ਕਿਰਤੀ ਕਾਮਿਆਂ ਦਾ ਸੂਬੇ ਦੀ ਤਰੱਕੀ ਵਿੱਚ ਵੱਡਾ ਯੋਗਦਾਨ : ਸਿੱਧੂ

ਐਸ.ਏ.ਐਸ. ਨਗਰ, 24 ਅਪ੍ਰੈਲ (ਸ.ਬ.) ਕਿਰਤੀ ਕਾਮਿਆਂ ਦਾ ਪੰਜਾਬ ਦੀ ਤਰੱਕੀ ਅਤੇ ਉਸਾਰੂ ਕੰਮਾਂ ਵਿੱਚ ਬਹੁਤ ਵੱਡਾ ਯੋਗਦਾਨ ਹੈ ਅਤੇ ਕਿਰਤੀ ਕਾਮਿਆਂ ਦੇ ਨਾਲ ਨਾਲ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਵੀ ਪੂਰੀ ਵਾਹ ਲਾਉਣਗੇ ਤਾਂ ਜੋ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇ| ਇਹ ਗੱਲ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਅਤੇ ਕਿਰਤ ਮੰਤਰੀ, ਪੰਜਾਬ ਸ੍ਰ. ਬਲਬੀਰ ਸਿੰਘ ਸਿੱਧੂ ਨੇ ਅੱਜ ਹਲਕੇ ਦੇ ਲੋਕਾਂ ਤੋਂ ਆਪਣੇ ਗ੍ਰਹਿ ਵਿਖੇ ਵਧਾਈਆਂ ਕਬੂਲਦਿਆਂ ਵਿਸ਼ੇਸ਼ ਗੱਲਬਾਤ ਦੌਰਾਨ ਆਖੀ| ਸ੍ਰ. ਸਿੱਧੂ ਨੂੰ ਕੈਬਨਿਟ ਮੰਤਰੀ ਬਣਨ ‘ਤੇ ਵਧਾਈਆਂ ਦੇਣ ਦਾ ਅੱਜ ਵੀ ਲੋਕਾਂ ਦਾ ਤਾਂਤਾ ਲੱਗਿਆ ਹੋਇਆ ਸੀ|
ਸ. ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਦੇ ਨਾਲ-ਨਾਲ ਕਿਰਤ ਵਿਭਾਗ ਦਾ ਮੰਤਰੀ ਬਣਾ ਕੇ ਇੱਕ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ ਕਿਉਂਕਿ ਇਹ ਦੋਵੇਂ ਵਿਭਾਗ ਹੇਠਲੇ ਪੱਧਰ ਤੱਕ ਪੰਜਾਬ ਦੇ ਲੋਕਾਂ ਨਾਲ ਜੁੜੇ ਹੋਏ ਹਨ| ਉਨ੍ਹਾਂ ਕਿਹਾ ਕਿ ਉਹ ਖ਼ੁਦ ਇੱਕ ਕਿਸਾਨ ਹੋਣ ਦੇ ਨਾਤੇ ਕਿਸਾਨਾਂ ਦੀਆਂ ਮੁਸ਼ਕਲਾਂ, ਉਨ੍ਹਾਂ ਦੀ ਆਰਥਿਕ ਮੰਦਹਾਲੀ ਦੇ ਕਾਰਨਾਂ ਅਤੇ ਕਿਰਤੀ ਕਾਮਿਆਂ ਦੀਆਂ ਲੋੜਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ| ਸ. ਸਿੱਧੂ ਨੇ ਕਿਹਾ ਕਿ ਕਿਰਤੀ ਕਾਮਿਆਂ ਨੂੰ ਮੁੱਢਲੀਆਂ ਸਹੂਲਤਾਂ ਉਪਲੱਬਧ ਕਰਵਾਉਣਾ ਉਨ੍ਹਾਂ ਦੀ ਪਹਿਲੀ ਜ਼ਿੰਮੇਵਾਰੀ ਹੋਵੇਗੀ|
ਪੰਜਾਬ ਵਿੱਚ ਡੇਅਰੀ ਧੰਦੇ ਦੀ ਪ੍ਰਫੁੱਲਤਾ ਦੀਆਂ ਸੰਭਾਵਨਾਵਾਂ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਡੇਅਰੀ ਧੰਦਾ ਹੀ ਇੱਕ ਅਜਿਹਾ ਧੰਦਾ ਹੈ, ਜਿਸ ਨੂੰ ਕਿਰਸਾਨੀ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ ਅਤੇ ਡੇਅਰੀ ਧੰਦੇ ਦੇ ਵਿਕਾਸ ਸਬੰਧੀ ਪੰਜਾਬ ਵਿੱਚ ਵੱਡੀਆਂ ਸੰਭਾਵਨਾਵਾਂ ਮੌਜੂਦ ਹਨ| ਇਸ ਲਈ ਕਿਸਾਨਾਂ ਨੂੰ ਡੇਅਰੀ ਵਿਕਾਸ ਵਾਸਤੇ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਹਰੇਕ ਕਿਸਾਨ ਖੇਤੀਬਾੜੀ ਦੇ ਨਾਲ-ਨਾਲ ਡੇਅਰੀ ਧੰਦੇ ਨੂੰ ਅਪਣਾ ਕੇ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰ ਸਕੇ| ਉਨ੍ਹਾਂ ਕਿਹਾ ਕਿ ਸਾਡੀ ਰਵਾਇਤੀ ਖੇਤੀ ਹੁਣ ਲਾਹੇਵੰਦ ਨਹੀਂ ਰਹੀ ਪਰੰਤੂ ਫਿਰ ਵੀ ਕਿਸਾਨਾਂ ਨੂੰ ਲਾਹੇਵੰਦ ਖੇਤੀ ਲਈ ਫਸਲੀ ਵਿਭਿੰਨਤਾ ਅਪਣਾਉਣ ਦੇ ਨਾਲ-ਨਾਲ ਸਹਾਇਕ ਧੰਦੇ ਅਪਨਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ| ਇਸ ਮੌਕੇ ਕੈਬਨਿਟ ਮੰਤਰੀ ਬਣਨ ਤੇ ਵਧਾਈਆਂ ਦੇਣ ਲਈ ਪੁੱਜੇ ਹਲਕੇ ਦੇ ਲੋਕਾਂ ਦਾ ਸਵਾਗਤ ਕਰਦਿਆਂ ਉਹਨਾਂ ਕਿਹਾ, ਕਿ ਉਹਨਾਂ ਨੂੰ ਹਲਕੇ ਦੇ ਲੋਕਾਂ ਤੇ ਮਾਣ ਹੈ, ਜਿਨ੍ਹਾਂ ਨੇ ਮੈਨੂੰ ਤੀਜੀ ਵਾਰ ਵਿਧਾਇਕ ਚੁਣਿਆ, ਜਿਸ ਦੀ ਬਦੌਲਤ ਮੈਨੂੰ ਕੈਬਨਿਟ ਮੰਤਰੀ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ’| ਉਨ੍ਹਾਂ ਹੋਰ ਕਿਹਾ ਕਿ ਉਹ ਹਲਕਾ ਐਸ.ਏ.ਐਸ. ਨਗਰ ਨੂੰ ਵਿਕਾਸ ਪੱਖੋਂ ਮੋਹਰੀ ਹਲਕਾ ਹੀ ਨਹੀਂ ਬਣਾਉਣਗੇ ਸਗੋਂ ਪੰਜਾਬ ਵਿੱਚ ਇੱਕ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ|
ਇਸ ਮੌਕੇ ਸ. ਸਿੱਧੂ ਦੇ ਸਿਆਸੀ ਸਲਾਹਕਾਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਐਡਵੋਕੇਟ ਕਮਰਵੀਰ ਸਿੰਘ ਸਿੱਧੂ, ਕੌਂਸਲਰ ਨਰਾਇਣ ਸਿੰਘ ਸਿੱਧੂ, ਨਛੱਤਰ ਸਿੰਘ, ਗੁਰਚਰਨ ਸਿੰਘ ਭਮਰਾ, ਜੀ.ਐਸ.ਰਿਆੜ ਸਮੇਤ ਵੱਡੀ ਗਿਣਤੀ ਵਿੱਚ ਹਲਕੇ ਦੇ ਲੋਕ ਪੁੱਜੇ ਹੋਏ ਸਨ|

Leave a Reply

Your email address will not be published. Required fields are marked *