ਕਿਉਂ ਜਰੂਰੀ ਹੈ ਮਾਂ ਬੋਲੀ ਦੀ ਕਦਰ ਕਰਨਾ?


ਬੋਲੀ ਕੇਵਲ ਸੰਚਾਰ ਦਾ ਸਾਧਨ ਹੀ ਨਹੀਂ ਹੁੰਦੀ ਬਲਕਿ ਮਨੁੱਖ ਦੀ ਹੋਂਦ ਨਾਲ ਜੁੜੀ ਹੁੰਦੀ ਹੈ| ਇਤਿਹਾਸ ਵਿੱਚ ਭਾਸ਼ਾ ਦੀ ਖੋਜ ਇੱਕ ਅਜਿਹੀ ਖੋਜ ਹੈ ਜੇ ਇਹ ਨਾ ਹੁੰਦੀ ਤਾਂ ਅੱਜ ਮਨੁੱਖ ਨਾ ਤਾਂ ਤਰੱਕੀ ਦੀਆਂ ਬੁਲੰਦੀਆਂ ਛੋਹ ਸਕਦਾ ਸੀ ਤੇ ਨਾ ਹੀ ਪਸ਼ੂਆਂ ਨਾਲੋਂ ਵੱਖਰਾ ਜੀਵਨ ਵਿੱਚ ਸਫ਼ਲ ਹੁੰਦਾ| ਹਰ ਇੱਕ ਵਰਗ ਦੀ ਆਪਣੀ ਆਪਣੀ ਬੋਲੀ ਹੁੰਦੀ ਹੈ| ਇਸੇ ਤਰ੍ਹਾਂ ਜੇਕਰ ਮਨੁੱਖ ਕੋਈ ਫਤਿਹ ਹਾਸਿਲ ਕਰਕੇ ਆਪਣੀ ਬੋਲੀ ਵਿੱਚ ਖੁਸ਼ੀ ਦਾ ਇਜਹਾਰ ਕਰਦਾ ਹੈ, ਆਪਣੀ  ਬੋਲੀ  ਵਿੱਚ ਹੀ ਦੁੱਖ ਵੇਲੇ ਅਰਦਾਸਾਂ ਕਰਦਾ ਹੈ| ਪ੍ਰਿੰਸੀਪਲ ਤੇਜਾ ਸਿੰਘ ਵਰਗੇ ਵਿਦਵਾਨ  ਜਿੰਨੇ ਪੰਜਾਬੀ ਦੇ ਮਾਹਰ ਸਨ, ਉਨੇ ਹੀ ਅੰਗਰੇਜ਼ੀ ਦੇ ਵੀ ਸਨ| ਉਹ ਪੰਜਾਬੀ ਮਾਂ ਬੋਲੀ ਦੀ ਸਿਫਤ ਕਰਦਿਆਂ ਲਿਖਦੇ ਹਨ  ਕਿ ”ਹਰ ਬੋਲੀ ਦੀ ਆਪਣੀ ਆਤਮਾ ਹੁੰਦੀ ਹੈ, ਆਪੋ ਆਪਣੀ ਤਬੀਅਤ ਹੁੰਦੀ ਹੈ| ਇਸ ਆਤਮਾ ਦੇ ਅਨੂਕੂਲ ਉਸਦੇ ਆਲੇ ਦੁਆਲੇ ਵਿੱਚੋਂ ਉਸ ਦਾ ਸਰੀਰ ਉਸਰਦਾ ਹੈ| ਉਹ ਆਤਮਾ ਤੇ ਤਬੀਅਤ ਉਸ ਕੌਮ ਦੇ ਆਚਰਣ ਦੇ ਅਨੂਕੂਲ ਹੁੰਦੀ ਹੈ| ਇਹ ਆਮ ਪੰਜਾਬੀਆਂ ਵਾਂਗ ਸਾਦੋਕ ਮੁਰਾਦੀ ਹੀ ਹੈ| ਇਸ ਵਿੱਚ ਨਾ ਪੰਡਿਤਾਂ ਵਾਲੀ ਪੰਡਤਾਈ ਹੈ ਤੇ ਨਾ ਹੀ ਸ਼ੁਕੀਨ ਬੇਮੁਹਾਰੇ ਲੋਕਾਂ ਵਾਲੇ ਹਾਵੀ ਭਾਵ ਆਏ ਹਨ| ”
ਏਨੀ ਸ਼ਿਫਤੀ ਬੋਲੀ ਹੋਣ ਦੇ ਬਾਵਜੂਦ ਅੱਜ ਪੰਜਾਬੀ ਮਾਂ ਬੋਲੀ ਤੇ ਅਨੇਕਾਂ ਖਤਰੇ ਮੰਡਰਾ ਰਹੇ ਹਨ| ਅੱਜ ਸਾਡੀ ਪੰਜਾਬੀ ਮਾਂ ਬੋਲੀ ਆਪਣੇ ਹੀ ਖਿੱਤੇ ਵਿੱਚ ਬੇਗਾਨੀ ਕੀਤੀ ਜਾ ਰਹੀ ਹੈ| ਕਿਸੇ ਵੀ ਬੱਚੇ ਕੋਲੋਂ ਸਿੱਖਿਆ ਪ੍ਰਾਪਤੀ ਲਈ ਉਸ ਕੋਲੋਂ ਉਸਦੀ ਮਾਂ ਬੋਲੀ ਖੋਹਣਾ ਘੋਰ ਗੁਨਾਹ ਹੈ ਅਤੇ ਬੇਇਨਸਾਫ਼ੀ ਹੈ| ਭਾਸ਼ਾ ਵਿਗਿਆਨੀਆਂ ਦੁਆਰਾ ਇਹ ਗੱਲ ਦ੍ਰਿੜ ਕਰਵਾਈ ਗਈ ਹੈ ਕਿ ਜੇਕਰ ਬੱਚਿਆਂ ਨੂੰ ਮਾਂ ਬੋਲੀ ਤੋਂ ਦੂਰ ਕੀਤਾ ਜਾਂਦਾ ਹੈ ਤਾਂ ਬੱਚਾ ਆਪਣੀ ਲਿਆਕਤ ਅਤੇ ਚੱਜ ਅਚਾਰਾ ਵਿੱਚ ਪਛੜ ਜਾਂਦਾ ਹੈ| ਕੁਦਰਤੀ ਤੌਰ ਤੇ ਬੁੱਧੀ ਦਾ ਜੋ ਵਿਕਾਸ ਮਾਂ ਬੋਲੀ ਰਾਹੀ ਹੋਣਾ ਹੁੰਦਾ ਹੈ, ਉਹ ਰੁਕ ਜਾਂਦਾ ਹੈ| ਸਕੂਲ ਜਾਂ ਸਿੱਖਿਆ ਅਦਾਰੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਨਾਲ ਜੋੜਨ ਵਿੱਚ ਬਹੁਤ ਵੱਡਾ ਯੋਗਦਾਨ ਪਾ ਸਕਦੇ ਹਨ| ਪਰ ਹੋ ਇਸਦੇ ਉਲਟ ਰਿਹਾ ਹੈ, ਪੰਜਾਬੀ ਮਾਂ ਬੋਲੀ ਨਾਲ ਜੋੜਨਾ ਤਾਂ ਦੂਰ ਦੀ ਗੱਲ, ਜੇਕਰ ਕੋਈ ਵਿਦਿਆਰਥੀ ਪੰਜਾਬੀ ਬੋਲਦਾ ਵੀ ਹੈ ਤਾਂ ਉਸ ਉੱਤੇ ਜੁਰਮਾਨਾ ਠੋਕ ਦਿੱਤਾ ਜਾਂਦਾ ਹੈ| ਅਕਸਰ                 ਵੇਖਿਆ ਜਾਂਦਾ ਹੈ ਕਿ ਮਾਪੇ ਬੜੇ ਹੁੱਬ ਕੇ ਦੱਸ ਰਹੇ ਹੁੰਦੇ ਹਨ ਕਿ ਸਾਡਾ ਬੱਚਾ ਜਿਹੜੇ ਸਕੂਲੇ ਪੜਦਾ, ਉੱਥੇ ਤਾਂ ਅੰਗਰੇਜ਼ੀ ਈ ਬੋਲਦੇ ਨੇ| ਮੈਂ ਕਈ ਵਾਰ ਉਨ੍ਹਾਂ ਲੋਕਾਂ ਦੀ ਮਾਨਸਿਕਤਾ ਉੱਤੇ ਹੱਸਦੀ ਹਾਂ ਕਿ ਅਸੀਂ ਤੁਰੇ ਕਿੱਧਰ ਨੂੰ ਜਾ ਰਹੇ ਹਾਂ, ਕੋਈ ਸਾਡੇ ਕੋਲ ਸਾਡੀ ਪਹਿਚਾਣ ਖੋਹ ਰਿਹਾ ਹੈ ਤੇ ਅਸੀ ਇਸਨੂੰ ਬਹੁਤ ਹੀ ਮਾਣ ਵਾਲੀ ਗੱਲ ਦੱਸ ਰਹੇ ਹਾਂ| ਭਾਸ਼ਾ ਕੋਈ ਵੀ ਮਾੜੀ ਨਹੀਂ ਹੁੰਦੀ| ਹਰ ਭਾਸ਼ਾ ਦਾ ਆਪਣਾ ਇੱਕ ਸਥਾਨ ਤੇ ਸਨਮਾਨ ਹੈ| ਕੋਈ ਵੀ ਭਾਸ਼ਾ ਜਦੋਂ ਦੂਸਰੀ ਭਾਸ਼ਾ ਦੀ ਜਗ੍ਹਾ ਲੈਣ ਦਾ ਯਤਨ ਕਰਦੀ ਹੈ ਤਾਂ ਉਸਦਾ ਸਿੱਧਾ ਪ੍ਰਭਾਵ ਉਸ ਦੇਸ਼ ਦੀ ਵਿਰਾਸਤ ਤੇ ਪੈਂਦਾ ਹੈ|
ਅਸਲ ਵਿੱਚ ਭਾਸ਼ਾ, ਸੱਭਿਆਚਾਰ, ਆਲਾ -ਦੁਆਲਾ,  ਸ਼ਨਾਖਤ, ਗਿਆਨ ਤੇ ਤਜਰਬਾ ਇੱਕ ਦੂਜੇ ਨਾਲ ਏਨੀ ਨਜ਼ਦੀਕੀ ਤੋਂ ਜੁੜੇ ਹੁੰਦੇ ਹਨ ਕਿ  ਇਹਨਾਂ ਨੂੰ ਖੰਡ ਖੰਡ ਕਰਨਾ ਮੁਸ਼ਕਲ ਹੈ| ਇਹਨਾਂ ਸਾਰਿਆਂ ਨਾਲ ਹੀ ਸ਼ਖਸੀਅਤ ਉਸਰਦੀ ਹੈ ਜੋ ਅੱਗੇ ਜਾ ਕੇ ਸੱਭਿਆਚਾਰ ਦੀ ਹੋਂਦ ਸਥਾਪਿਤ ਕਰਦੀ ਹੈ| ਪੰਜਾਬੀ ਗੁਰੂਆਂ ਪੀਰਾਂ ਦੀ ਭਾਸ਼ਾ ਹੈ| ਦੁਨੀਆਂ ਦੀ ਸਭ ਤੋਂ ਪੁਰਾਣੀ ਅਤੇ ਇਤਹਾਸਿਕ ਭਾਸ਼ਾ ਦਾ ਮਾਣ ਵੀ ਮਾਂ ਬੋਲੀ ਪੰਜਾਬੀ ਦੀ ਝੋਲੀ  ਵਿੱਚ ਪਇਆ ਹੈ| ਸਾਨੂੰ ਸਾਰਿਆਂ ਨੂੰ ਇਹ ਗੱਲ ਸਮਝਣੀ  ਪਵੇਗੀ ਕਿ ਪੰਜਾਬੀ ਮਾਂ ਬੋਲੀ ਸਾਡਾ ਮਾਣ ਹੈ, ਸਾਡੇ ਦੁੱਖਾਂ ਸੁੱਖਾਂ ਦੀ ਹਮਰਾਹ  ਹੈ| ਇਸ ਤੋਂ ਮੂੰਹ ਮੋੜਨ ਵਾਲਿਆਂ ਨੂੰ ਕਿਤੇ ਢੋਈ ਨਹੀਂ ਮਿਲਣੀ| ਜਿਹੜੀਆਂ ਮਾਵਾਂ ਪਰਾਈ ਬੋਲੀ ਦੇ ਸਾਏ ਵਿੱਚ ਆਪਣੇ ਬੱਚਿਆਂ ਨੂੰ ਪਾਲਣਾ ਚਾਹੁੰਦੀਆਂ ਹਨ , ਉਹ ਆਪਣੇ ਬੱਚਿਆਂ ਵਿੱਚ ਵਿਰਸੇ ਪ੍ਰਤੀ ਸਤਿਕਾਰ ਨਾ ਹੋਣ ਦੀਆਂ ਆਪ ਜਿੰਮੇਵਾਰ ਹੋਣਗੀਆਂ| ਮੈਨੂੰ ਨਹੀਂ ਲੱਗਦਾ ਕਿ ਜੋ ਬੱਚੇ ਆਪਣੇ ਸੱਭਿਆਚਾਰ, ਇਤਹਾਸ ਤੋਂ ਦੂਰ ਹੁੰਦੇ ਹਨ, ਇੱਕ ਸੱਭਿਅਕ ਇਨਸਾਨ ਹੋ ਨਿਬੜਦੇ ਹਨ| ਅਵੇਸਲੇਪਨ ਵਿੱਚ ਬਥੇਰਾ ਸਮਾਂ ਬੀਤ ਗਿਆ ਹੈ, ਦਰਿਆ ਸੁੱਕ ਚੱਲੇ ਹਨ, ਹਵਾਵਾਂ, ਮਿੱਟੀ, ਰੁੱਖ, ਸਬਜੀਆਂ, ਫਲ, ਪਾਣੀ ਸਭ ਜਹਿਰੀਲੇ ਹੋ ਗਏ ਹਨ, ਇਹ ਸਭ ਤਾਂ ਹੀ ਬਚਣਗੇ, ਜੇ ਸਾਡਾ ਮੂਲ ਬਚਿਆਂ ਹੋਵੇਗਾ| ਸਾਡਾ ਮੂਲ ਸਾਡੀ ਮਾਂ ਬੋਲੀ ਪੰਜਾਬੀ ਹੈ| ਜਰੂਰਤ ਹੈ ਪੰਜਾਬੀ ਮਾਂ ਬੋਲੀ ਨੂੰ ਰਾਣੀ ਮਾਂ ਬੋਲੀ ਹੋਣ ਦਾ ਮਾਣ ਦੇਣ ਦੀ| ਵੱਧ ਤੋਂ ਵੱਧ ਮਾਂ ਬੋਲੀ ਪੰਜਾਬੀ ਦਾ ਪ੍ਰਚਾਰ ਕਰਨ ਦੀ ਤਾਂ ਜੋ ਅਸੀਂ ਫਖਰ ਨਾਲ ਕਹਿ ਸਕੀਏ ਕਿ ਸਾਨੂੰ ਮਾਣ ਹੈ ਪੰਜਾਬੀ ਹੋਣ ਤੇ ਅਤੇ ਪੰਜਾਬੀ ਮਾਂ ਬੋਲੀ ਤੇ|
ਹਰਕੀਰਤ ਕੌਰ ਸਭਰਾ
9779118066

Leave a Reply

Your email address will not be published. Required fields are marked *