦਰ ਸਿੰਘ ਧਨੌਆ ਨੇ ਵੀ ਸੰਬੋਧਨ ਕੀਤਾ| ਇਸ ਮੌਕੇ ਮੀਤ ਪ੍ਰਧਾਨ ਜਸਨੀਕ ਸਿੰਘ ਕੱਕੜ, ਸਤਵਿੰਦਰ ਸਿੰਘ ਸੰਧੂ ਅਤੇ ਵਿਪਨ ਸ਼ਰਮਾ ਵੀ ਮੌਜੂਦ ਸਨ|

Leave a Reply

Your email address will not be published. Required fields are marked *