ਕਿਰਤ ਮੰਤਰੀ ਵਲੋਂ ਕਿਰਤ ਵਿਭਾਗ ਦੀਆਂ ਖਾਲੀ ਪੋਸਟਾਂ ਫੌਰੀ ਭਰਨ ਦੀ ਤਜਵੀਜ਼ ਦਾ ਸੀਟੂ ਵਲੋਂ ਸਵਾਗਤ

ਐਸ ਏ ਐਸ ਨਗਰ, 31 ਅਕਤੂਬਰ (ਸ.ਬ.) ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੁਨਾਥ ਸਿੰਘ ਨੇ ਅੱਜ ਇੱਥੇ ਜਾਰੀ ਬਿਆਨ ਵਿੱਚ ਪੰਜਾਬ ਦੇ ਕਿਰਤ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਵਲੋਂ 25 ਕਿਰਤ ਇਨਸਪੈਕਟਰ ਭਰਤੀ ਕਰਨ ਸਬੰਧੀ ਦਿੱਤੇ ਬਿਆਨ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਕਿਰਤ ਮੰਤਰੀ ਵਲੋਂ ਦਿੱਤੇ ਇਸ ਬਿਆਨ ਨੇ ਸੀਟੂ ਵਲੋਂ ਵਾਰ-ਵਾਰ ਕੀਤੀ ਜਾ ਰਹੀ ਮੰਗ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਕਿਰਤ ਵਿਭਾਗ ਦੀ ਮਜ਼ਬੂਤੀ ਅਤੇ ਇਸਦਾ ਵਿਸਥਾਰ ਕੀਤੇ ਬਗੈਰ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਕਿਰਤ ਭਲਾਈ ਸਕੀਮਾਂ, ਕਿਰਤ ਕਾਨੂੰਨਾਂ ਅਤੇ ਸਨਅਤੀ ਅਦਾਰਿਆਂ ਅੰਦਰ ਕਿਰਤੀਆਂ ਦੀ ਸੁਰਖਿਆ ਲਈ ਬਣਾਏ ਕਾਨੂੰਨਾਂ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ|
ਸ੍ਰ. ਰਘੁਨਾਥ ਸਿੰਘ ਨੇ ਕਿਹਾ ਕਿ ਕਿਰਤ ਵਿਭਾਗ ਵਿੱਚ ਵੱਡੀ ਗਿਣਤੀ ਵਿੱਚ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਪੋਸਟਾਂ ਖਾਲੀ ਹੋਣ ਅਤੇ ਕਿਰਤ ਵਿਭਾਗ ਦਾ ਬੁਨਿਆਦੀ ਢਾਂਚਾ ਕਮਜ਼ੋਰ ਹੋਣ ਕਾਰਣ ਹੀ ਉਸਾਰੀ ਮਜ਼ਦੂਰਾਂ ਦੀ ਰਜਿਸਟਰੇਸ਼ਨ ਕਰਨ, ਰਜਿਸਟਰੇਸ਼ਨ ਨਵਿਆਉਣ ਅਤੇ ਵਿੱਤੀ ਸਹੂਲਤਾਂ ਦੇਣ ਦੇ ਹਜਾਰਾਂ ਕੇਸ ਪੈਡਿੰਗ ਪਏ ਹਨ ਅਤੇ ਇਸ ਕਾਰਣ ਪੂੰਜੀਪਤੀਆਂ ਵਲੋਂ ਕਿਰਤ ਕਾਨੂੰਨਾਂ ਦੀਆਂ ਧੱਜੀਆਂ ਉਡਾ ਕੇ ਮਜ਼ਦੂਰਾਂ ਦਾ ਸ਼ੋਸਣ ਕੀਤਾ ਜਾ ਰਿਹਾ ਹੈ| ਉਹਨਾਂ ਮੰਗ ਕੀਤੀ ਕਿ ਕਿਰਤ ਵਿਭਾਗ ਨੂੰ ਮਜ਼ਬੂਤ ਕਰਨ ਅਤੇ ਇਸਦਾ ਬਲਾਕ ਪੱਧਰ ਤੱਕ ਵਿਸਥਾਰ ਕਰਨ ਲਈ ਤੁਰੰਤ ਕਦਮ ਚੁੱਕੇ ਜਾਣ|

Leave a Reply

Your email address will not be published. Required fields are marked *