ਕਿਊਬਿਕ ਦੇ ਮਸਜਿਦ ਵਿੱਚ ਕਤਲੇਆਮ ਮਚਾਉਣ ਵਾਲੇ ਹਮਲਾਵਰ ਦੀ ਪਹਿਚਾਣ ਹੋਈ, ਕਤਲ ਦੇ 6 ਦੋਸ਼ ਲਗਾਏ

ਕਿਊਬਿਕ ਸਿਟੀ, 31 ਜਨਵਰੀ (ਸ.ਬ.) ਕੈਨੇਡਾ ਦੀ ਕਿਊਬਿਕ ਸਿਟੀ ਦੀ ਇਕ ਮਸਜਿਦ ਵਿਚ ਗੋਲੀਆਂ ਚਲਾ ਕੇ 6 ਲੋਕਾਂ ਦੀ ਜਾਨ ਲੈਣ ਅਤੇ 19 ਨੂੰ ਜ਼ਖਮੀ ਕਰਨ ਵਾਲੇ ਹਮਲਾਵਰ ਦੀ ਪਛਾਣ 27 ਸਾਲਾ ਅਲੈਗਜੈਂਡਰੇ ਬਿਸੌਨੇਟੇ ਦੇ ਤੌਰ ਤੇ ਹੋਈ ਹੈ| ਉਸ ਦੇ ਖਿਲਾਫ ਪਹਿਲੀ ਡਿਗਰੀ ਦੇ ਕਤਲਾਂ ਦੇ ਛੇ ਦੋਸ਼ ਅਤੇ ਕਤਲ ਦੀ ਕੋਸ਼ਿਸ਼ ਦੇ ਪੰਜ ਦੋਸ਼ ਲਗਾਏ ਗਏ ਹਨ| ਇਹ ਦੋਸ਼ੀ ਲਵਾਲ ਯੂਨੀਵਰਸਿਟੀ ਦਾ ਵਿਦਿਆਰਥੀ ਸੀ|  ਪੁਲੀਸ ਇਸ ਵਿਅਕਤੀ ਨੂੰ ਹੀ ਇਸ ਹਮਲੇ ਦਾ ਕਥਿਤ ਦੋਸ਼ੀ ਮੰਨ ਰਹੀ ਹੈ, ਜਦੋਂ ਕਿ ਹਿਰਾਸਤ ਵਿਚ ਲਏ ਗਏ ਦੂਜੇ ਵਿਅਕਤੀ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਮੌਕੇ ਦਾ ਗਵਾਹ ਸੀ|
ਜ਼ਿਕਰਯੋਗ ਹੈ ਬੀਤੇ ਦਿਨੀਂ ਮਸਜਿਦ ਵਿਚ ਨਮਾਜ਼ ਕਰ ਰਹੇ ਲੋਕਾਂ ਤੇ ਇਸ ਸ਼ੱਕੀ ਵਿਅਕਤੀ ਨੇ ਗੋਲੀਬਾਰੀ ਕਰ ਦਿੱਤੀ ਸੀ| ਇਸ ਹਮਲੇ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ‘ਅੱਤਵਾਦੀ ਹਮਲਾ’ ਕਰਾਰ ਦਿੱਤਾ ਹੈ ਅਤੇ ਇਸ ਦੀ ਸਖਤ ਸ਼ਬਦਾਂ ਵਿਚ ਆਲੋਚਨਾ ਕੀਤੀ ਹੈ| ਯੂਨੀਵਰਸਿਟੀ ਆਫ ਕਿਊਬਿਕ ਹਸਪਤਾਲ ਸੈਂਟਰ ਦੀ ਬੁਲਾਰਾ ਨੇ ਕਿਹਾ ਕਿ ਘਟਨਾ ਦੇ ਸਮੇਂ ਮਸਜਿਦ ਵਿਚ 50 ਤੋਂ ਵਧੇਰੇ ਲੋਕ ਮੌਜੂਦ ਸਨ| ਹਮਲੇ ਵਿਚ ਮਾਰੇ ਗਏ ਲੋਕਾਂ ਦੀ ਉਮਰ 39 ਤੋਂ 60 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ|
ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਪੀੜਤਾਂ ਨੂੰ ਉਨ੍ਹਾਂ ਦੇ ਧਰਮ ਦੇ ਕਰਕੇ ਸ਼ਿਕਾਰ ਬਣਾਇਆ ਗਿਆ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਕੈਨੇਡਾ ਵਿਚ ਰਹਿ ਰਹੇ 10 ਲੱਖ ਤੋਂ ਵਧੇਰੇ ਮੁਸਲਮਾਨਾਂ ਦੇ ਨਾਲ ਹਨ| ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਇਨ੍ਹਾਂ ਲੋਕਾਂ ਦਾ ਦਿਲ ਹੀ ਨਹੀਂ ਸਗੋਂ 3 ਕਰੋੜ 60 ਲੱਖ ਲੋਕਾਂ ਦੇ ਦਿਲ ਤੋੜੇ ਹਨ| ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ| ਫਿਲਹਾਲ ਹਮਲੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ| ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੋਨ ਕਰਕੇ ਪ੍ਰਧਾਨ ਮੰਤਰੀ ਟਰੂਡੋ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਇਸ ਮਾਮਲੇ ਵਿਚ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਦੀ     ਪੇਸ਼ਕਸ਼ ਕੀਤੀ|

Leave a Reply

Your email address will not be published. Required fields are marked *