ਕਾਹਲੋਂ ਵੱਲੋਂ ਮਿਡਲ ਸਕੂਲਾਂ ਵਿੱਚ ਪੀ.ਟੀ.ਆਈ ਅਧਿਆਪਕਾਂ ਦੀਆਂ ਅਸਾਮੀਆਂ ਖਤਮ ਕਰਨ ਦੀ ਨਿਖੇਧੀ

ਐਸ. ਏ. ਐਸ ਨਗਰ, 31 ਅਗਸਤ (ਸ.ਬ.) ਉਸਾਰੂ ਖੇਡ ਨੀਤੀ ਬਣਾਉਣ ਦੇ ਦਮਗਜੇ ਮਾਰਨ ਵਾਲੀ ਕਾਂਗਰਸ ਸਰਕਾਰ ਨੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਦਿਆਂ ਮਿਡਲ ਸਕੂਲਾਂ ਵਿੱਚੋਂ ਪੀ.ਟੀ. ਆਈ ਅਧਿਆਪਕਾਂ ਦੀਆਂ ਅਸਾਮੀਆਂ ਖਤਮ ਕਰਨ ਦਾ ਨਾਦਰਸ਼ਾਹੀ ਫਰਮਾਨ ਜਾਰੀ ਕੀਤੇ ਹਨ ਜਿਹੜੇ ਪੂਰੀ ਤਰ੍ਹਾਂ ਨਿਖੇਧੀਯੋਗ ਹਨ| ਇਹ ਵਿਚਾਰ ਸ਼੍ਰੋ. ਅਕਾਲੀ ਦਲ ਮੁਹਾਲੀ (ਸ਼ਹਿਰੀ) ਦੇ ਸਾਬਕਾ ਪ੍ਰਧਾਨ ਅਤੇ ਮਿਉਂਸਪਲ ਕੌਂਸਲਰ ਮੁਹਾਲੀ ਸ੍ਰ. ਪਰਮਜੀਤ ਸਿੰਘ ਕਾਹਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ|
ਉਹਨਾਂ ਕਿਹਾ ਕਿ ਬੱਚਿਆਂ ਦੀ ਵਧੀਆਂ ਸਿਹਤ ਅਤੇ ਖੇਡਾਂ ਦੀ ਚੇਟਕ ਲਗਾਉਣ ਅਤੇ ਵਧੀਆਂ ਟ੍ਰੇਨਿੰਗ ਮਿਡਲ ਸਕੂਲ ਤੋਂ ਹੀ ਸ਼ੁਰੂ ਹੁੰਦੀ ਹੈ ਜਿਸ ਨਾਲ ਬੱਚਿਆਂ ਵਿੱਚ ਵਧੀਆਂ ਖਿਡਾਰੀ ਬਣਨ ਦੀ ਰੂਚੀ ਅਤੇ ਸਮਰਥਾ ਉਤਪਨ ਹੁੰਦੀ ਹੈ| ਉਸਨਾਂ ਕਿਹਾ ਕਿ ਮੁਹਾਲੀ ਜਿਲ੍ਹੇ ਦੇ ਬਹੁਤ ਸਾਰੇ ਮਿਡਲ ਸਕੂਲਾਂ ਦੇ ਬੱਚੇ ਨੈਸ਼ਨਲ ਪੱਧਰ ਤੇ ਪੁਜੀਸ਼ਨਾਂ ਲੈ ਕੇ ਆਉਂਦੇ ਹਨ| ਜੇਕਰ ਪੀ.ਟੀ. ਆਈਜ਼ ਦੀਆਂ ਅਸਾਮੀਆਂ ਖਤਮ ਕਰ ਦਿੱਤੀਆਂ ਤਾਂ ਅਸੀਂ ਵਧੀਆਂ ਖਿਡਾਰੀ ਪੈਦਾ ਹੋਣ ਦੀ ਆਸ ਕਿਵੇਂ ਕਰ ਸਕਦੇ ਹਾਂ| ਉਹਨਾਂ ਕਿਹਾ ਕਿ ਏਸ਼ੀਅਨ ਖੇਡਾਂ ਅਤੇ ਉਲਪਿੰਕ ਖੇਡਾਂ ਵਿੱਚ ਉਹਨਾਂ ਦੇਸ਼ਾਂ ਦੇ ਖਿਡਾਰੀ ਹੀ ਮੱਲਾ ਮਾਰ ਰਹੇ ਹਨ ਜਿਨ੍ਹਾਂ ਨੂੰ ਬਚਪਨ ਤੋਂ ਖੇਡਾਂ ਦੀ ਟ੍ਰੇਨਿੰਗ ਮਿਲਦੀ ਹੈ|
ਉਹਨਾ ਕਿਹਾ ਕਿ ਹਰਿਆਣਾ ਪੰਜਾਬ ਤੋਂ ਖੇਡਾਂ ਵਿੱਚ ਕਿਤੇ ਅੱਗੇ ਲੰਘ ਚੁੱਕਿਆ ਹੈ| ਜਦੋਂਕਿ ਪੰਜਾਬ ਸਰਕਾਰ ਪਿਛਲੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਵੱਲੋਂ ਪੰਜਾਬ ਅੰਦਰ ਖੇਡ ਕੰਪਲੈਕਸ ਬਣਾ ਕੇ ਅਤੇ ਪੀ. ਟੀ. ਆਈ ਦੀਆਂ ਅਸਾਮੀਆਂ ਸਕੂਲਾਂ ਵਿੱਚ ਭਰਕੇ ਛੋਟੀ ਉਮਰ ਤੋਂ ਬੱਚਿਆਂ ਨੂੰ ਖਿਡਾਰੀ ਬਣਾਉਣ ਦੇ ਉਪਰਾਲਿਆਂ ਨੂੰ ਵੀ ਢਾਹ ਲਾਈ ਹੈ| ਅੱਜ ਸਪੋਰਟਸ ਕੰਪਲੈਕਸ ਦਾ ਵੀ ਮਾੜਾ ਹਾਲ ਹੈ| ਖੇਡ ਮੈਦਾਨਾਂ ਦੀ ਬਦਹਾਲੀ ਸਭ ਦੇ ਸਾਹਮਣੇ ਹੈ| ਉਹਨਾਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ, ਖੇਡ ਮੰਤਰੀ ਅਤੇ ਸਿਖਿਆ ਮੰਤਰੀ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਬੱਚਿਆਂ ਦੇ ਭਵਿੱਖ ਨੂੰ ਉਜਵਲ ਬਣਾਉਣ ਲਈ ਖੇਡ ਨੀਤੀ ਅਤੇ ਸਿਖਿਆ ਨੀਤੀ ਦੀ ਤੁਰੰਤ ਸਮੀਖਿਆ ਕਰਕੇ ਭਵਿੱਖ ਮੁੱਖੀ ਬਣਾਇਆ ਜਾਵੇ| ਇਸ ਮੌਕੇ ਸ੍ਰ. ਕਾਹਲੋਂ ਦੇ ਨਾਲ ਪੰਜਾਬੀ ਵਿਰਸਾ ਸੁਸਾਇਟੀ ਦੇ ਪ੍ਰਧਾਨ ਕੌਂਸਲਰ ਸ੍ਰ. ਸਤਵੀਰ ਸਿੰਘ ਧਨੋਆ ਸ੍ਰੀ. ਹਰਮਿੰਦਰ ਸਿੰਘ ਵੀ ਹਾਜਿਰ ਸਨ|

Leave a Reply

Your email address will not be published. Required fields are marked *