ਕਿਮ ਜੋਂਗ ਦਾ ਚੀਨ ਦੌਰਾ ਦੋਵਾਂ ਦੇਸ਼ਾਂ ਲਈ ਮਹੱਤਵਪੂਰਨ ਜਿਨਪਿੰਗ

ਬੀਜਿੰਗ, 28 ਮਾਰਚ (ਸ.ਬ.) ਚੀਨ ਨੇ ਆਖਿਰਕਾਰ ਚੁੱਪੀ ਤੋੜਦਿਆਂ ਬੁੱਧਵਾਰ ਨੂੰ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਦੇ ਚੀਨ ਦੌਰੇ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਉਨ੍ਹਾਂ ਦੀ ਮੁਲਾਕਾਤ ਦੀ ਪੁਸ਼ਟੀ ਕੀਤੀ| ਚੀਨ ਦੇ ਇਕ ਸਮਾਚਾਰ ਏਜੰਸੀ ਮੁਤਾਬਕ ਕਿਮ ਐਤਵਾਰ ਤੋਂ ਬੁੱਧਵਾਰ ਤੱਕ 4 ਦਿਨ ਦੇ ਗੈਰ ਅਧਿਕਾਰਿਕ ਦੌਰੇ ਤੇ ਬੀਜਿੰਗ ਪਹੁੰਚੇ ਹਨ| ਰਿਪੋਰਟ ਮੁਤਾਬਕ ਕਿਮ ਸਰਹੱਦ ਪਾਰ ਤੋਂ ਆਉਣ ਵਾਲੀ ਇਕ ਵਿਸ਼ੇਸ਼ ਟਰੇਨ ਵਿਚ ਬੈਠ ਕੇ ਚੀਨ ਪਹੁੰਚੇ| ਉਨ੍ਹਾਂ ਦੀ ਵਾਪਸੀ ਵੀ ਇਸੇ ਟ੍ਰੇਨ ਤੋਂ ਹੋਵੇਗੀ| ਬਹੁਤ ਗੁਪਤ ਰੱਖੇ ਗਏ ਇਸ ਦੌਰੇ ਤੇ ਸ਼ੀ ਨੇ ਬੀਜਿੰਗ ਸਥਿਤ ‘ਗ੍ਰੇਟ ਹਾਲ ਆਫ ਦੀ ਪੀਪਲਜ਼’ ਵਿਚ ਕਿਮ ਨਾਲ ਮੁਲਾਕਾਤ ਕੀਤੀ| ਰਿਪੋਰਟ ਮੁਤਾਬਕ ਸ਼ੀ ਅਤੇ ਉਸ ਦੀ ਪਤਨੀ ਪੇਂਗ ਲੀਯੁਆਨ ਨੇ ਕਿਮ ਅਤੇ ਉਸ ਦੀ ਪਤਨੀ ਰੀ ਸੋਲ-ਜੂ ਦਾ ਸਵਾਗਤ ਗੁਲਦਸਤਾ ਦੇ ਕੇ ਕੀਤਾ| ਉਨ੍ਹਾਂ ਨੇ ਇਕੱਠਿਆਂ ਕਲਾਤਮਕ ਪੇਸ਼ਕਾਰੀ ਦੇਖੀ| ਪ੍ਰਧਾਨ ਮੰਤਰੀ ਲੀਕਵਿੰਗ, ਉਪ ਰਾਸ਼ਟਰਪਤੀ ਵਾਂਗ ਕਿਸ਼ਾਨ ਅਤੇ ਸੱਤਾਧਾਰੀ ਕਮਿਊਨਿਸਟ ਪਾਰਟੀ ਆਫ ਚਾਈਨਾ ਦੇ ਹੋਰ ਸੀਨੀਅਰ ਨੇਤਾ ਵੀ ਇਸ ਦੌਰਾਨ ਮੌਜੂਦ ਰਹੇ|
ਗੱਲਬਾਤ ਦੌਰਾਨ ਸ਼ੀ ਨੇ ਕਿਮ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਦੁਬਾਰਾ ਸੀ. ਪੀ. ਸੀ. ਦੇ ਮਹਾ ਸਕੱਤਰ, ਫੌਜ ਮੁਖੀ ਅਤੇ ਰਾਸ਼ਟਰਪਤੀ ਦੇ ਤੌਰ ਤੇ 5 ਸਾਲ ਦਾ ਦੂਜਾ ਕਾਰਜਕਾਲ ਸ਼ੁਰੂ ਕੀਤੇ ਜਾਣ ਦੇ ਦਿੱਤੇ ਉਨ੍ਹਾਂ ਦੇ ਸ਼ੁੱਭ ਕਾਮਨਾ ਸੰਦੇਸ਼ ਦੀ ਪ੍ਰਸ਼ੰਸਾ ਕੀਤੀ| ਸ਼ੀ ਨੇ ਕਿਹਾ ਕਿ ਕਿਮ ਦਾ ਚੀਨ ਦੌਰਾ ਇਕ ਖਾਸ ਸਮੇਂ ਤੇ ਹੋ ਰਿਹਾ ਹੈ ਅਤੇ ਇਸ ਦਾ ਬਹੁਤ ਜ਼ਿਆਦਾ ਮਹੱਤਵ ਹੈ| ਉਨ੍ਹਾਂ ਕਿਮ ਨੂੰ ਕਿਹਾ ਕਿ ਅਸੀਂ ਇਸ ਨੂੰ ਇਕ ਬਹੁਤ ਪ੍ਰਭਾਵਸ਼ਾਲੀ ਬੈਠਕ ਦੇ ਤੌਰ ਤੇ ਦੇਖ ਕਰਹੇ ਹਾਂ| ਕਿਮ ਨੇ ਕਿਹਾ ਕਿ ਚੀਨ ਵਿਚ ਹਾਲ ਵਿਚ ਹੀ ਲਗਾਤਾਰ ਕਈ ਵੱਡੀਆਂ ਅਤੇ ਮਹੱਤਵਪੂਰਣ ਘਟਨਾਵਾਂ ਹੋਈਆਂ ਹਨ ਅਤੇ ਨਾਲ ਹੀ ਉਨ੍ਹਾਂ ਨੇ ਸ਼ੀ ਦੇ ਦੂਜੀ ਵਾਰੀ ਚੁਣੇ ਜਾਣ ਦਾ ਵੀ ਜ਼ਿਕਰ ਕੀਤਾ| ਕਿਮ ਦਾ ਇਹ ਪਹਿਲਾ ਵਿਦੇਸ਼ ਦੌਰਾ ਹੈ| ਇਹ ਦੌਰਾ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਨਿਰਧਾਰਿਤ ਸ਼ਿਖਰ ਸੰਮੇਲਨ ਤੋਂ ਠੀਕ ਪਹਿਲਾਂ ਹੋਇਆ ਹੈ|
ਕਿਮ ਨਾਲ ਗੱਲਬਾਤ ਦੌਰਾਨ ਸ਼ੀ ਨੇ ਕਿਹਾ ਚੀਨ ਅਤੇ ਡੈਮੋਕ੍ਰੈਟਿਕ ਪੀਪਲਜ਼ ਰੀਪਬਲਿਕ ਆਫ ਕੋਰੀਆ (ਡੀ. ਪੀ. ਆਰ. ਕੇ.) ਵਿਚਕਾਰ ‘ਰਵਾਇਤੀ ਦੋਸਤੀ’ ਸੀ| ਜਿਸ ਨੇ ਦੋਹਾਂ ਪੱਖਾਂ ਨੂੰ ‘ਕੀਮਤੀ ਸੰਪੱਤੀ’ ਦਿੱਤੀ| ਡੀ. ਪੀ. ਆਰ. ਕੇ. ਉਤਰੀ ਕੋਰੀਆ ਦਾ ਅਧਿਕਾਰਿਕ ਨਾਮ ਹੈ| ਕਿਮ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਦੋਸਤੀ ਨੂੰ ਅੱੱਗੇ ਵਧਾਉਂਦੇ ਹੋਏ ਇਸ ਨੂੰ ਵਿਕਸਿਤ ਕਰਨਾ ਚਾਹੀਦਾ ਹੈ| ਉਨ੍ਹਾਂ ਨੇ ਸ਼ੀ ਦੇ ਹਵਾਲੇ ਨਾਲ ਕਿਹਾ ਕਿ ਇਹ ਇਕ ਰਣਨੀਤਕ ਵਿਕਲਪ ਹੈ ਅਤੇ ਇਤਿਹਾਸ ਅਤੇ ਭਵਿੱਖ, ਅੰਤਰਰਾਸ਼ਟਰੀ ਅਤੇ ਖੇਤਰੀ ਢਾਂਚੇ ਅਤੇ ਚੀਨੀ-ਡੀ. ਪੀ. ਆਰ. ਕੇ. ਸੰਬੰਧਾਂ ਦੀ ਸਧਾਰਨ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਦੋਵੇਂ ਪੱਖ ਵੱਲੋਂ ਲਿਆ ਗਿਆ ਇਹ ਇਕੋ-ਇਕ ਸਹੀ ਫੈਸਲਾ ਹੈ| ਦੋਹਾਂ ਪੱਖਾਂ ਨੇ ਇਕ-ਦੂਜੇ ਨੂੰ ਆਪਣੀ-ਆਪਣੀ ਘਰੇਲੂ ਸਥਿਤੀ ਦੇ ਬਾਰੇ ਵਿਚ ਜਾਣਕਾਰੀ ਦਿੱਤੀ| ਕਿਮ ਜੋਂਗ ਨੇ ਬੈਠਕ ਵਿਚ ਪੂਰੇ ਕੋਰੀਆਈ ਪ੍ਰਾਇਦੀਪ ਨੂੰ ਪਰਮਾਣੂ ਹਥਿਆਰਾਂ ਤੋਂ ਮੁਕਤ ਕਰਨ ਦਾ ਵਾਅਦਾ ਕੀਤਾ ਹੈ|

Leave a Reply

Your email address will not be published. Required fields are marked *