ਕਿਥੇ ਲੈ ਕੇ ਜਾਏਗਾ ਮੌਤ ਦੀ ਸੈਲਫੀ ਲੈਣ ਦਾ ਜਨੂਨ

ਮੋਬਾਈਲ ਰਾਹੀਂ ਸੈਲਫੀ ਲੈਣ ਦਾ ਜਨੂੰਨ ਦੁਨੀਆ ਭਰ ਵਿੱਚ ਫੈਲਿਆ ਹੋJਆ ਹੈ ਅਤੇ ਹੁਣ ਇਹ ਸੈਲਫੀ ਲੈਣ ਵਾਲਿਆਂ ਦੀ ਮੌਤ ਦਾ ਕਾਰਨ ਵੀ ਬਣ ਗਿਆ ਹੈ| ਪਿਛਲੇ ਸਾਲਾਂ ਦੌਰਾਨ ਮੋਬਾਈਲ ਕੈਮਰੇ ਦੇ ਰਾਹੀਂ ਸੈਲਫੀ ਭਾਵ ਆਪਣੀ ਹੀ ਤਸਵੀਰ ਖੁਦ ਖਿੱਚਣ ਸਮੇਂ ਮੌਤ ਹੋਣ ਦੀਆਂ ਕਾਫੀ ਖਬਰਾਂ ਸਾਮ੍ਹਣੇ ਆ ਚੁੱਕੀਆਂ ਹਨ ਪਰ ਇਸਦੇ ਬਾਵਜੂਦ ਖਤਰਨਾਕ ਢੰਗ ਨਾਲ ਸੈਲਫੀ ਲੈਣ ਦਾ ਰੁਝਾਨ ਵੱਧਦਾ ਹੀ ਜਾ ਰਿਹਾ ਹੈ|
ਇਸਦਾ ਕੀ ਅਰਥ ਕੱਢਿਆ ਜਾਵੇ ਕਿ ਜਾਂ ਤਾਂ ਲੋਕ ਹੁਣ ਅਜਿਹੀਆਂ ਘਟਨਾਵਾਂ ਤੋਂ ਕੋਈ ਸਬਕ ਨਹੀਂ ਸਿੱਖਦੇ ਅਤੇ ਜਾਂ ਫਿਰ ਲੋਕਾਂ ਦੇ ਦਿਲ ਵਿਚੋਂ ਮੌਤ ਦਾ ਡਰ ਨਿਕਲ ਗਿਆ ਹੈ ਅਤੇ ਆਪਣੀ ਹੀ ਫੋਟੋ ਖਿੱਚਣ ਦੇ ਜਨੂਨ ਵਿੱਚ ਉਹ ਖੁਦ ਨੂੰ ਮੌਤ ਦੇ ਮੂਹ ਵਿੱਚ ਪਾ ਦਿੰਦੇ ਹਨ| ਅਖਬਾਰਾਂ ਵਿੱਚ ਅਕਸਰ ਅਜਿਹੀਆਂ ਖਬਰਾਂ ਛਪਦੀਆਂ ਹਨ ਕਿ ਨਦੀ, ਨਹਿਰ ਕਿਨਾਰੇ ਸੈਲਫੀ ਲੈਂਦਿਆਂ ਕਿਸੇ ਨੌਜਵਾਨ ਲੜਕੇ ਜਾਂ ਲੜਕੀ ਦਾ ਪੈਰ ਫਿਸਲ ਗਿਆ ਤੇ ਉਹ ਡੁੱਬ ਕੇ ਮਰ ਗਏ| ਇਸੇ ਤਰ੍ਹਾਂ ਹੀ ਕਈ ਵਿਅਕਤੀ ਤੇਜ ਰਫਤਾਰ ਰੇਲ ਗੱਡੀ ਨਾਲ ਸੈਲਫੀ ਲੈਂਦੇ ਹਨ ਜੋ ਅਕਸਰ ਜਾਨਲੇਵਾ ਹੋ ਜਾਂਦੀ ਹੈ|
ਅਜਿਹੀਆਂ ਮੌਤਾਂ ਇਸ ਲਈ ਵੀ ਵੱਧ ਦੁਖਦਾਇਕ ਹੁੰਦੀਆਂ ਹਨ, ਕਿਉਂਕਿ ਇਹ ਸਿਰਫ ਆਪਣੇ ਸੌਂਕ ਨੂੰ ਪੂਰਾ ਕਰਨ ਵਾਸਤੇ ਹੀ ਹੁੰਦੀਆਂ ਹਨ| ਜਿਹੜੀਆਂ ਅਸਲ ਵਿੱਚ ਲਾਪਰਵਾਹੀ ਦਾ ਨਤੀਜਾ ਹੁੰਦੀਆਂ ਹਨ| ਇਹ ਠੀਕ ਹੈ ਕਿ ਜਿੰਦਗੀ ਵਿੱਚ ਮੰਨੋਰੰਜਨ ਅਤੇ ਨਵੇਂਪਣ ਨੂੰ ਮਾਨਸਿਕ ਸਿਹਤ ਲਈ ਜਰੂਰੀ ਸਮਝਿਆ ਜਾਂਦਾ ਹੈ| ਪਰ ਇਸ ਤਰ੍ਹਾਂ ਦੀਆਂ ਗਤੀਵਿਧੀਆ ਜੇ ਜਾਨਲੇਵਾ ਸੌਂਕ ਵਿੱਚ ਹੀ ਤਬਦੀਲ ਹੋ ਜਾਣ ਤਾਂ ਅਜਿਹੀਆਂ ਗਤੀਵਿਧੀਆਂ ਤੋਂ ਦੂਰ ਰਹਿਣ ਵਿੱਚ ਹੀ ਭਲਾਈ ਹੈ|
ਸਿਹਤ ਮਾਹਿਰ ਕਹਿੰਦੇ ਹਨ ਕਿ ਸੈਲਫੀ ਲੈਣਾ ਵੀ ਇਕ ਬਿਮਾਰੀ (ਆਬਸੈਸਿਵ ਕੰਪਲਸਿਵ ਡਿਸਆਰਡਰ) ਹੈ| ਕਈ ਵਿਅਕਤੀ ਖੁਦ ਵੀ ਇਹ ਮਹਿਸੂਸ ਕਰਦੇ ਹਨ ਕਿ ਉਹਨਾਂ ਦੇ ਅੰਦਰ ਇਹ ਬਿਮਾਰੀ ਪੈਦਾ ਹੋ ਗਈ ਹੈ ਅਤੇ ਉਹ ਇਸਦਾ ਇਲਾਜ ਕਰਵਾਉਣ ਲਈ ਹਸਪਤਾਲਾਂ ਵਿੱਚ ਵੀ ਪਹੁੰਚ ਰਹੇ ਹਨ| ਸਿਹਤ ਮਾਹਿਰਾਂ ਅਨੁਸਾਰ ਸੈਲਫੀਸਾਈਟਸ ਇਕ ਅਜਿਹੀ ਸਥਿਤੀ ਹੁੰਦੀ ਹੈ ਜਿਸ ਵਿੱਚ ਵਿਅਕਤੀ ਸੈਲਫੀ ਖਿੱਚ ਕੇ ਸੋਸ਼ਲ ਮੀਡੀਆ ਉਪਰ ਜਿੰਨੀ ਦੇਰ ਤਕ ਪੋਸਟ ਨਹੀਂ ਕਰਦਾ ਉਨੀ ਦੇਰ ਉਸ ਨੂੰ ਬੇਚੈਨੀ ਹੁੰਦੀ ਰਹਿੰਦੀ ਹੈ| ਅਸਲ ਵਿੱਚ ਇਸ ਆਦਤ ਜਾਂ ਬਿਮਾਰੀ ਦੇ ਸ਼ਿਕਾਰ ਵਿਅਕਤੀ ਸਮਾਜਿਕ ਤੌਰ ਤੇ ਤਾਂ ਠੀਕ ਦਿਖਾਈ ਦਿੰਦੇ ਹਨ ਪਰ ਮਾਨਸਿਕ ਤੌਰ ਤੇ ਉਹ ਕਮਜੋਰ ਹੋ ਚੁੱਕੇ ਹੁੰਦੇ ਹਨ ਅਤੇ ਉਹਨਾਂ ਵਿੱਚ ਆਤਮ ਵਿਸਵਾਸ ਦੀ ਘਾਟ ਵੀ ਆ ਜਾਂਦੀ ਹੈ|
ਦੋ ਸਾਲ ਪਹਿਲਾਂ ਮੀ, ਮਾਈ ਸੈਲਫ ਐਂਡ ਮਾਫੀ ਕਿਲਫੀ : ਕੈਰਾਕਰਟਰਾਇਜਿੰਗ ਐਂਡ ਪ੍ਰੀਵੈਂਟਿੰਗ ਸੈਲਫੀ ਡੈਥਸ ਨਾਮ ਦੇ ਇੱਕ ਅਧਿਐਨ ਵਿੱਚ ਕਿਹਾ ਗਿਆ ਸੀ ਕਿ ਦੁਨੀਆ ਭਰ ਵਿੱਚ ਸੈਲਫੀ ਲੈਣ ਦੌਰਾਨ ਹੋਣ ਵਾਲੀਆਂ ਮੌਤਾਂ ਵਿਚੋਂ 60 ਫੀਸਦੀ ਸਿਰਫ ਭਾਰਤ ਵਿੱਚ ਹੀ ਹੁੰਦੀਆਂ ਹਨ| ਸੈਲਫੀ ਲੈਣ ਦੀ ਆਦਤ ਹੁਣ ਬਿਮਾਰੀ ਅਤੇ ਸਮੱਸਿਆ ਬਣ ਚੁਕੀ ਹੈ, ਜਿਸ ਦਾ ਸਹੀ ਹਲ ਅਜੇ ਤਕ ਨਜ਼ਰ ਨਹੀਂ ਆ ਰਿਹਾ|
ਅਕਸਰ ਹੀ ਅਸੀਂ ਦੇਖਦੇ ਹਾਂ ਕਿ ਕਈ ਲੜਕੀਆਂ ਵਿੰਗੇ ਟੇਡੇ ਜਿਹੇ ਮੂੰਹ ਬਣਾ ਕੇ ਸੈਲਫੀ ਲੈ ਕੇ ਆਪਣੀ ਤਸਵੀਰ ਆਪਣੇ ਦੋਸਤਾਂ ਨੂੰ ਭੇਜਦੀਆਂ ਹਨ| ਸੈਲਫੀ ਦੀ ਬਿਮਾਰੀ ਦਾ ਸ਼ਿਕਾਰ ਵਿਅਕਤੀ ਇਹ ਵੀ ਨਹੀਂ ਸੋਚ ਸਕਦਾ ਕਿ ਉਸ ਵਲੋਂ ਆਪਣੇ ਸੌਂਕ ਖਾਤਰ ਵੱਖ ਵੱਖ ਥਾਂਵਾਂ ਉਪਰ ਖਤਰਨਾਕ ਢੰਗ ਨਾਲ ਲਈਆਂ ਜਾ ਰਹੀਆਂ ਸੈਲਫੀਆਂ ਉਸਦੀ ਮੌਤ ਦਾ ਕਾਰਨ ਵੀ ਬਣ ਸਕਦੀਆਂ ਹਨ| ਵੱਖ ਵੱਖ ਮੋਬਾਈਲ ਕੰਪਨੀਆਂ ਵੀ ਆਪਣੇ ਫੋਨਾਂ ਨੂੰ ਵੇਚਣ ਲਈ ਅਕਸਰ ਹੀ ਇਹ ਦਾਅਵਾ ਕਰਦੀਆਂ ਹਨ ਕਿ ਉਹਨਾਂ ਦੇ ਨਵੇਂ ਫੋਨ ਨਾਲ ਸੈਲਫੀ ਬਹੁਤ ਵਧੀਆ ਲਈ ਜਾਂਦੀ ਹੈ ਅਤੇ ਇਸ ਕਾਰਨ ਵੀ ਸੈਲਫੀ ਲੈਣ ਦਾ ਰੁਝਾਨ ਖਤਰਨਾਕ ਢੰਗ ਨਾਲ ਵੱਧ ਰਿਹਾ ਹੈ|
ਹੁਣ ਤਾਂ ਲੋਕ ਕਿਸੇ ਹਾਦਸੇ ਸਮੇਂ ਵੀ ਮ੍ਰਿਤਕਾਂ ਅਤੇ ਜਖਮੀਆਂ ਨਾਲ ਸੈਲਫੀਆਂ ਲੈਣ ਲੱਗ ਜਾਂਦੇ ਹਨ ਜੋ ਕਿ ਖਤਰਨਾਕ ਰੁਝਾਨ ਹੈ| ਚਾਹੀਦਾ ਤਾਂ ਇਹ ਹੈ ਕਿ ਲੋਕਾਂ ਵਿੱਚ ਖਤਰਨਾਕ ਢੰਗ ਨਾਲ ਵੱਧ ਰਹੇ ਸੈਲਫੀ ਲੈਣ ਦੇ ਰੁਝਾਨ ਨੂੰ ਰੋਕਿਆ ਜਾਵੇ| ਇਸ ਲਈ ਆਮ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ, ਤਾਂ ਕਿ ਸੈਲਫੀ ਦੌਰਾਨ ਹੁੰਦੀਆਂ ਮੌਤਾਂ ਦੀ ਦਰ ਘਟਾਈ ਜਾ ਸਕੇ|

Leave a Reply

Your email address will not be published. Required fields are marked *