ਕਿਰਤੀਆਂ ਦੀ ਹਾਲਤ ਵਿੱਚ ਕਦੋਂ ਹੋਵੇਗਾ ਸੁਧਾਰ

ਕੇਂਦਰ ਅਤੇ ਰਾਜ ਸਰਕਾਰਾਂ ਦੇ ਤਮਾਮ ਦਾਅਵਿਆਂ ਦੇ ਬਾਵਜੂਦ ਦੇਸ਼ ਭਰ ਵਿੱਚ ਹਰ ਤਰ੍ਹਾਂ ਦਾ ਕੰਮ ਕਰਨ ਵਾਲੇ ਕਿਰਤੀਆਂ, ਮਜਦੂਰਾਂ ਦੀ ਹਾਲਤ ਚਿੰਤਾਜਨਕ ਹੈ| ਕੇਂਦਰ ਅਤੇ ਰਾਜ ਸਰਕਾਰ ਦੇ ਕਿਰਤ ਵਿਭਾਗਾਂ ਤੋਂ ਇਲਾਵਾ ਕਈ ਹੋਰ ਸੰਸਥਾਵਾਂ ਕਿਰਤੀਆਂ ਮਜਦੂਰਾਂ ਦੀ ਭਲਾਈ ਲਈ ਕੰਮ ਕਰ ਰਹੀਆਂ ਹਨ ਪਰੰਤੂ ਇਸਦੇ ਬਾਵਜੂਦ ਮਜਦੂਰ ਵਰਗ ਦੇ ਇਹ ਵਿਅਕਤੀ ਸਰਕਾਰੀ ਅਤੇ ਗੈਰਸਰਕਾਰੀ ਸਹੂਲਤਾਂ ਦਾ ਲਾਭ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ|
ਇਹ ਮਜਦੂਰ ਸਖਤ ਮਿਹਨਤ ਕਰਦੇ ਹਨ ਅਤੇ ਇਸ ਸਖਤ ਮਿਹਨਤ ਦੇ ਬਦਲੇ ਉਹਨਾਂ ਨੂੰ ਜਿਹੜੀ ਉਜਰਤ (ਦਿਹਾੜੀ) ਮਿਲਦੀ ਹੈ ਉਸ ਨਾਲ ਉਹਨਾਂ ਦੀਆਂ ਬੁਨਿਆਦੀ ਲੋੜਾਂ ਤਕ ਪੂਰੀਆਂ ਨਹੀਂ ਹੁੰਦੀਆਂ| ਭਖਦੀ ਗਰਮੀ ਦੇ ਮੌਸਮ ਵਿੱਚ ਜਿੱਥੇ ਇਹ ਮਿਸਤਰੀ, ਮਜਦੂਰ ਧੁੱਪ ਵਿਚ ਖੜ ਕੇ ਹੀ ਕੰਮ ਕਰਨ ਲਈ ਮਜਬੂਰ ਹੁੰਦੇ ਹਨ ਉੱਥੇ ਹੱਡਾਂ ਨੂੰ ਜਮਾਉਣ ਵਾਲੀ ਸਰਦੀ ਵਿੱਚ ਵੀ ਇਹਨਾਂ ਕਿਰਤੀਆਂ ਨੂੰ ਖੁੱਲੇ ਵਿੱਚ ਹੀ ਕੰਮ ਕਰਨਾ ਪੈਂਦਾ ਹੈ| ਇਹਨਾਂ ਕਿਰਤੀਆਂ ਮਜਦੂਰਾਂ ਦੀ ਭਲਾਈ ਲਈ ਕੰਮ ਕਰਨ ਵਾਲੇ ਵਿਭਾਗਾਂ ਅਤੇ ਹੋਰਨਾਂ ਭਲਾਈ ਸੰਸਥਾਵਾਂ ਦੇ ਅਧਿਕਾਰੀ, ਕਰਮਚਾਰੀ ਏ ਸੀ ਦਫਤਰਾਂ ਵਿੱਚ ਬੈਠ ਕੇ ਨੀਤੀਆਂ ਬਣਾਉਂਦੇ ਰਹਿੰਦੇ ਹਨ ਜਿਹਨਾਂ ਦਾ ਲਾਭ ਇਹਨਾਂ ਕਿਰਤੀਆਂ ਤਕ ਘੱਟ ਹੀ ਪਹੁੰਚਦਾ ਹੈ|
ਕੁੱਝ ਅਜਿਹੀ ਹੀ ਹਾਲਤ ਨਿੱਜੀ ਕੰਪਨੀਆਂ ਜਾਂ ਅਦਾਰਿਆਂ ਵਿੱਚ ਕੰਮ ਕਰਦੇ ਮੁਲਾਜਮਾਂ ਦੀ ਵੀ ਹੈ ਜਿਹਨਾਂ ਵਿੱਚੋਂ ਜਿਆਦਾਤਰ ਨੂੰ ਔਸਤਨ ਘੱਟ ਤਨਖਾਹ ਤੇ ਕੰਮ ਕਰਨਾ ਪੈਂਦਾ ਹੈ| ਫੈਕਟਰੀਆਂ ਤੇ ਉਦਯੋਗਾਂ ਵਿੱਚ ਕੰਮ ਕਰਦੇ ਕਿਰਤੀਆਂ ਦਾ ਹਾਲ ਵੀ ਅਜਿਹਾ ਹੀ ਹੈ ਜਿੱਥੇ ਕਈ ਵਾਰ ਮਾਲਕ ਇਹਨਾਂ ਮੁਲਾਜਮਾਂ ਨਾਲ ਦੁਰਵਿਵਹਾਰ ਵੀ ਕਰਦੇ ਹਨ| ਕੁੱਝ ਅਜਿਹਾ ਹੀ ਹਾਲ ਨਿੱਜੀ ਸਕੂਲਾਂ ਕਾਲਜਾਂ ਦਾ ਵੀ ਹੈ ਜਿੱਥੇ ਕੰਮ ਕਰਦੇ ਮੁਲਾਜਮਾਂ ਤੇ ਅਧਿਆਪਕਾਂ ਨੂੰਘੱਟ ਤਨਖਾਹ ਤੇ ਕੰਮ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ| ਕੁੱਝ ਨਿੱਜੀ ਸਕੂਲ ਕਾਲੇਜ ਤਾਂ ਅਜਿਹੇ ਵੀ ਹਨ ਜਿਹਨਾਂ ਵਿੱਚ ਕਰਮਚਾਰੀਆਂ ਨੂੰ ਤਨਖਾਹ ਦੇ ਚੈਕ ਤਾਂ ਸਰਕਾਰ ਵਲੋਂ ਨਿਰਧਾਰਿਤ ਸਕੇਲ ਅਨੁਸਾਰ ਹੀ ਦਿੱਤੇ ਜਾਂਦੇ ਹਨ ਪਰ ਇਹਨਾਂ ਮੁਲਾਜਮਾਂ ਤੇ ਅਧਿਆਪਕਾਂ ਤੋਂ ਉਹਨਾਂ ਨੂੰ ਦਿੱਤੀ ਜਾਂਦੀ ਅਸਲ ਤਨਖਾਹ ਤੋਂ ਵੱਧ ਦੀ ਰਕਮ ਚੈਕ ਦੇਣ ਵੇਲੇ ਉਸੇ ਸਮੇਂ ਹੀ ਨਗਦੀ ਦੇ ਰੂਪ ਵਿਚ ਵਾਪਸ ਲੈ ਲਈ ਜਾਂਦੀ ਹੈ| ਅਜਿਹਾ ਕਰਕੇ ਸਕੂਲਾਂ ਕਾਲਜਾਂ ਦੇ ਮਾਲਕ ਕਾਗਜਾਂ ਵਿੱਚ ਆਪਣੇ ਮੁਲਾਜਮਾਂ ਨੂੰ ਸਰਕਾਰ ਵਲੋਂ ਨਿਰਧਾਰਿਤ ਤਨਖਾਹ ਦੇਣ ਦਾ ਰਿਕਾਰਡ ਬਣਾ ਕੇ ਰਖਦੇ ਹਨ| ਜੇਕਰ ਕੋਈ ਮੁਲਾਜਮ ਆਪਣੇ ਨਾਲ ਹੋ ਰਹੇ ਇਸ ਬਾਰੇ ਕੁਝ ਬੋਲਦਾ ਹੈ ਤਾਂ ਉਸ ਨੂੰ ਨੌਕਰੀ ਤੋਂ ਕੱਢ ਦੇਣ ਦੀ ਧਮਕੀ ਦਿੱਤੀ ਜਾਂਦੀ ਹੈ, ਜਿਸ ਕਰਕੇ ਇਹ ਮੁਲਾਜਮ ਚੁੱਪਚਾਪ ਕੰਮ ਕਰਨ ਲਈ ਮਜਬੂਰ ਹੁੰਦੇ ਹਨ|
ਇਸ ਸਾਰੇ ਕੁੱਝ ਦਾ ਕਾਰਨ ਦੇਸ਼ ਵਿੱਚ ਲਗਾਤਾਰ ਘੱਟਦੇ ਰੁਜਗਾਰ ਵੀ ਹਨ| ਅੱਜ ਕਲ ਕੋਈ ਵੀ ਨੌਕਰੀ, ਕੋਈ ਵੀ ਕੰਮ ਲੱਭਣਾ ਬਹੁਤ ਮੁਸ਼ਕਿਲ ਹੋ ਗਿਆ ਹੈ| ਕੇਂਦਰ ਅਤੇ ਰਾਜ ਸਰਕਾਰਾਂ ਦੀ ਨੀਤੀਆਂ ਹੀ ਅਜਿਹੀਆਂ ਹਨ ਕਿ ਹਰ ਵਰਗ ਦੇ ਪੜ੍ਹੇ ਲਿਖੇ ਨੌਜਵਾਨ ਵਿਹਲੇ ਫਿਰਦੇ ਹਨ, ਜਿਹਨਾਂ ਨੂੰ ਨਾ ਤਾਂ ਕੋਈ ਨੌਕਰੀ ਮਿਲ ਰਹੀ ਹੈ ਅਤੇ ਨਾ ਹੀ ਉਹ ਕੋਈ ਕੰਮ ਧੰਦਾ ਕਰ ਸਕਦੇ ਹਨ| ਜੇ ਉਹ ਕਿਸੇ ਕੰਪਨੀ, ਉਦਯੋਗ ਵਿੱਚ ਕੰਮ ਕਰਨ ਲੱਗਦੇ ਹਨ ਤਾਂ ਪਹਿਲਾਂ ਤਾਂ ਦੋ ਤਿੰਨ ਮਹੀਨੇ ਉਹਨਾਂ ਨੂੰ ਟ੍ਰੇਨਿੰਗ ਲੈਣੀ ਪੈਂਦੀ ਹੈ ਅਤੇ ਜਦੋਂ ਉਹਨਾਂ ਦੀ ਟ੍ਰੇਨਿੰਗ ਖਤਮ ਹੁੰਦੀ ਹੈ ਤਾਂ ਵੀ ਉਹਨਾਂ ਨੂੰ ਜਿਹੜੀ ਤਨਖਾਹ ਮਿਲਦੀ ਹੈ ਉਹ ਵੀ ਪੂਰੀ ਨਹੀਂ
ਪੈਂਦੀ ਹੈ|
ਕਿਰਤੀਆਂ ਦੀ ਇਹ ਆਮ ਸ਼ਿਕਾਇਤ ਹੈ ਕਿ ਦੇਸ਼ ਭਰ ਵਿੱਚ ਠੇਕੇਦਾਰਾਂ, ਪੂੰਜੀਪਤੀਆਂ ਅਤੇ ਨਿੱਜੀ ਅਦਾਰਿਆਂ ਵਲੋਂ ਕਿਰਤੀ ਵਰਗ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਨੂੰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਤਕ ਮੁਹਈਆ ਨਹੀਂ ਹੁੰਦੀਆਂ| ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਕਿਰਤੀਆਂ ਮਜਦੂਰਾਂ ਦੀ ਹਾਲਤ ਹੋਰ ਵੀ ਮਾੜੀ ਹੈ| ਇਹਨਾਂ ਫੈਕਟਰੀਆਂ ਵਿੱਚ ਭਰ ਗਰਮੀ ਵਿੱਚ ਵੀ ਕਿਰਤੀਆਂ ਮਜਦੂਰਾਂ ਨੂੰ ਅੱਗ ਵਾਲੀ ਭੱਠੀ ਨੇੜੇ ਕੰਮ ਕਰਨਾ ਪੈਂਦਾ ਹੈ, ਇਹਨਾਂ ਦੀ ਸੁਰਖਿਆ ਲਈ ਸਹੀ ਤਰੀਕੇ ਨਾਲ ਪ੍ਰਬੰਧ ਵੀ ਨਹੀਂ ਕੀਤੇ ਜਾਂਦੇ, ਜਿਸ ਕਾਰਨ ਅਕਸਰ ਹੀ ਹਾਦਸੇ ਵਾਪਰ ਜਾਂਦੇ ਹਨ|
ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਹਰ ਤਰ੍ਹਾਂ ਦਾ ਕੰਮ ਧੰਦਾ ਕਰਨ ਵਾਲੇ ਕਿਰਤੀਆਂ, ਮਜਦੂਰਾਂ ਦੇ ਹਿਤਾਂ ਦੀ ਰਾਖੀ ਲਈ ਲੋੜੀਂਦੇ ਕਦਮ ਚੁੱਕੇ ਅਤੇ ਸੰਵੇਦਨਸ਼ੀਲ ਥਾਵਾਂ ਤੇ ਕੰਮ ਕਰਨ ਵਾਲੇ ਕਿਰਤੀਆਂ ਦੀ ਸੁਰਖਿਆ ਦੇ ਪੂਰੇ ਪ੍ਰਬੰਧ ਕੀਤੇ ਜਾਣ ਤਾਂ ਜੋ ਕਿਰਤੀਆਂ ਦੀ ਹਾਲਤ ਵਿੱਚ ਸੁਧਾਰ ਹੋਵੇ ਅਤੇ ਉਹ ਵੀ ਸਨਮਾਨਜਨਕ ਢੰਗ ਨਾਲ ਜਿੰਦਗੀ ਜੀ ਸਕਣ|

Leave a Reply

Your email address will not be published. Required fields are marked *