ਕਿਉਂ ਪੱਛੜ ਰਹੇ ਹਨ ਸਾਡੇ ਵਿਦਿਆਰਥੀ

ਸਕੂਲਾਂ ਦਾ ਰਿਜਲਟ ਆਉਂਦਿਆਂ ਹੀ ਸਾਰੇ ਪਾਸੇ ਚਰਚਾ ਸ਼ੁਰੂ ਹੋ ਗਈ ਹੈ| ਵੱਡੇ ਪੱਧਰ ਤੇ ਵਿਦਿਆਰਥੀਆਂ ਦਾ ਫੇਲ ਹੋ ਜਾਣਾ, ਕਿਸੇ ਇਕ ਜਾਂ ਸਾਰੇ ਵਿਸ਼ਿਆਂ ਵਿੱਚ ਅਸਫਲ ਹੋ ਜਾਣਾ ਜਿੱਥੇ ਮਾਂ-ਪਿਉ ਦੀ ਆਸਾਂ ਦਾ ਖੂਨ ਕਰਦਾ ਹੈ ਉੱਥੇ ਸਾਡੇ ਵਿਦਿਅਕ ਢਾਂਚੇ ਪ੍ਰਤੀ ਕਈ ਸਵਾਲ ਵੀ ਖੜੇ ਕਰਦਾ ਹੈ| ਕੋਈ ਇਸ ਅਸਫਲਤਾ ਲਈ ਅਧਿਆਪਕਾਂ ਨੂੰ ਜਿੰਮੇਵਾਰ ਮੰਨ ਕੇ ਕੋਸਦਾ ਹੈ ਤੇ ਕੋਈ ਵਿਦਿਅਕ ਸਕੀਮਾਂ ਨੂੰ| ਕਸੂਰ ਕਿਸੇ ਦਾ ਵੀ ਹੋਵੇ ਗੱਲ ਤਾਂ ਮਾੜੀ ਹੈ-ਚਰਚਾ ਬੜੇ ਦਿਨ  ਚੱਲੇਗੀ-ਇਕ ਦੂਜੇ ਨੂੰ ਜਿੰਮੇਵਾਰ ਠਹਿਰਾਇਆ ਜਾਵੇਗਾ-ਇਲਜਾਮ ਲਗੱਣਗੇ-ਸੁਧਾਰ ਕਰਨ ਦੀ ਗੱਲ  ਹੋਵੇਗੀ| ਪਰ ਫਿਰ ਸਾਰਾ ਕੁਝ ਉੱਥੇ ਦਾ ਉੱਥੇ ਹੀ ਰਹਿ ਜਾਵੇਗਾ| ਕੁਝ ਦਿਨਾਂ ਮਗਰੋਂ ਸਭ ਕੁੱਝ ਪਹਿਲਾਂ ਵ੍ਹਾਂਗ           ਚਲੇਗਾ ਤੇ ਅਗਲੇ ਰਿਜਲਟ ਆਉਣ ਤੱਕ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਕਾਇਮ ਰਹੇਗੀ| ਸੋਚਣ ਦੀ ਲੋੜ ਹੈ ਕਿ ਕਿਉਂ ਸਾਡੇ ਅੱਜ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਪੱਛੜ ਰਹੇ ਹਨ  ਕਮੀ ਕਿੱਥੇ ਰਹਿ ਗਈ ਹੈ ਕੀ ਵਿਦਿਆਰਥੀ ਵਰਗ ਖੁਦ ਇਸ ਤਬਾਹੀ ਅਤੇ ਗਿਰਾਵਟ ਲਈ ਜਿੰਮੇਵਾਰ ਹੈ|
ਜੀ ਹਾਂ ਇਕ ਵਿਦਿਆਰਥੀ ਜਦੋਂ ਪੜਾਈ ਪੱਖੋ ਪਿੱਛੜ ਜਾਂਦਾ ਹੈ ਤਾਂ ਉਸ ਦੇ ਕਈ ਕਾਰਨ ਹੁੰਦੇ ਹਨ| ਸਾਡੇ ਕਈ ਵਿਦਿਆਰਥੀਆਂ ਦੀ ਨੀਂਹ ਕੱਚੀ ਹੈ| ਪੰਜਾਬ ਦੇ ਸਕੂਲਾਂ ਵਿੱਚ ਛੇਂਵੀ ਜਮਾਤ ਵਿੱਚ ਆਏ ਕੁੱਝ ਵਿਦਿਆਰਥੀਆਂ ਨੂੰ ਪੰਜਾਬੀ ਲਿਖਣੀ ਅਤੇ ਪੜਨੀ ਤਕ  ਨਹੀਂ ਆਉਂਦੀ ਜਦੋਂ ਪੰਜਾਬੀ ਹੀ ਨਹੀਂ ਆਉਂਦੀ, ਪਹਾੜੇ ਨਹੀਂ ਆਉਂਦੇ, ਜਮ੍ਹਾਂ-ਘਟਾਉ ਨਹੀਂ ਆਉਂਦੇ, ਅੰਗ੍ਰੇਜੀ ਦੀ ਂ,ਨ,ਙ ਦਾ ਅੱਖਰ ਜੋੜ ਨਹੀਂ ਆਉਂਦਾ ਤਾਂ ਉਹ ਅੱਗੇ ਕੀ ਪੜ ਸਕਦਾ ਹੈ ਸਾਡੀਆਂ ਨਵੀਂ ਵਿਦਿਅਕ ਸਕੀਮਾਂ ਨੇ ਅੱਠਵੀਂ ਤੱਕ ਵਿਦਿਆਰਥੀ ਨੂੰ ਪਾਸ ਕਰਨ ਅਤੇ ਪੜਾਉਣ ਦਾ ਟੀਚਾ ਤਾਂ ਮਿੱਥ ਲਿਆ ਹੈ, ਪਰ ਇਹ ਨਹੀਂ ਸੋਚਿਆ ਕਿ ਇਸਦਾ ਵਿਦਿਆਰਥੀ ਦੀ ਮਾਨਸਿਕਤਾ ਤੇ ਕੀ ਅਸਰ ਪਵੇਗਾ| ਅੱਗੇ ਜਾ ਕੇ ਉਸ ਨੂੰ ਕੁਝ ਸਮਝ ਨਹੀਂ ਆਵੇਗਾ| ਉਹ ਦੂਸਰੇ ਵਿਦਿਆਰਥੀਆਂ ਦੇ ਮੂੰਹ ਵੱਲ ਵੇਖਦਾ ਹੈ, ਪ੍ਰੇਸ਼ਾਨ ਹੁੰਦਾ ਹੈ, ਅਧਿਆਪਕਾਂ ਦੀਆਂ ਝਿੜਕਾਂ ਖਾਂਦਾ ਹੈ ਤੇ ਆਪਣੀ ਮਾਨਸਿਕਤਾ ਤੇ ਕਾਬੂ ਪਾਉਣ ਲਈ ਸ਼ਰਾਰਤੀ, ਅਵੇਸਲਾ ਅਤੇ ਨਲਾਇਕ ਆਦਿ ਸ਼ਬਦ ਸੁਣ ਕੇ ਜਮਾਤ ਵਿੱਚ ਬੈਠਣ ਲਈ ਮਜਬੂਰ ਹੋ ਜਾਂਦਾ ਹੈ|
ਪਹਿਲਾਂ ਅਧਿਆਪਕਾਂ ਨੂੰ ਗੁਰੂ ਮੰਨ ਕੇ ਸੋਚਿਆ ਜਾਂਦਾ ਸੀ ਕਿ ਜਿਸ ਨੂੰ ਅਧਿਆਪਕਾਂ ਤੋਂ ਜਿੰਨੀਆਂ ਝਿੜਕਾਂ ਅਤੇ ਮਾਰ ਪਈ ਹੈ ਉਹ ਜੀਵਨ ਵਿੱਚ ਉਨ੍ਹਾਂ ਸਫਲ ਹੋਇਆ ਹੈ| ਪਰ ਹੁਣ ਨਾ ਤਾਂ ਅਧਿਆਪਕ ਮਾਂ ਬਣ ਕੇ ਬੱਚੇ ਦੀ ਕਮੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਨਾ ਹੀ ਅੱਜ ਦੇ ਇਸ ਗੁਰੂ ਨੂੰ ਮਾਰਨ ਜਾਂ ਝਿੜਕਨ ਦੀ ਆਗਿਆ ਹੈ, ਕਿਉਂਕੀ ਅਜਿਹਾ ਕਰਨਾ ਤਾਂ ਅਖਬਾਰਾਂ ਦੀਆਂ ਸੁਰਖੀਆਂ ਬਣ ਜਾਂਦਾ ਹੈ| ਅੱਜ ਦੇ ਮਾਪੇ ਅਤੇ ਅਧਿਆਪਕ ਬੱਚਿਆਂ ਤੋਂ ਡਰਦੇ ਹਨ| ਕਿਉਂਕੀ ਅੱਜ ਦਾ ਬੱਚਾ ਮਾਰ ਖਾ ਕੇ ਸੁਧਰਣ ਦੀ ਬਜਾਏ ਆਤਮ-ਹੱਤਿਆ ਕਰਨ ਵੱਲ ਦੌੜਦਾ ਹੈ ਕਿਉਂਕੀ ਉਹ ਮਾਨਸਿਕ ਅਤੇ ਆਤਮਿਕ ਪੱਖੋ ਕਮਜ਼ੋਰ ਹੈ|
ਅਧਿਆਪਕ ਨਾਲ ਬੱਚੇ ਦਾ ਇਕ ਰੂਹ ਦਾ ਰਿਸ਼ਤਾ ਹੁੰਦਾ ਹੈ|  ਜੇਕਰ ਅਧਿਆਪਕ ਹਾਰ ਨਾ ਮੰਨੇ, ਵਿਸ਼ੇ ਨੂੰ ਪਿਆਰ ਅਤੇ ਸਬਰ ਨਾਲ ਪੜਾਵੇ, ਵਿਦਿਆਰਥੀ ਦੀ ਕਮਜ਼ੋਰੀ ਜਾਂ ਨਲਾਇਕੀ ਦਾ ਮਜ਼ਾਕ ਉੜਾਉਣ ਦੀ ਬਜਾਏ ਉਸ ਦੇ ਹਰੇਕ ਛੋਟੇ ਤੋਂ ਛੋਟੇ ਕੰਮ ਤੇ ਹਲਾਸ਼ੇਰੀ ਦੇਵੇ, ਉਸ ਨੂੰ ਉਤਸ਼ਾਹਿਤ ਕਰੇ ਤਾਂ ਸ਼ਾਇਦ ਉਹ ਜਿੰਦਗੀ ਦੀ ਦੌੜ ਵਿੱਚ ਖੜਾ ਹੋ ਸਕਦਾ| ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਸਾਡੇ ਬਹੁਤੇ ਵਿਦਿਆਰਥੀਆਂ ਦੇ ਮਾਪੇ ਪਿਛੜੇ ਹੋਏ ਹਨ, ਘਰਾਂ ਦੇ ਹਾਲਾਤ ਮਾੜੇ ਹਨ, ਘਰ ਵਿੱਚ ਗਰੀਬੀ ਅਤੇ ਅਨਪੜਤਾ ਹੈ, ਅਜਿਹੇ ਹਾਲਾਤਾਂ ਵਿੱਚ ਉਹਨਾਂ ਵਿਦਿਆਰਥੀਆਂ ਅੰਦਰ ਇਕ ਜੋਸ਼, ਜੀਵਨ ਨੂੰ ਜਿਉਣ ਅਤੇ ਕੁਝ ਕਰ ਵਿਖਾਉਣ ਦੀ ਉਮੀਦ ਭਰਨਾ ਅਧਿਆਪਕ ਦਾ ਮੁੱਖ ਫਰਜ਼ ਹੈ| ਸਾਰੇ ਵਿਦਿਆਰਥੀ ਭਾਵੇਂ ਡਾਕਟਰ, ਅਧਿਆਪਕ ਜਾਂ ਵਕੀਲ ਤਾਂ ਨਹੀਂ ਬਣ ਸਕਦੇ ਪਰ ਉਹ ਜਮਾਤ ਵਿੱਚ ਖੁਸ਼ੀ ਨਾਲ ਬਿਨ੍ਹਾਂ ਦਿਮਾਗੀ ਬੋਝ ਤੋਂ ਆਰਾਮ ਨਾਲ ਬੈਠ ਕੇ ਪੜ ਜਰੂਰ ਸਕਦੇ ਹਨ|
ਅੱਜ ਲੋੜ ਹੈ ਵਿਦਿਆਰਥੀਆਂ ਦੇ ਮਨਾਂ ਨੂੰ ਸਮਝਣ ਦੀ, ਉਹਨਾਂ ਨੂੰ ਠੀਕ ਰਾਹ ਪਾਉਣ ਦੀ, ਨੈਤਿਕ ਗੁਣਾਂ ਦਾ ਵਿਕਾਸ ਕਰਨ ਦੀ| ਉਹਨਾਂ ਨੂੰ ਜੀਵਨ ਵਿੱਚ ਵਿਦਿਆ ਅਤੇ ਗਿਆਨ ਦਾ ਮਹੱਤਵ ਸਮਝਾਉਣ ਦੀ ਤਾਂ ਜੋ ਉਹ ਪੜਾਈ ਨਾਲ ਜੁੜ ਸਕਣ| ਘਰਾਂ ਵਿੱਚ ਮਾਪੇ, ਵੱਡੇ ਭੈਣ-ਭਰਾ ਸਕੂਲ ਵਿੱਚ ਅਧਿਆਪਕ ਮੋਬਾਈਲਾਂ ਦੀ ਦੂਰਵਰਤੋਂ ਨਾ ਕਰਦੇ ਨਜ਼ਰ ਆਉਣ, ਸਾਡਾ ਵਿਦਿਅਕ ਢਾਂਚਾ ਰਜਿਸਟਰਾਂ ਅਤੇ ਡਾਕਾਂ ਦੀ ਡਰਾਮੇਬਾਜ਼ੀ ਨੂੰ ਬੰਦ ਕਰਕੇ ਅਧਿਆਪਕ ਨੂੰ ਆਪਣੇ ਯਤਨਾਂ ਅਤੇ ਆਪਣੇ ਤਰੀਕੇ ਨਾਲ ਕੰਮ ਕਰਨ  ਦੇਵੇ, ਅਧਿਆਪਕ ਲਈ ਰਿਜ਼ਲਟ ਬੋਝ ਜਾਂ ਦਿਖਾਵਾ ਨਾ ਹੋਕੇ ਆਪਣੇ ਅਤੇ ਵਿਦਿਆਰਥੀ ਦੀ ਸਫਲਤਾ ਨੂੰ ਮਾਪਣ ਦਾ ਮਾਪਦੰਡ     ਹੋਵੇ, ਪ੍ਰਸ਼ਨ ਪੱਤਰਾਂ ਦੇ ਢੰਗਾਂ ਵਿੱਚ ਤਬਦੀਲੀ ਹੋਵੇ| ਪੇਪਰ ਅੰਕਾਂ ਲਈ ਨਹੀਂ ਸਗੋਂ ਗਿਆਨ ਦੀ ਪਰਖ ਕਰਨ ਲਈ ਹੋਵੇ, ਵਿੱਦਿਆ ਡਿਗਰੀਆਂ ਦੀ ਨਹੀਂ ਗਿਆਨ ਦੀ ਭੁੱਖੀ ਹੋਵੇ ਤਾਂ ਸ਼ਾਇਦ ਸਾਡੇ ਪਿੱਛੜ ਰਹੇ ਵਿਦਿਆਰਥੀ ਇਕ ਵਾਰ ਫਿਰ ਇਸ ਗਿਆਨ ਦੀ ਗੰਗਾਂ ਨਾਲ ਜੁੜ ਸਕਦੇ ਹਨ| ਇਸ ਲਈ ਮੇਰੀ ਬੇਨਤੀ ਮਾਪਿਆਂ, ਅਧਿਆਪਕਾਂ, ਵਿਦਿਅਕ ਆਗੂਆਂ ਅਤੇ ਵਿਦਿਆਰਥੀਆਂ ਅੱਗੇ ਹੈ ਕਿ ਉਹ ਵਿੱਦਿਆ ਨੂੰ ਵਿਖਾਵਾ ਬਣਾਉਣ ਦੀ ਬਜਾਏ ਇਸ ਦੇ ਮੂਲ ਭਾਵ ਨੂੰ ਸਮਝਣ ਅਤੇ ਵਿੱਦਿਆ ਤੀਜਾ ਨੇਤਰ ਦੇ ਸਹੀ ਅਰਥ ਨੂੰ ਪਹਿਚਾਨਣ|
ਹਰਮਿੰਦਰ ਕੌਰ, ਲੈਕਚਰਾਰ,
ਮੋਬਾ ਨੰ:9501024722

Leave a Reply

Your email address will not be published. Required fields are marked *