ਕਿਮ ਜੋਂਗ ਦੇ ਚਿਹਰੇ ਤੇ ਮਲਿਆ ਗਿਆ ਸੀ ਜ਼ਹਿਰੀਲਾ ਰਸਾਇਣਕ ਪਦਾਰਥ : ਮਲੇਸ਼ੀਆ ਪੁਲੀਸ

ਕੁਆਲਾਲੰਪੁਰ, 24 ਫਰਵਰੀ (ਸ.ਬ.) ਮਲੇਸ਼ੀਆਈ ਪੁਲੀਸ ਨੇ ਜਾਣਕਾਰੀ ਦਿੱਤੀ ਹੈ ਕਿ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੇ ਮਤਰੇਏ ਭਰਾ ਕਿਮ ਜੋਂਗ ਨਾਮ ਦੀ ਹੱਤਿਆ ਰਸਾਇਣਕ ਯੁੱਧ ਲਈ ਤਿਆਰ ਕੀਤੇ ਗਏ ਖਤਰਨਾਕ ਰਸਾਇਣ ‘ਨਰਵ ਏਜੰਟ’ ਨਾਲ ਕੀਤੀ ਗਈ| ਕੁਆਲੰਲਪੁਰ ਹਵਾਈ ਅੱਡੇ ਤੇ ਕਿਮ ਜੋਂਗ ਨਾਮ ਦੀ ਹੱਤਿਆ ਦੇ ਮਾਮਲੇ ਵਿੱਚ ਟਾਕਿਸਕੋਲਾਜੀ ਦੀ ਸ਼ੁਰੂਆਤੀ ਰਿਪੋਰਟ ਜਾਰੀ ਕਰਦੇ ਹੋਏ ਪੁਲੀਸ ਨੇ ਕਿਹਾ ਕਿ ਕਾਤਲਾਂ ਨੇ ਜਿਸ ਜ਼ਹਿਰ ਦੀ ਵਰਤੋਂ ਕੀਤੀ ਸੀ, ਉਹ ਖੁਸ਼ਬੂ ਰਹਿਤ, ਸਵਾਦ ਰਹਿਤ ਅਤੇ ਬਹੁਤ ਖਤਰਨਾਕ ਨਰਵ ਏਜੰਟ ‘ਵੀ-ਐਕਸ’ ਸੀ|
ਇਸ ਦਾ ਕੁੱਝ ਹਿੱਸਾ ਕਿਮ ਦੀਆਂ ਅੱਖਾਂ ਅਤੇ ਚਿਹਰੇ ਤੋਂ ਮਿਲਿਆ| ਇਸ ਦੇ ਤਤਕਾਲ ਮਗਰੋਂ ਕਿਮ ਹਵਾਈ ਅੱਡੇ ਦੇ ਕਰਮਚਾਰੀਆਂ ਤੋਂ ਮਦਦ ਮੰਗਦੇ ਨਜ਼ਰ ਆਏ, ਜਿਨ੍ਹਾਂ ਨੇ ਉਨ੍ਹਾਂ ਨੂੰ ਕਲੀਨਕ ਤਕ ਪਹੁੰਚਾਇਆ| ਕਿਮ ਰਾਹ ਵਿੱਚ ਹੀ ਬੇਹੋਸ਼ ਹੋ ਗਏ ਸਨ ਅਤੇ ਜਦੋਂ ਹਸਪਤਾਲ ਪੁੱਜੇ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ| ਜਾਂਚ ਦੌਰਾਨ ਅਧਿਕਾਰੀਆਂ ਨੂੰ ਇਹ ਗੱਲ ਖਾਸ ਲੱਗੀ ਕਿ ਕਿਮ ਦੇ ਚਿਹਰੇ ਤੇ ਜ਼ਹਿਰ ਮਲਿਆ ਹੋਇਆ ਸੀ| ਇਸ ਮਾਮਲੇ ਵਿੱਚ 3 ਵਿਅਕਤੀ ਹਿਰਾਸਤ ਵਿੱਚ ਲਏ ਗਏ ਹਨ ਅਤੇ ਹੋਰ 7 ਵਿਅਕਤੀਆਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ| ਫੜੇ ਗਏ ਵਿਅਕਤੀਆਂ ਵਿੱਚ ਇਕ ਔਰਤ ਵੀਅਤਨਾਮ , ਦੂਜੀ ਇੰਡੋਨੇਸ਼ੀਆ ਅਤੇ ਇਕ Tੁੱਤਰੀ ਕੋਰੀਆ ਦਾ ਵਿਅਕਤੀ ਹੈ|   ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੇ ਕਿਮ ਜੋਂਗ ਨਾਮ ਦੇ ਕਤਲ ਦੇ ਮਾਮਲੇ ਵਿੱਚ 10 ਦਿਨਾਂ ਮਗਰੋਂ ਚੁੱਪ ਤੋੜੀ ਹੈ| ਉਨ੍ਹਾਂ ਕਿਹਾ ਕਿ ਕੁਆਲਾਲੰਪੁਰ ਇਸ ਮਾਮਲੇ ਨੂੰ ‘ਗਲਤ ਤਰੀਕੇ’ ਨਾਲ ਹੱਲ ਕਰ ਰਿਹਾ ਹੈ ਅਤੇ ਕਿਮ ਜੋਂਗ ਨਾਮ ਦੇ ਮ੍ਰਿਤਕ ਸਰੀਰ ਨਾਲ ਰਾਜਨੀਤੀ ਖੇਡ ਰਿਹਾ ਹੈ| ਖਬਰਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਮਲੇਸ਼ੀਆ ਅਤੇ ਦੱਖਣੀ ਕੋਰੀਆ ਮਿਲ ਕੇ ਸਾਜਸ਼ਾਂ ਰਚ ਰਹੇ ਹਨ| ਉੱਤਰੀ ਕੋਰੀਆ ਨੇ ਕਿਮ ਜੋਂਗ ਨਾਮ ਦੀ ਲਾਸ਼ ਨਾ ਦੇਣ ਤੇ ਵੀ ਮਲੇਸ਼ੀਆ ਦੀ ਆਲੋਚਨਾ ਕੀਤੀ ਹੈ| ਖਾਸ ਗੱਲ ਇਹ ਹੈ ਕਿ ਉੱਤਰੀ ਕੋਰੀਆ ਨੇ ਇਕ ਵਾਰ ਵੀ ਕਿਮ ਜੋਂਗ ਨਾਮ ਨੂੰ ਮਤਰੇਏ ਭਰਾ ਦੇ ਤੌਰ ਤੇ ਖਬਰ ਨਹੀਂ ਦਿੱਤੀ| ਉਸ ਨੂੰ ਉੱਤਰੀ ਕੋਰੀਆ ਦਾ ਡਿਪਲੋਮੈਟਿਕ ਪਾਸਪੋਰਟ ਧਾਰਕ ਨਾਗਰਿਕ ਹੀ ਦੱਸਿਆ ਗਿਆ ਹੈ|

Leave a Reply

Your email address will not be published. Required fields are marked *